ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦਹਿਲ

ਚੰਡੀਗੜ੍ਹ ਦਾ ਆਪਣਾ ਕੰਮ ਮੁਕਾ ਕੇ ਉਨ੍ਹਾਂ ਨੇ ਆਖ਼ਰੀ ਬੱਸ ਫੜ ਲਈ। ਆਖ਼ਰੀ ਬੱਸ ਦਾ ਨਾਉਂ ਲੈਂਦਿਆਂ ਲੱਗਦਾ ਹੈ, ਜਿਵੇਂ ਸੂਰਜ ਛਿਪਣ ਵਾਲਾ ਹੋਵੇ। ਸਾਡੀ ਮਾਨਸਿਕਤਾ ਉੱਥੇ ਹੀ ਖੜ੍ਹੀ ਹੈ, ਜਦੋਂ ਕਿ ਹਾਲਾਤ ਕਿੰਨੇ ਬਦਲ ਚੁੱਕੇ ਹਨ। ਫੇਰ ਲੰਮੇ ਰੂਟ ਦੀ ਬੱਸ। ਇਹ ਆਖ਼ਰੀ ਬੱਸ ਹੁਣ ਚੰਡੀਗੜ੍ਹੋ ਢਾਈ ਵਜੇ ਚੱਲ ਪੈਂਦੀ ਹੈ। ਕਿੱਥੇ ਜਾ ਕੇ ਬਠਿੰਡੇ ਪਹੁੰਚਣਾ ਹੁੰਦਾ ਹੈ, ਸ਼ਾਮ ਸੱਤ ਵਜੇ ਤੱਕ। ਭਲੇ ਵੇਲਿਆਂ ਵਿੱਚ ਚੰਡੀਗੜ ਤੋਂ ਬਠਿੰਡੇ ਵਾਲੀ ਆਖ਼ਰੀ ਬੱਸ ਪੰਜ ਵਜੇ ਚੱਲਦੀ ਹੁੰਦੀ। ਸੰਗਰੂਰ ਆ ਕੇ ਮੁਸਾਫ਼ਰਾਂ ਨੇ ਦਾਰੂ ਪੀਣੀ। ਬਰਨਾਲੇ ਰੋਟੀ ਖਾਂਦੇ। ਦਸ-ਗਿਆਰਾਂ ਬਰਨਾਲੇ ਹੀ ਵੱਜ ਜਾਂਦੇ। ਬਠਿੰਡੇ ਇਹ ਬੱਸ ਕਿਤੇ ਬਾਰਾਂ-ਸਾਢੇ ਬਾਰਾਂ ਵਜੇ ਜਾ ਕੇ ਪਹੁੰਚਦੀ। ਲੋਕ ਤਾਂ ਤਰਸ ਗਏ ਉਨ੍ਹਾਂ ਵੇਲਿਆਂ ਨੂੰ ਪਤਾ ਨਹੀਂ ਕਦੋਂ ਹਾਲਾਤ ਠੀਕ ਹੋਣਗੇ ਤੇ ਚੰਡੀਗੜ੍ਹ ਆਖ਼ਰੀ ਬੱਸ ....

ਉਸ ਦਿਨ ਵੀ ਧੁੰਦ ਉਨੀ ਹੀ ਸੀ। ਵੀਹ ਦਿਨਾਂ ਤੋਂ ਸੂਰਜ ਨਹੀਂ ਦਿੱਸਿਆ ਸੀ। ਸਿਆਲਾਂ ਦੇ ਦਿਨ, ਨੌਂ-ਦਸ ਵਜੇ ਜਾ ਕੇ ਬੰਦੇ ਨੂੰ ਬੰਦਾ ਦਿੱਸਿਆ ਸੀ। ਐਨੀ ਧੁੰਦ ਬਹੁਤ ਵਰ੍ਹਿਆਂ ਬਾਅਦ ਪਈ। ਸਵੇਰੇ ਬੱਸਾਂ ਆਪਣੇ ਅੱਡਿਆਂ ਵਿਚੋਂ ਨਿਕਲਦੀਆਂ ਤਾਂ ਉਸੇ ਟਾਈਮ, ਮਤਲਬ ਕੋਈ ਸਾਢੇ ਪੰਜ, ਕੋਈ ਛੇ ਵਜੇ, ਪਰ ਦੂਰ ਦੀਆਂ ਮੰਜ਼ਲਾਂ ਵਾਲੀਆਂ ਬੱਸਾਂ ਦੋ-ਦੋ, ਤਿੰਨ-ਤਿੰਨ ਘੰਟੇ ਲੇਟ ਪਹੁੰਚਦੀਆਂ। ਬੱਸ ਦੀ ਲਾਈਟ ਅੱਠ ਦਸ ਗਜ਼ ਤੋਂ ਅੱਗੇ ਨਾ ਤੁਰ ਸਕਦੀ। ਭੱਜੀ ਜਾਂਦੀ ਬੱਸ ਇਉਂ ਲੱਗਦੀ, ਜਿਵੇਂ ਘੁੱਪ ਹਨੇਰੀ ਰਾਤ ਵਿੱਚ ਅੰਨ੍ਹਾਂ ਝੋਟਾ ਸਿਰ-ਮੁਧ ਭੱਜਿਆ ਜਾ ਰਿਹਾ ਹੋਵੇ। ਪੈਰ-ਪੈਰ ਤੇ ਐਕਸੀਡੈਂਟ ਦਾ ਖ਼ਤਰਾ ਬਣਿਆ ਰਹਿੰਦਾ। ਸਵੇਰ ਵੇਲੇ ਦੀਆਂ ਬੱਸਾਂ ਵਿੱਚ ਉਨੀ ਭੀੜ ਨਾ ਹੁੰਦੀ। ਅਣਸਰਦੇ ਨੂੰ ਅਗਲਾ ਘਰੋਂ ਨਿਕਲਦਾ। ਉਹ ਇਸੇ ਕਰਕੇ ਉਸ ਦਿਨ ਸਵੇਰੇ ਬੱਸ ਤੇ ਨਹੀਂ ਗਏ ਸਨ, ਰੇਲ ਗੱਡੀ ਚੜ੍ਹੇ। ਪਟਿਆਲੇ ਤੱਕ ਰੇਲ ਗੱਡੀ, ਫੇਰ ਉੱਥੋਂ ਬੱਸ ਲੈਣ ਵੇਲੇ ਨੂੰ ਤਾਂ ਅਸਮਾਨ ਕੁਝ-ਕੁਝ ਖੁੱਲ੍ਹ ਗਿਆ ਸੀ। ਉਨ੍ਹਾਂ ਦੇ ਸ਼ਹਿਰੋਂ ਗੱਡੀ ਸਵੇਰੇ ਛੇ ਵਜੇ ਮਿਲਦੀ। ਉਹ ਕੁਝ ਸਮਾਂ ਪਹਿਲਾਂ ਹੀ ਸਟੇਸ਼ਨ ਤੇ ਆ ਕੇ ਬੈਠ ਗਏ। ਰੇਲ ਗੱਡੀ ਤੇ ਵੀ ਇਸ ਧੁੰਦ-ਗੁਬਾਰ ਦਾ ਅਸਰ ਹੋਣ ਲੱਗ ਪਿਆ। ਜਿਵੇਂ ਉਹ ਵੀ ਬੋਚ-ਬੋਚ ਪੱਬ ਧਰਦੀ ਹੋਵੇ। ਗੱਡੀ ਉਸ ਦਿਨ ਸਾਢੇ ਛੇ ਵਜੇ ਆਈ। ਗੱਡੀ ਦੀ ਉਡੀਕ ਵਿੱਚ ਪਲੇਟ-ਫਾਰਮ ਦੇ ਸ਼ੈੱਡ ਥੱਲੇ ਬੈਂਚ 'ਤੇ ਬੈਠੇ ਉਹ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹੇ। ਅਖ਼ਬਾਰ ਲਿਆ, ਪਰ ਅੱਖਰ ਨਹੀਂ ਪੜ੍ਹੇ ਜਾਂਦੇ ਸਨ। ਧੁੰਦ ਨੇ ਜਿਵੇਂ ਬਿਜਲੀ ਨੂੰ ਵੀ ਅੰਨਾ ਕਰ ਰੱਖਿਆ ਹੋਵੇ। ਦੂਰ ਰੇਲਵੇ ਪੁਲ ਤੋਂ ਵੀ ਉੱਚੇ ਖੰਭੇ 'ਤੇ ਲੱਗੀਆਂ ਦੋ

ਦਹਿਲ

155