ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਗਿਆ। ਉਹ ਧਰਤੀ ਤੇ ਪੈਰਾਂ ਭਾਰ ਬੈਠ ਗਈ ਤੇ ਪੁੜਪੜੀਆਂ 'ਤੇ ਹੱਥ ਧਰ ਲਏ। ਮੈਂ ਵੀ ਉਸ ਤੋਂ ਜ਼ਰਾ ਹਟ ਕੇ ਇੱਕ ਪੱਥਰ 'ਤੇ ਬਹਿ ਗਿਆ। ਜ਼ਹਿਰ ਵਰਗੀ ਕੋਈ ਘੱਟ ਅੰਦਰ ਲੰਘਾ ਕੇ ਫੇਰ ਉਸ ਨੇ ਗੱਲ ਦਾ ਰੁਖ਼ ਬਦਲਿਆ।

'ਕਾਲੇ ਵਿੱਚ, ਵੀਰ, ਤੁਹਾਡਾ ਘਰ ਕਿਹੜੇ ਪਾਸੇ ਸੀ?'

'ਚੜ੍ਹਦੇ ਪਾਸੇ। ਦੇਵੀ ਦੇ ਮੰਦਰ ਕੋਲ।'

'ਹੱਛਾ-ਹੱਛਾ! ਹਾਂ, ਉਹ ਇੱਥੋਂ ਹੀ ਘਰ ਹੈ, ਉਸ ਪਾਸੇ ਜਿਸ ਵਿੱਚ ਹੁਣ ਇੱਕ ਰਫ਼ਿਊਜੀ-ਟੱਬਰ ਰਹਿੰਦਾ ਹੈ। ਸਾਡਾ ਘਰ ਵੀ ਉਸੇ ਪਾਸੇ ਹੈ। ਮੈਂ ਅਮਾਮ ਬਖ਼ਸ ਦੀ ਧੀ ਹਾਂ।

'ਅਮਾਮ ਬਖ਼ਸ਼, ਜਿਸ ਕੋਲ ਭੇਡਾਂ ਦਾ ਇੱਜੜ ਹੁੰਦਾ ਸੀ?'

'ਹਾਂ, ਓਹੀ ਵੀਰ।

'ਤੂੰ ਸਦੀਕਾਂ ਤਾਂ ਨਹੀਂ?'

'ਹਾਂ ਵੀਰ, ਮੈਂ ਸਦੀਕਾਂ ਹਾਂ।'

ਤੇ ਅਸੀਂ ਆਪਣੀ-ਆਪਣੀ ਥਾਂ ਤੋਂ ਉੱਠੇ ਤੇ ਨੇੜੇ ਹੋ ਕੇ ਖੜ੍ਹ ਗਏ। ਮੈਂ ਦੱਸਿਆ ਮੈਂ ਦਰਸ਼ਨ ਹਾਂ। ਹੌਲਦਾਰ ਸ਼ਿੰਗਾਰਾ ਸਿੰਘ ਦਾ ਪੁੱਤਰ। ਸ਼ਿੰਗਾਰਾ ਸਿੰਘ ਜਿਹੜਾ ਦੂਜੀ ਵੱਡੀ ਜੰਗ ਵਿੱਚ ਮਾਰਿਆ ਗਿਆ ਸੀ। ਮੇਰਾ ਇੱਕ ਤਾਇਆ ਵੀ ਸੀ, ਸੁਜਾਨ ਸਿੰਘ। ਉਸ ਨੇ ਹੀ ਮੈਨੂੰ ਪਿਆਰ ਦਿੱਤਾ ਸੀ। ਮੈਨੂੰ ਪੜ੍ਹਾਇਆ ਸੀ ਤੇ ਫਿਰ ਆਪਣੇ ਨਾਲ ਹੀ ਸ਼ਹਿਰ ਲੈ ਗਿਆ ਸੀ, ਜਿੱਥੇ ਉਸ ਦੀ ਲੱਕੜਾਂ ਦੀ ਇੱਕ ਵੱਡੀ ਟਾਲ ਸੀ।

'ਤੂੰ ਦਰਸ਼ਨ ਹੈ।' ਸਦੀਕਾਂ ਨੇ ਮੇਰੇ ਦੋਵੇਂ ਹੱਥ ਫੜ ਕੇ ਆਪਣੇ ਕਾਲਜੇ ਨਾਲ ਘੁੱਟੇ ਤੇ ਫਿਰ ਮੇਰੇ ਮੱਥੇ ਤੇ ਪਿਆਰ ਦੇ ਕੇ ਆਖਿਆ-'ਚੱਲ ਅੱਜ ਕਾਲੇ ਨੂੰ। ਇੱਕ ਰਾਤ ਰਹਿ ਆ ਸਾਡੇ ਕੋਲ।'

'ਓਥੇ ਤਾਂ ਮੈਂ ਜਾ ਨਹੀਂ ਸਕਦਾ, ਸਦੀਕਾਂ। ਮੇਰੇ ਵੀਜ਼ੇ ਵਿੱਚ ਲਿਖਿਆ ਹੋਇਆ ਨਹੀਂ। ਹੁਣ ਤਾਂ ਸਰਕਾਰਾਂ ਦੇ ਵੱਸ ਪਏ ਹੋਏ ਹਾਂ।'

ਉਹ ਰੋਣ ਲੱਗੀ...

ਆਪਣੇ ਪਿੰਡ ਕਾਲਾ ਦਾ ਨਾਉਂ ਸੁਣ ਕੇ ਤੇ ਆਪਣੇ ਘਰ ਨੂੰ ਅੱਖਾਂ ਵਿੱਚ ਵਸਾ ਕੇ ਜਿਸ ਵਿੱਚ ਹੁਣ ਕੋਈ ਰਫ਼ਿਊਜੀ ਪਰਿਵਾਰ ਰਹਿੰਦਾ ਸੀ ਤੇ ਸਦੀਕਾਂ ਨਾਲ ਬਚਪਨ ਵਿੱਚ ਖੇਡਣ ਦੀ ਫ਼ਿਲਮ ਯਾਦਾਂ ਦੀ ਸਕਰੀਨ ਤੇ ਚੱਲਦੀ ਦੇਖ ਕੇ ਮੈਂ ਤਾਂ ਗੁਆਚ ਹੀ ਗਿਆ ਸਾਂ। ਪਤਾ ਨਹੀਂ, ਕੀ-ਕੀ ਸੋਚ ਗਿਆ ਸਾਂ। ਅੱਖਾਂ ਪੂੰਝ ਕੇ, ਉਸ ਨੇ ਮੇਰਾ ਹੱਥ ਫੜਿਆ ਤੇ ਪੁੱਛਿਆ-ਕੱਲ੍ਹ ਨੂੰ ਇੱਥੇ ਹੈਂ?'

'ਹਾਂ, ਕੱਲ੍ਹ ਸ਼ਾਮ ਨੂੰ ਅਸੀਂ ਚੱਲਣਾ ਹੈ।'

'ਮੈਂ ਅੱਜ ਕਾਲੇ ਨੂੰ ਜਾਂਦੀ ਹਾਂ। ਕੱਲ੍ਹ ਦੁਪਹਿਰ ਨੂੰ ਤੇਰੇ ਲਈ ਘਰੋਂ ਆਪ ਰੋਟੀ ਪਕਾ ਕੇ ਲਿਆਵਾਂਗੀ। ਤੂੰ ਕਾਲੇ ਦੀ ਰੋਟੀ ਖਾਵੀਂ।'

ਮੇਰਾ ਲੂੰ-ਲੂੰ 'ਹਾਂ ਕਹਿ ਗਿਆ।

ਉਹ ਚਲੀ ਗਈ। ਗੁਰਦੁਆਰੇ ਅੰਦਰ ਦੋਵੇਂ ਸਾਥੀ-ਸ਼ਾਇਰਾ ਕੋਲ ਮੈਂ ਜਾ ਬੈਠਾ। ਅਸੀਂ ਸ਼ਾਮ ਨੂੰ ਪੜ੍ਹਨ ਵਾਲੀਆਂ ਨਜ਼ਮਾਂ ਦੀ ਚੋਣ ਕਰਨ ਲੱਗੇ।

146

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ