ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਬੇਬੇ?'

'ਹਾਂ, ਪੁੱਤ।'

‘ਇੱਕ ਗੱਲ ਕਹਾਂ?'

‘ਹਾਂ ਦੱਸ ਧੀਏ?'

‘ਆਪਦੇ ਪੁੱਤ ਦਾ ਵਿਆਹ ਕਰ ਦੇਹ।'

ਇਹ ਗੱਲ ਉਹ ਕਈ ਵਾਰ ਮੈਨੂੰ ਕਹਿ ਚੁੱਕੀ ਹੈ। ਮਾਂ ਕੋਲ, ਪਰ ਅੱਜ ਹੀ।

‘ਲੈ, ਹੈ ਕਮਲੀ, ਤੂੰ?' ਮਾਂ ਕਹਿੰਦੀ ਹੈ।

‘ਤੈਨੂੰ ਕਿੰਨੀ ਵਾਰ ਸਮਝਾਇਆ ਐ, ਮੈਨੂੰ ਵਿਆਹ ਦੀ ਕੋਈ ਲੋੜ ਨਹੀਂ। ਹੁਣ ਕੋਈ ਉਮਰ ਐ? ਤੇ ਇਨ੍ਹਾਂ ਬੱਚਿਆਂ ਦਾ ਜੀਵਨ ਬਰਬਾਦ ਕਰਨਾ ਐ। ਬਿਗਾਨੀ ਧੀ ਤਾਂ ਰੋਲ ਕੇ ਮਾਰ ਦਏਗੀ ਇਨ੍ਹਾਂ ਨੂੰ। ਕਿਸੇ ਦੇ ਕੀ ਲੱਗਦੇ ਨੇ ਇਹ? ਤੂੰ ਜਿਉਂਦੀ ਰਹਿ ਬੱਸ।'

'ਮੈਨੂੰ ਤਾਂ ਤੇਰਾ ਝੋਰਾ ਹੋ ਗਿਆ, ਲਾਲ। ਜੇ ਰੱਬ ਮੇਰੀ ਫ਼ਰਿਆਦ ਸੁਣ ਲਵੇ, ਤੇਰੀ ਓਵੇਂ ਜਿਵੇਂ ਟਹਿਲਣ ਲੱਗ ਜਾਵਾਂ।'

'ਮੇਰੇ ਦੱਸ ਕੀ ਗੋਲੀ ਵੱਜੀ ਐ? ਕੀ ਹੋਇਐ ਮੈਨੂੰ? ਮੈਂ ਆਪਣਾ ਆਪ ਸੰਭਾਲਣ ਜੋਗਾ ਬਥੇਰਾ ਆ। ਮੇਰਾ ਫਿਕਰ ਨਾ ਤੂੰ ਕਰ। ਮੈਨੂੰ ਤਾਂ ਸਗੋਂ ਤੇਰੀ ਸੇਵਾ ਕਰਕੇ ਹੁਣ ਸੁੱਖ ਮਿਲਦਾ ਐ। ਮਾਂ ਵਿਹੜੇ ਵਿੱਚ ਚਲੀ ਜਾਂਦੀ ਹੈ। ਜਾਂ ਸ਼ਾਇਦ ਦੂਜੇ ਕਮਰੇ ਵਿੱਚ।

‘ਕਿਉਂ ਜੁੜਨੇ ਸੀ ਮੇਰੇ ਹੱਥ ਤੇਰੇ ਨਾਲ? ਉਹ ਕਹਿੰਦੀ ਹੈ। ‘ਜੁੜਨੇ ਹੀ ਸਨ, ਜੁੜ ਗਏ।'

‘ਮੇਰੇ ਕਰਮਾਂ ’ਚ ਤਾਂ ਫ਼ਰਕ ਹੈ ਈ ਸੀ, ਮੇਰੇ ਨਾਲ ਤੇਰਾ ਜੀਵਨ ਵੀ ਦੁਖੀ ਹੋ ਗਿਆ।'

ਚੁੱਪ ਹਾਂ।

ਕਰਮਾਂ ਵਿੱਚ ਕੋਈ ਵਿਸ਼ਵਾਸ ਨਹੀਂ, ਪਰ.... ਉਸ ਦੇ ਕੋਲ ਹੀ ਆਪਣੇ ਮੰਜੇ 'ਤੇ ਲੇਟ ਗਿਆ ਹਾਂ। ਜ਼ਰਾ ਕੁ ਅੱਖ ਲੱਗੀ ਹੈ, ਝਟਕੇ ਜਿਹੇ ਨਾਲ ਜਾਗ ਪਿਆ ਹਾਂ। ਬੈਠਾ ਹੋ ਗਿਆ ਹਾ। ਉਸ ਦੇ ਹੱਥ ਵਿੱਚ ਮੂੰਗੀ ਦੇ ਦਾਣੇ ਹਨ। ਗਿਣ ਰਹੀ ਹੈ।

'ਇਹ ਕੀ ਕਰਦੀ ਐਂ?'

‘ਕੁੱਛ ਨਹੀਂ।'

‘ਫੇਰ ਵੀ? ਇਹ ਦਾਣੇ?'

‘ਦੇਖਦੀ ਆਂ, ਸੰਸਾਰ ਦਿਸੇਗਾ?'

‘ਤੇ ਫਿਰ?'

‘ਕਦੇ ਦਾਣਾ ਵਧ ਜਾਂਦੈ, ਕਦੇ ਪੂਰੇ। ਛੋਈ ਬਣ ਕੇ ਰਹਿ ਗਈ ਹੈ ਜ਼ਿੰਦਗੀ।

ਕੱਲ ਧੋਤੀ ਹੋਈ ਪੈਂਟ ਪਾ ਕੇ ਗਿਆ। ਪਿਸ਼ਾਬ ਕਰਕੇ ਪੰਪ ’ਤੇ ਹੱਥ ਧੋਣ ਤੋਂ ਬਾਅਦ ਜੇਬ੍ਹ ਵਿੱਚ ਹੱਥ ਮਾਰਿਆ, ਰੁਮਾਲ ਨਹੀਂ ਸੀ। ਰੋਣ ਨਿਕਲ ਗਿਆ। ਧੋਤੀ ਪੈਂਟ ਖੂੰਟੀ 'ਤੇ ਲਟਕ ਰਹੀ ਹੁੰਦੀ। ਉਸ ਦੀ ਜੇਬ੍ਹ ਵਿੱਚ ਨਵਾਂ ਧੋਤਾ ਰੁਮਾਲ ਵੀ ਹੁੰਦਾ। ਨਿੱਕੇ ਨਿੱਕੇ ਕੰਮ ਵੀ ਇਹੀ ਕਰਦੀ। ਆਪਣੀ ਆਦਤ ਹੁਣ ਕਦ ਬਣੇਗੀ। ਇਹ ਨਿੱਕੇ ਨਿੱਕੇ ਝੋਰੇ ਹੀ ਲੈ ਡੁੱਬਣਗੇ।

ਉਸ ਦਾ ਦੁੱਖ

15