ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਰਾਜਨੀਤਿਕ ਪਾਰਟੀ ਨਾਲ ਹੋ ਗਿਆ। ਇਹੀ ਉਹ ਚਾਹੁੰਦਾ ਸੀ ਤੇ ਫੇਰ ਕਿਸੇ ਨੌਕਰੀ ਆਦਿ ਦੀ ਖ਼ਾਹਸ਼ ਛੱਡ ਕੇ ਆਖ਼ਰ ਉਹ ਏਸੇ ਪਾਰਟੀ ਦਾ ਕੰਮ ਕਰਨ ਲੱਗ ਪਿਆ। ਸਾਰੀ ਉਮਰ ਏਧਰ ਲਾ ਦਿੱਤੀ।

ਉਹਨੇ ਸਮਾਜਵਾਦੀ ਵਿਚਾਰਾਂ ਦੀਆਂ ਢੇਰ ਸਾਰੀਆਂ ਕਿਤਾਬਾਂ ਪੜ੍ਹੀਆਂ। ਭਾਰਤੀ ਸਮਾਜ ਦੀ ਪੂਰੀ ਛਾਣ-ਬੀਣ ਕੀਤੀ। ਦੇਸ਼ ਦੇ ਅਰਥਚਾਰੇ ਨੂੰ ਸਮਝਿਆ। ਉਹਨੂੰ ਰੂੜੀਵਾਦੀ ਹਿੰਦੂ ਧਰਮ ਵਿੱਚ ਕੋਈ ਆਸਥਾ ਨਹੀਂ ਰਹੀ ਸੀ। ਚਾਰ ਵਰਣਾਂ ਦੀ ਵੰਡ ਨੂੰ ਉਹ ਉੱਕਾ ਹੀ ਨਿਰਮੂਲ ਦੱਸਦਾ। ਉਹ ਪ੍ਰਚਾਰ ਕਰਦਾ, ਆਪਣੇ ਆਪ ਵਿੱਚ ਕੋਈ ਵਰਣ ਵੱਡਾ ਤੇ ਉੱਚਾ ਨਹੀਂ। ਅੱਜ ਦਾ ਵਰਗ ਸੰਘਰਸ਼ ਹੀ ਅਸਲੀ ਲੜਾਈ ਹੈ, ਮਨੁੱਖ ਦੀ। ਪਿੰਡ ਵਿੱਚ ਜੇ ਕੋਈ ਉਹਨੂੰ 'ਪੰਡਤ ਜੀ ਕਹਿ ਕੇ ਬੁਲਾਉਂਦਾ ਤਾਂ ਉਹਨੂੰ ਬਹੁਤ ਬੁਰਾ ਲੱਗਦਾ। ਪਿੰਡ ਦੇ ਲੋਕਾਂ ਨਾਲ ਉਹ ਮੱਥਾ ਮਾਰਦਾ ਕਿ ਜਾਤ ਕਰਕੇ ਕੋਈ ਵੱਡਾ ਨਹੀਂ। ਹਰ ਪ੍ਰਕਾਰ ਦਾ ਕੰਮ ਆਪਣੇ ਆਪ ਵਿੱਚ ਮਹੱਤਵਪੂਰਨ ਹੈ। ਚਾਹੇ ਉਸ ਕੰਮ ਨੂੰ ਕੋਈ ਨੀਵੀਂ ਜਾਤ ਦਾ ਬੰਦਾ ਕਰਦਾ ਹੋਵੇ ਜਾਂ ਉੱਚੀ ਜਾਤ ਦਾ।

ਉਹਨਾ ਕਿਸੇ ਦੇਵੀ-ਦੇਵਤੇ ਨੂੰ ਮੰਨਦਾ ਤੇ ਨਾ ਉਹਨੂੰ ਭੂਤਾਂ-ਪ੍ਰੇਤਾਂ ਤੋਂ ਡਰ ਲੱਗਦਾ। ਮਨ ਦੇ ਵਹਿਮ ਹੁੰਦੇ ਨੇ, ਉਹ ਹੱਸ ਕੇ ਟਾਲ ਦਿੰਦਾ। ਉਹ ਤਾਂ ਰੱਬ ਦੀ ਹੋਂਦ ਬਾਰੇ ਵੀ ਮੁਨਕਰ ਹੋ ਬਹਿੰਦਾ। ਪਿੰਡ ਦੇ ਲੋਕ ਆਖਦੇ-ਦਮਾ ਫਿਰ ਗਿਆ ਬਾਮਣ ਦਾ।' ਉਹ ਸਲਾਹ ਦਿੰਦਾ, 'ਭਗਤ ਸਿੰਘ ਦਾ ਲੇਖ ਪੜ੍ਹੋ-ਮੈਂ ਨਾਸਤਿਕ ਕਿਉਂ ਹਾਂ', ਸਾਡਾ ਚਾਨਣ ਹੋ ਜਾਂਦੈ।'

ਅਨਪੜ੍ਹ ਲੋਕ ਉਹਦੇ 'ਤੇ ਹੱਸਦੇ-ਮਨਸ਼ਾ 'ਕੌਮਨਸ਼ਟ' ਐ, ਕੌਮ ਦਾ ਨਸ਼ਟ। ਸੁਣ ਲੈ ਬਈ, ਇਹ ਹੁਣ ਰੱਬ ਨੂੰ ਵੀ ਨੀਂ ਮੰਨਦਾ।

ਪਾਰਟੀ ਜਿਹੜਾ ਵੀ ਕੰਮ ਉਹਨੂੰ ਸੌਂਪਦੀ, ਉਹ ਪੂਰਾ ਨਿਭਾਉਂਦਾ। ਅਣਥੱਕ ਕਾਰਕੁੰਨ ਸੀ ਉਹ। ਨਿੱਡਰ ਪੂਰਾ, ਖੁੱਲ੍ਹ ਕੇ ਤੇ ਨਿਝੱਕ ਹੋ ਕੇ ਗੱਲ ਕਰਦਾ। ਹੁਣ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੋਇਆ, ਉਹ ਇਹਦੇ ਕਾਰਨਾਂ ਦਾ ਪ੍ਰਚਾਰ ਕਰਦਾ। ਪਿੰਡ ਦੀ ਸੱਥ ਵਿੱਚ ਤੇ ਬੱਸ-ਅੱਡੇ 'ਤੇ ਆ ਕੇ ਉਹ ਬੋਲਦਾ ਰਹਿੰਦਾ।

'ਉਏ ਕੁਛ ਸੋਚ ਕੇ ਬੋਲਿਆ ਕਰ, ਤੇਰਾ ਵੀ ਡੰਡਾ ਜਾ ਡੁੱਕ ਦੂ ਕੋਈ।' ਉਹਦੇ ਹਾਣੀ ਬੰਦੇ ਉਹਨੂੰ ਸਮਝਾਉਂਦੇ ਪਰ ਉਹ ਇੱਕ ਨਾ ਜਾਣਦਾ। ਉਹ ਆਖਦਾ-ਮੌਤ ਦਾ ਆਪਾਂ ਨੂੰ ਕੋਈ ਡਰ ਨੀਂ। ਸੱਚ ਦਾ ਪ੍ਰਚਾਰ ਕਰਨਾ ਮੇਰਾ ਧਰਮ ਐ। ਪਤੈ ਮੈਨੂੰ, ਸੱਚ ਨਿਰਪੱਖ ਨੀਂ ਹੁੰਦਾ, ਸੱਚ ਤਰਫ਼ਦਾਰ ਹੁੰਦੈ' ਹੁਣ ਉਹ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਜਨਰਲ ਵਾਰਡ ਦੇ ਇੱਕ ਖੂੰਜੇ ਬੈੱਡ 'ਤੇ ਪਿਆ ਸੀ, ਲੱਤ, ਬਾਂਹ ਤੇ ਸਿਰ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ। ਗੁਲੂਕੋਜ਼ ਦੀ ਬੋਤਲ ਲੱਗੀ ਹੋਈ ਸੀ। ਪਲ-ਪਲ ਉਹਦੀ ਜਾਨ ਘਟਦੀ ਜਾਂਦੀ। ਪਲ-ਪਲ ਉਹ ਮੁੱਕਦਾ ਜਾਂਦਾ। ਔਖਾ ਬਹੁਤ, ਪਰ ਜਾਨ ਨਿਕਲਦੀ ਨਹੀਂ ਸੀ। ਜਿਵੇਂ ਸਮੇਂ ਦੀ ਸੂਈ ਇੱਕ ਥਾਂ ਅਟਕ ਕੇ ਰਹਿ ਗਈ ਹੋਵੇ। ਦਿਖਾਵੇ ਦਾ ਓਹੜ-ਪੋਹੜ ਜਿਹਾ ਤਾਂ ਕਰਦੇ, ਪਰ ਅੰਦਰੋਂ ਡਾਕਟਰ ਵੀ ਹੈਰਾਨ ਤੇ ਪ੍ਰੇਸ਼ਾਨ ਸਨ ਕਿ ਉਹ ...

ਕਾਮਰੇਡ ਮਨਸ਼ਾ ਰਾਮ

153