ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/152

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਾਮਰੇਡ ਮਨਸ਼ਾ ਰਾਮ

ਕਾਮਰੇਡ ਮਨਸ਼ਾ ਰਾਮ ਦੇ ਤਿੰਨ ਗੋਲੀਆਂ ਲੱਗੀਆਂ-ਇੱਕ ਗੋਲੀ ਖੱਬੀ ਲੱਤ 'ਤੇ ਪੱਟ ਵਿੱਚ, ਇੱਕ ਗੋਲੀ ਖੱਬੀ ਬਾਂਹ 'ਤੇ ਡੌਲੇ ਵਿੱਚ ਅਤੇ ਇੱਕ ਗੋਲੀ ਪਿੱਠ 'ਤੇ ਕੰਗਰੋੜ ਵਿੱਚ। ਸਕੂਟਰ ਤੋਂ ਡਿੱਗਣ ਵੇਲੇ ਉਹਦਾ ਮੱਥਾ ਇੱਕ ਟਾਹਲੀ ਨਾਲ ਜਾ ਵੱਜਿਆ। ਮੱਥੇ ਵਿੱਚ ਗਹਿਰਾ ਜ਼ਖ਼ਮ ਸੀ। ਖੂਨ ਬਹੁਤ ਨਿਕਲ ਗਿਆ। ਡਾਕਟਰਾਂ ਨੇ ਲੱਤ ਤੇ ਬਾਂਹ ਦੀਆਂ ਗੋਲੀਆਂ ਤਾਂ ਕੱਢ ਦਿੱਤੀਆਂ, ਪਿੱਠ ਵਾਲੀ ਗੋਲੀ ਨਹੀਂ ਲੱਭ ਰਹੀ ਸੀ। ਐਕਸਰੇ ਵਿੱਚ ਵੀ ਇਹਦਾ ਕੋਈ ਸਾਫ਼ ਨਿਸ਼ਾਨ ਨਹੀਂ ਦਿੱਸਿਆ। ਪੇਟ ਵੱਲੋਂ ਬਾਹਰ ਵੀ ਇਹ ਕਿਧਰੇ ਨਹੀਂ ਨਿਕਲੀ ਪਤਾ ਨਹੀਂ ਲੱਗ ਰਿਹਾ ਸੀ, ਕਿੱਥੇ ਹੈ।

ਦਿਨ ਦੇ ਛਿਪਾਅ ਨਾਲ ਉਹ ਸ਼ਹਿਰੋਂ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ, ਆਪਣੇ ਸਦੀਆਂ ਪੁਰਾਣੇ ਸਕੂਟਰ ਤੇ। ਕੋਲ ਦੀ ਲੰਘੇ ਜਾ ਰਹੇ ਸਕੂਟਰ ਸਵਾਰ ਉਹਨੂੰ ਗੋਲੀਆਂ ਮਾਰ ਗਏ। ਹੁਣ ਮਨਸ਼ਾ ਰਾਮ ਕੁਝ ਨਹੀਂ ਦੱਸ ਰਿਹਾ ਸੀ ਕਿ ਉਹ ਕੌਣ ਸਨ।ਅਸਲ ਵਿੱਚ ਉਹਨੂੰ ਪਤਾ ਵੀ ਨਹੀਂ ਸੀ। ਅਜਿਹੇ ਲੋਕ ਤਾਂ ਬਹੁਤ ਸਨ, ਹੁਣ ਪੰਜਾਬ ਵਿੱਚ।ਕੀ ਪਛਾਣ ਹੈ, ਕੀ ਪਤਾ ਲੱਗਦਾ ਹੈ, ਕਿਹੜਾ ਕਿਸੇ ਦੇ ਮੂੰਹ ਤੇ ਲਿਖਿਆ ਹੁੰਦਾ ਹੈ ਕਿ ਉਹ ...

ਟ੍ਰੈਫ਼ਿਕ ਅਜੇ ਜਾਰੀ ਸੀ। ਸੜਕ ਖ਼ਾਲੀ ਹੁੰਦੀ ਤਾਂ ਉਹ ਉਹਨੂੰ ਜਾਨੋਂ ਮਾਰ ਕੇ ਜਾਂਦੇ, ਪਰ ਹੁਣ ਹਸਪਤਾਲ ਆ ਕੇ ਕਿਹੜਾ ਪਤਾ ਸੀ ਕਿ ਉਹ ਬਚ ਰਹੇਗਾ ਜਾਂ....ਦੋ ਰਾਤਾਂ ਲੰਘ ਗਈਆਂ, ਏਸੇ ਤਰ੍ਹਾਂ ਪਏ ਨੂੰ । ਪਿੱਠ ਵਾਲੀ ਗੋਲੀ.. ਜ਼ਹਿਰ ਫੈਲ ਰਿਹਾ ਸੀ।

ਉਹਨੂੰ ਸੁਰਤ ਸੀ, ਪਰ ਉਹ ਕੋਈ ਗੱਲ ਕਰਦਾ, ਜਿਵੇਂ ਤਾਪ ਦੀ ਘੂਕੀ ਚੜ੍ਹੀ ਹੋਵੇ। ਹਸਪਤਾਲ ਵਿੱਚ ਉਹਦਾ ਪਤਾ ਲੈਣ ਆਉਂਦੇ ਲੋਕ ਗੱਲਾਂ ਕਰਦੇ, ਗੱਲਾਂ ਦਾ ਤੱਤ ਸਾਰ ਇਹੀ ਹੁੰਦਾ ਕਿ ਹਿੰਦੂ ਹੋਣ ਕਰਕੇ ਉਹਦੇ ਗੋਲੀਆਂ ਮਾਰੀਆਂ ਗਈਆਂ। ਉਹ ਉਨ੍ਹਾਂ ਦੇ ਖ਼ਿਲਾਫ਼ ਪ੍ਰਚਾਰ ਕਰਦਾ ਹੁੰਦਾ। ਉਹ ਦੇ ਕੰਨਾਂ ਵਿੱਚ ਇਹ ਗੱਲ ਪੈਂਦੀ ਤਾਂ ਉਹ ਹੋਰ ਦੁਖੀ ਹੋ ਜਾਂਦਾ। ਉਹਦੀ ਬੈਚੇਨੀ ਵਧਣ ਲੱਗਦੀ। ਹਿੰਦੂ 'ਸ਼ਬਦ ਸੁਣਨ ਸਾਰ ਉਹ ਕਸੀਸ ਜਿਹੀ ਵੱਟਦਾ। ਉਹ ਦੀ ਜਾਨ ਵੀ ਤਾਂ ਨਹੀਂ ਨਿਕਲ ਰਹੀ ਸੀ।

ਉਹ ਚੜ੍ਹਦੀ ਜਵਾਨੀ ਤੋਂ ਮਾਪਿਆਂ ਦੇ ਪਿਤਾ-ਪੁਰਖੀ ਕੰਮਾਂ ਦੇ ਵਿਰੁੱਧ ਸੀ। ਨਾ ਤਾਂ ਉਹ ਜਜ਼ਮਾਨਾਂ ਦੇ ਘਰਾਂ ਵਿੱਚ ਤਿੱਥ-ਤਿਹਾਰ ਨੂੰ ਨਿਉਂਦਾ ਖਾਣ ਜਾਂਦਾ ਤੇ ਘਰ ਵਿੱਚ ਆਈ ਕਿਸੇ ਦਾਨ-ਪੁੰਨ ਦੀ ਚੀਜ਼ ਵਿਚੋਂ ਉਹਨੂੰ ਕਚਿਆਣ ਆਉਂਦੀ।

ਸਕੂਲ ਦੀ ਪੜ੍ਹਾਈ ਖ਼ਤਮ ਕਰਕੇ ਉਹ ਕਾਲਜ ਵੀ ਗਿਆ, ਪਰ ਬੀ. ਏ. ਪੂਰੀ ਨਹੀਂ ਕਰ ਸਕਿਆ। ਕਾਲਜ ਵਿੱਚ ਉਹਦਾ ਸੰਪਰਕ ਉਹਦੇ ਖ਼ਿਆਲਾਂ ਦੀ ਹੀ ਇੱਕ

152

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ