ਦੂਜੇ ਦਿਨ ਸਦੀਕਾਂ ਰੋਟੀ ਲੈ ਕੇ ਆਈ। ਗੁਰਦੁਆਰੇ ਤੋਂ ਬਾਹਰ ਇੱਕ ਰੁੱਖ ਥੱਲੇ ਅਸੀਂ ਬੈਠ ਗਏ। ਚਾਰ ਡੱਬਿਆਂ ਵਾਲੇ ਵੱਡੇ ਟਿਫ਼ਨ ਵਿੱਚ ਉਸ ਨੇ ਕਿੰਨਾ ਹੀ ਕੁਝ ਲਿਆਂਦਾ ਹੋਇਆ ਸੀ। ਮੈਨੂੰ ਆਦਤ ਹੈ, ਸਾਰੀ ਰੋਟੀ ਖਾਣ ਪਿੱਛੋਂ ਹੀ ਮੈਂ ਪਾਣੀ ਪੀਂਦਾ ਹਾਂ। ਵਿੱਚ ਦੀ ਸਦੀਕਾਂ ਨੇ ਪੁੱਛਿਆ ਵੀ-'ਪਾਣੀ ਪਾ ਦਿਆਂ?' ਪਰ ਮੈਂ ਕਹਿ ਦਿੱਤਾ, 'ਕੋਈ ਗੱਲ ਨਹੀਂ, ਪਾਣੀ ਵੀ ਪੀ ਲਵਾਂਗਾ।'
ਮੇਰੇ ਕੋਲ ਬੈਠੀ ਉਹ ਸੰਵਾਰ-ਸੰਵਾਰ ਮੈਨੂੰ ਰੋਟੀ ਖਵਾ ਰਹੀ ਸੀ। ਮੇਰੀ ਮਾਂ ਮੈਨੂੰ ਇਸੇ ਤਰ੍ਹਾਂ ਐਨੇ ਹੀ ਚਾਅ ਨਾਲ ਰੋਟੀ ਖਵਾਇਆ ਕਰਦੀ ਸੀ। ਸਦੀਕਾਂ ਦੀਆਂ ਲਿਆਂਦੀਆਂ ਪਰੌਠੀਆਂ, ਆਲੂ-ਛੋਲਿਆ ਦੀ ਲਜ਼ੀਜ਼ ਸੁੱਕੀ ਸਬਜ਼ੀ, ਅੰਬ ਤੇ ਨਿੰਬੂ ਦਾ ਜ਼ਾਇਕੇਦਾਰ ਅਚਾਰ, ਅਣਘਾਲੇ ਦੁੱਧ ਵਿੱਚ ਕਿੰਨੀ ਰਬੜੀ ਵਰਗੀ ਮਿੱਠੀ ਤੇ ਖੋਪਾ-ਦਾਖਾ ਪਾ ਕੇ ਬਣਾਈ ਖੀਰ, ਸਭ ਕਾਸੇ ਵਿਚੋਂ ਮੈਨੂੰ ਉਹੀ ਸੁਆਦ ਆਇਆ, ਜਿਹੜਾ ਮਾਂ ਵੇਲੇ ਆਇਆ ਕਰਦਾ ਸੀ। ਮੈਂ ਦੁੱਗਣੀ ਰੋਟੀ ਖਾ ਗਿਆ ਹੋਵਾਂਗਾ, ਫਿਰ ਵੀ ਉਹ ਜਿੱਦ ਕਰ ਰਹੀ ਸੀ-ਭੁੱਖਾ ਨਾ ਰਹੀਂ, ਵੀਰ ਵੇ।'
ਮਾਂ ਦੀ ਆਦਤ ਸੀ, ਉਹ ਰੋਟੀ ਵੇਲੇ ਪਾਣੀ ਨਹੀਂ ਦਿਆ ਕਰਦੀ ਸੀ। ਕਹਿ ਦਿੰਦੀ-ਆਪੇ ਲੈ-ਲੈ ਘੜੇ 'ਚੋਂ। ਮੈਂ ਵੀ ਘੋਲ ਕਰ ਜਾਂਦਾ ਸਾਂ, ਸਾਰੀ ਰੋਟੀ ਖਾਣ ਪਿੱਛੋਂ ਹੀ ਪਾਣੀ ਪੀਂਦਾ। ਸਾਰੀ ਰੋਟੀ ਖਾਣ ਤੋਂ ਬਾਅਦ ਪਾਣੀ ਪੀਣ ਦੀ ਆਦਤ ਸ਼ਾਇਦ ਉਦੋਂ ਤੋਂ ਬਣ ਗਈ ਸੀ। ਰੋਟੀ ਖਾਣ ਪਿੱਛੋਂ ਘੜੇ ਦੇ ਗਲ ਵਿੱਚ ਬਾਂਹ ਪਾ ਕੇ ਪਾਣੀ ਦੀ ਗੜਵੀ ਭਰਦਾ ਤੇ ਹੱਥ ਨਾਲ ਪੀ ਲੈਂਦਾ। ਬਾਅਦ ਵਿੱਚ ਜਿਹੜਾ ਡਕਾਰ ਆਉਂਦਾ, ਉਸ ਨਾਲ ਤਾਂ ਪੂਰਾ ਸੁਆਦ ਆ ਜਾਂਦਾ। ਉਸ ਤਰ੍ਹਾਂ ਦੀ ਸੁਆਦ ਰੋਟੀ ਮੁੜ ਸਾਰੀ ਉਮਰ ਨਹੀਂ ਮਿਲੀ ਸੀ। ਜਾਂ ਫਿਰ ਇਹ ਦਿਨ...
ਸਦੀਕਾਂ ਵੱਲ ਭਰਪੁਰ ਨਿਗਾਹਾਂ ਭਰ ਕੇ ਤੇ ਫਿਰ ਆਲਾ-ਦੁਆਲਾ ਭਾਂਪ ਕੇ ਮੈਂ ਅੰਦਾਜ਼ਾ ਲਾਇਆ, ਪਾਣੀ ਕਿਤੇ ਨਹੀਂ ਸੀ। ਮੈਂ ਉਸ ਨੂੰ ਕਿਹਾ-'ਰੋਟੀ ਤਾਂ ਤੂੰ ਕਾਲੇ ਦੀ ਲੈ ਆਈ, ਪਾਣੀ ਹੁਣ ਕਿੱਥੋਂ ਪੀਵਾਂ?' ਉਸ ਨੇ ਵੱਡੇ ਡੋਲੂ ਦਾ ਢੱਕਣ ਖੋਲ੍ਹਿਆ ਤੇ ਸਟੀਲ ਦਾ ਗਲਾਸ ਪਾਣੀ ਨਾਲ ਭਰ ਕੇ ਕਹਿਣ ਲੱਗੀ, 'ਪਾਣੀ ਵੀ ਉੱਥੋਂ ਲੈ ਕੇ ਆਈ ਹਾਂ। ਤੁਹਾਡੇ ਘਰ ਵਾਲੀ ਖੂਹੀ ਦਾ ਹੈ। ਰੋਟੀ ਨਾਲ ਐਨਾ ਰੱਜ ਜਾਣ ਤੋਂ ਬਾਅਦ ਵੀ ਮੇਰਾ ਦਿਲ ਕਰਦਾ ਸੀ, ਸਾਰਾ ਡੋਲੂ ਪੀ ਜਾਵਾਂ।
ਆਪਣੇ ਘੜੇ ਦਾ ਪਾਣੀ
147