ਬਾਰੂ ਕਹਿੰਦਾ, 'ਮੈਂਗਲ ਪਰਤਾਪ ਦੀ ਖ਼ਬਰ ਜਿਹੜੀ ਸੁਣੀ ਸੀ ਨਾ ਆਪਾਂ ਰੇੜੀਏ ਤੇ ਓਸ ਦਿਨ, ਜਮ੍ਹਾਂ ਓਹੀ ਖ਼ਬਰਾਂ ਹੁਣ ਹੋਰ ਔਂਦੀਆਂ ਨੇ। ਕੀ ਸਭ ਨਾਲ ਐਂ ਈ ਹੁੰਦੈ, ਜਾਰ?'
ਕਿਵੇਂ, ਕਿਹੜੀ ਖ਼ਬਰ?' ਮੈਂਗਲ ਦਾ ਧਿਆਨ ਪਤਾ ਨਹੀਂ ਕਿੱਥੇ ਸੀ। 'ਅਖੇ, ਸਕੂਟਰ 'ਤੇ ਦੋ ਬੰਦੇ ਜਾ ਰਹੇ ਸੀ। ਸ਼ੱਕ ਪੈਣ ਤੇ ਪੁਲਿਸ ਨੇ ਉਨ੍ਹਾਂ ਨੂੰ ਲਲਕਾਰਿਆ। ਅੱਗੋਂ ਸਕੂਟਰ ਆਲਿਆਂ ਨੇ ਫੈਰ ਕਰ 'ਤਾ। ਜਵਾਬ 'ਚ ਪੁਲਿਸ ਨੇ ਗੋਲੀ ਚਲਾਈ। ਇੱਕ ਬੰਦਾ ਮਾਰਿਆ ਗਿਆ, ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ।
ਤੇ ਫੇਰ ਸਾਰੇ ਅਗਵਾੜ ਵਿੱਚ ਇਹ ਗੱਲ ਆਮ ਹੋ ਗਈ ਸੀ ਕਿ ਮੁਕੰਦ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਟੋਕਰਾ ਲੈ ਕੇ ਵਿੱਢੇ ਖੂਹ ਵੱਲ ਜਾਂਦਾ ਹੈ। ਟੋਕਰਾ ਚਾਦਰੇ ਨਾਲ ਢਕਿਆ ਹੁੰਦਾ ਹੈ। ਖੇਸ ਦੀ ਬੁੱਕਲ ਮਾਰੀ ਹੋਈ। ਇੱਕ ਹੱਥ ਟੋਕਰੇ ਨੂੰ ਤੇ ਇੱਕ ਹੱਥ ਢਾਕ ਦੇ ਉੱਤੇ, ਕੂਹਣੀ ਖੇਸ ਤੋਂ ਬਾਹਰ ਨਿਕਲੀ ਦਿੱਸਦੀ।
ਹੁਣ ਦੋ ਦਿਨਾਂ ਤੋਂ ਕਿਸੇ ਨੇ ਮੁਕੰਦ ਨੂੰ ਦੇਖਿਆ ਨਹੀਂ ਸੀ। ਉਹ ਦੀ ਘਰਵਾਲੀ ਨੇ ਰਿਸ਼ਤੇਦਾਰੀਆਂ ਵਿੱਚ ਬੰਦੇ ਭਿਜਵਾਏ ਸਨ, ਪਰ ਉਹ ਕਿਧਰੇ ਨਹੀਂ ਸੀ। ਖੇਤਾਂ ਦੀਆਂ ਝੂੰਬੀਆਂ ਵੀ ਅਗਵਾੜ ਵਾਲਿਆਂ ਨੇ ਛਾਣ ਮਾਰੀਆਂ। ਉਹ ਕਿਤੇ ਵੀ ਨਹੀਂ ਲੱਭ ਰਿਹਾ ਸੀ।
ਤੀਜੇ ਦਿਨ ਸਵੇਰੇ-ਸਵੇਰੇ ਸੱਥ ਵਿੱਚ ਮੈਂਗਲ ਤੇ ਬਾਰੂ ਚੁੱਪ-ਚਾਪ ਬੈਠੇ ਸਨ। ਅਗਵਾੜ ਦੇ ਦਸ-ਬਾਰਾਂ ਬੰਦੇ ਇਕੱਠੇ ਹੋ ਕੇ ਉਨ੍ਹਾਂ ਕੋਲ ਆ ਖੜ੍ਹੇ। ਸਭ ਮੁਕੰਦ ਦੀਆਂ ਗੱਲਾਂ ਕਰ ਰਹੇ ਸਨ। ਅਖ਼ੀਰ ਮੈਂਗਲ ਬੋਲਿਆ-ਬਾਰਾ ਸਿਆਂ, ਆਪਾਂ ਖੂਹ ਨਾ ਦੇਖੀਏ ਜਾ ਕੇ?'
'ਮੁਕੰਦ ਮੂਜਬ ਖੂਹ ਤਾਂ ਹੱਡੀਆਂ ਨਾਲ ਭਰ ਗਿਆ ਹੋਊ ਹੁਣ ਤਾਈਂ। ਪਾਣੀ ਤਾਂ ਹੈ ਨੀਂ ਸੀ ਉਹ ਦੇ 'ਚ। ਪੁਰਾਣਾ ਖੂਹ ਐ, ਸਦੀਆਂ ਦਾ। ਕਿਰਪੇ ਬਾਣੀਏ ਦੇ ਪੜਦਾਦੇ ਹੱਥੀਂ ਲੱਗਿਆ ਸੀ ਏਹ ਬਾਰੂ ਖੂਹ ਦਾ ਇਤਿਹਾਸ ਲੈ ਕੇ ਬੈਠ ਗਿਆ।
ਬੰਦਿਆਂ ਦੀ ਜਗਿਆਸਾ ਖੂਹ ਤੇ ਜਾ ਟਿਕੀ।
ਤੇ ਫੇਰ ਅੱਗੇ-ਅੱਗੇ ਮੈਂਗਲ ਤੇ ਬਾਰੂ ਬੁੜ੍ਹਾ, ਪਿੱਛੇ-ਪਿੱਛੇ ਅਗਵਾੜ ਦੇ ਬੰਦੇ। ਉਨ੍ਹਾਂ ਨਾਲ ਹੋਰ ਬੰਦੇ ਵੀ ਜੁੜਦੇ ਗਏ। ਵਿੱਢੇ ਖੂਹ ਦੇ ਚੌਂਤਰੇ ਤੇ ਚੜ੍ਹ ਕੇ ਸਭ ਨੇ ਦੇਖਿਆ, ਅੰਨ੍ਹੇ ਖੂਹ ਵਿੱਚ ਕਿਸੇ ਹੱਡੀ ਦਾ ਕੋਈ ਨਾਉਂ ਨਿਸ਼ਾਨ ਵੀ ਨਹੀਂ ਸੀ। ਦੂਰ ਸਾਰੇ ਖੂਹ ਦੇ ਥੱਲੇ 'ਤੇ ਕੋਈ ਕਾਲਾ ਅਕਾਰ ਜਿਹਾ ਪਿਆ ਉਨ੍ਹਾਂ ਨੂੰ ਦਿੱਸ ਰਿਹਾ ਸੀ।
ਅਗਵਾੜ ਦੇ ਬੰਦਿਆਂ ਨੇ ਆਪਣੇ ਅਗਵਾੜ ਦੇ ਹੀ ਬਦਲੇ ਝਿਉਰ ਨੂੰ ਲਾਸ ਵਗ੍ਹਾ ਕੇ ਥੱਲੇ ਉਤਾਰਿਆ। ਖੂਹ ਥੱਲਿਓਂ ਬਚਨੇ ਦੀ ਗੂੰਜਵੀ ਅਵਾਜ਼ ਆਈ, ਖੂਹ ਦੇ ਮਹਿਲ ਨੂੰ ਪਾੜਦੀ ਹੋਈ-ਮੁਕੰਦ ਐ .... ਮਰਿਆ ਪਿਐ ... ♥
ਹੱਡੀਆਂ