ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/140

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਸਮਝ ਗਿਆ ਬੱਦਲਾਂ ਦੀ ਬਿਜਲੀ ਟੈਲੀਵਿਜ਼ਨ ਦੇ ਐਂਟੀਨੇ ਰਾਹੀ ਚਾਰਜ ਹੋ ਗਈ। ਟੈਲੀਵਿਜ਼ਨ ਵੀ ਸੜਿਆ ਪਿਆ ਸੀ। ਕੰਧਾਂ ਹਿੱਲ ਗਈਆਂ। ਜਿਹੜੀ ਕੰਧ 'ਤੇ ਐਂਟੀਨਾ ਸੀ, ਉਹੀ ਬਹੁਤ ਪਾਟੀ ਹੋਈ ਸੀ, ਨਾਲ ਲੱਗਦੀਆਂ ਦੋ ਕੰਧਾਂ ਘੱਟ! ਚੌਥੀ ਕੰਧ ਵਿੱਚ ਕੋਈ ਤਰੇੜ ਨਹੀਂ ਸੀ। ਮੈਂ ਉਹਦੇ ਮੂੰਹ ਵੱਲ ਝਾਕਣ ਲੱਗਿਆ। ਮੂੰਹੋਂ ਕੁਝ ਨਹੀਂ ਬੋਲਿਆ। ਉਹੀ ਬੋਲਿਆ, 'ਓਏ ਵੱਡਿਆ ਕਾਮਰੇਡਾ, ਦੀਂਹਦਾ ਨੀ ਏਸ ਕੰਧ 'ਤੇ ਸੰਤਾਂ ਦੀ ਫੋਟੋ ਲੱਗੀ ਹੋਈ ਐ, ਜੋਗੀਪੁਰ ਆਲਿਆਂ ਦੀ। ਕੀ ਕਰਦੀ ਬਿਜਲੀ?'

ਅਸੀਂ ਬੈਠਕ ਤੋਂ ਬਾਹਰ ਆ ਗਏ। ਉਹ ਆਖ ਰਿਹਾ ਸੀ-ਹੁਣ ਤਾਂ ਮੰਨੇਗਾ ਨਾ ਕਿ ਕਰਾਂ ਤੇਰਾ ਕੱਦੁ-ਕੱਸ?'

ਮੈਂ ਕੁਝ ਨਹੀਂ ਬੋਲਿਆ, ਚੁੱਪ ਵੱਟ ਲਈ। ਅਸਲ ਵਿੱਚ ਜਦੋਂ ਤੋਂ ਬਿੱਲੂ ਨਹੀਂ ਰਿਹਾ ਸੀ, ਮੈਂ ਉਹਦੇ ਨਾਲ ਕਿਸੇ ਬਹਿਸ ਵਿੱਚ ਨਹੀਂ ਪੈਂਦਾ ਸੀ। ਜੋ ਉਹ ਕਹਿੰਦਾ, ਮੈਂ ਮੰਨ ਲੈਂਦਾ। ਉਹਦੇ ਅੰਦਰਲੇ ਦੁੱਖ ਸਾਹਮਣੇ ਬਹਿਸਾਂ ਨਿਗੁਣੀਆਂ ਸਨ, ਪਰ ਉਹ ਜਿਵੇਂ ਸਭ ਭੁੱਲ ਗਿਆ ਹੋਵੇ। ਉਹੀ ਮੜਕ, ਗੱਲ ਕਰਨ ਦਾ ਉਹੀ ਮਜ਼ਾਕੀਆ ਅੰਦਾਜ਼। ਕੀ ਹਾਲ ਐ?' ਚੜ੍ਹਦੀ ਕਲਾ।

ਕੁੱਕੜ ਦੀ ਬਹੂ ਕੋਲ ਦੂਜਾ ਮੁੰਡਾ ਹੋ ਗਿਆ। ਜੰਗ ਆਖਦਾ ਹੁੰਦਾ- ਮੈਂ ਕੱਲਾ ਸੀ, ਮੇਰੇ ਗਾਹਾਂ ਦੋ ਸੀ। ਹੁਣ ਇਹ ਤਿੰਨ ਹੋ ਗੇ। ਬੰਦਿਆਂ ਕੰਨੀਓਂ ਤਾਂ ਨੂੰ ਮਾਰ ਖਾਂਦੇ।

ਕੁੱਕੜ ਦਾ ਦੂਜਾ ਮੁੰਡਾ ਦੋ ਵਰ੍ਹਿਆਂ ਦਾ ਸੀ, ਜਦੋਂ ਭਾਣਾ ਵਰਤਿਆ। ਜੰਗ ਬਹਾਦਰ ਜਮਾ ਟੁੱਟ ਗਿਆ। ਅੰਦਰੋਂ ਵੀ ਤੇ ਬਾਹਰੋਂ ਵੀ। ਉਹਦੇ ਗੋਡੇ ਖੜ੍ਹ ਗਏ। ਲੱਤਾਂ ਭਾਰ ਨਾ ਝੱਲਦੀਆਂ। ਮਸ਼ਾਂ ਤੁਰਦਾ।

ਕੁੱਕੜ ਦੀ ਮੌਤ ਤੋਂ ਚਾਰ-ਪੰਜ ਮਹੀਨਿਆਂ ਬਾਅਦ ਸਾਡਾ ਇੱਕ ਪੁਰਾਣਾ ਦੋਸਤ ਇੰਗਲੈਂਡ ਤੋਂ ਆਇਆ। ਮੈਂ ਉਹਨੂੰ ਕੁੱਕੜ ਬਾਰੇ ਦੱਸਿਆ ਤਾਂ ਅਸੀਂ ਦੋਵੇਂ ਜੰਗ ਬਹਾਦਰ ਦੇ ਪਿੰਡ ਗਏ। ਸੋਚਿਆ ਸੀ ਕਿ ਹੁਣ ਤੱਕ ਕੁਝ-ਕੁਝ ਵੱਲ ਹੋ ਗਿਆ ਹੋਵੇਗਾ। ਪਰ ਉਹ ਤਾਂ ਅਸੀਂ ਜਾ ਕੇ ਬੈਠੇ ਤੇ ਉਹਨੇ ਅੱਖਾਂ ਭਰ ਲਈਆਂ। ਉਹਦੇ ਸੰਘ ਵਿਚੋਂ ਮਸਾਂ ਬੋਲ ਨਿਕਲਦਾ ਸੀ। ਅਸੀਂ ਦੋਵੇਂ ਉਹਨੂੰ ਸਮਝਾਉਂਦੇ ਰਹੇ। ਪਰ ਉਹ ਵਾਰ-ਵਾਰ ਇਹੀ ਆਖਦਾ ਜਾ ਰਿਹਾ ਸੀ-'ਇੱਕ ਬੱਸ ਮਰਿਆ ਨੀਂ ਜਾਂਦਾ, ਹੋਰ ਕਸਰ ਕੋਈ ਨੀਂ।'

ਮੈਂ ਉਹਨੂੰ ਸੁਝਾਓ ਦਿੱਤਾ ਕਿ ਉਹ ਆਪਣੇ ਗੋਡਿਆਂ ਦੀ ਦਵਾਈ ਲਵੇ। ਤਾਕਤ ਦੀਆਂ ਗੋਲੀਆਂ ਖਾਇਆ ਕਰੇ। ਸਰੀਰ ਦੀ ਸੰਭਾਲ ਰੱਖੋ ਪਰ ਉਹ ਕਹਿੰਦਾ-ਗਿਆਨ, ਸਰੀਰ ਦਾ ਕੀ ਕਰਨੈਂ ਹੁਣ? ਮੈਂ ਤਾਂ ਕਹਿਨਾ ਛੇਤੀ ਖ਼ਤਮ ਹੋਵੇ ਇਹ। ਜਿੱਥੇ ਉਹ ਦੋਵੇਂ ਨੇ, ਮੈਂ ਵੀ ਜਾ ਬੈਠਾਂ। ਰਲਾਂ ਜਾ ਕੇ ਰਾਹੀਆਂ ਦੇ ਸੰਗ।'

ਉਹਦੀਆਂ ਗੱਲਾਂ ਸਾਹਮਣੇ ਅਸੀਂ ਨਿਰੁੱਤਰ ਬੈਠੇ ਸੀ। ਦਿਲਾਸੇ ਦੇ ਸ਼ਬਦ ਬੇਕਾਰ ਸਾਬਤ ਹੁੰਦੇ ਚਲੇ ਗਏ। ਅਸੀਂ ਉਹਦੀਆਂ ਗਿੱਲੀਆਂ ਅੱਖਾਂ ਛੱਡ ਕੇ ਵਾਪਸ ਆ ਗਏ।

ਸਾਲ ਭਰ ਲੰਘ ਗਿਆ। ਉਹਦੇ ਪਿੰਡ ਜਾਣਾ ਮੈਂ ਕਦੇ ਮੁਨਾਸਬ ਨਾ ਸਮਝਿਆ। ਜੀਅ ਤਾਂ ਬਹੁਤ ਕਰਦਾ ਕਿ ਉਹਨੂੰ ਮਿਲਾਂ। ਗੱਲਾਂ ਕਰਕੇ ਦੁੱਖ ਹੌਲਾ ਹੋ ਜਾਂਦਾ ਹੈ। ਪਰ ਉਹ ਤਾਂ ਅਜਿਹੀਆਂ ਗੱਲਾਂ ਕਰਦਾ ਕਿ ਅੱਗੋਂ ਹਮਦਰਦ ਬੰਦਾ ਮੂੰਹ ਬੰਦ ਕਰ ਲੈਂਦਾ।

ਫੇਰ ਪਤਾ ਲੱਗਿਆ ਕਿ ਉਹ ਹੁਣ ਆਪਣੇ ਪੋਤਿਆਂ ਨੂੰ ਲੈ ਕੇ ਸ਼ਹਿਰ ਆਉਂਦਾ ਹੈ। ਉਹਦੀ ਆਪਣੀ ਜੀਪ ਹੈ। ਡਰਾਈਵਰ ਰੱਖਿਆ ਹੋਇਆ ਹੈ। ਇੱਥੋਂ ਦੇ ਪਬਲਿਕ

140

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ