ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਦਾ ਆਸਰਾ ਵੀ ਸੀ। ਉਹਦੀ ਬੇਪ੍ਰਵਾਹੀ ਤੇ ਦਲੇਰੀ ਨਾਲ ਜ਼ੋਰਾ ਸਿੰਘ ਦਾ ਦਿਲ ਟਿਕਾਣੇ ਰਹਿੰਦਾ।

ਚਾਹੇ ਦੁਪਹਿਰ ਢਲਣ ਲੱਗੀ ਸੀ, ਪਰ ਸੂਰਜ ਦਾ ਹਾਲੇ ਵੀ ਕੋਈ ਪਤਾ ਨਹੀਂ ਲੱਗ ਰਿਹਾ ਸੀ ਕਿ ਕਿੱਥੇ ਜਿਹੇ ਖੜ੍ਹਾ ਹੈ। ਅੱਜ ਤਾਂ ਉਹ ਬਿਲਕੁੱਲ ਹੀ ਨਹੀਂ ਦਿੱਸਿਆ ਸੀ। ਪਹਿਲਾਂ ਕਿਸੇ-ਕਿਸੇ ਦਿਨ ਦੁਪਹਿਰ ਜਿਹੀ ਨੂੰ ਕਿਤੇ ਜਾ ਕੇ ਸੂਰਜ ਦਿੱਸਦਾ, ਬੱਸ ਜਿਵੇਂ ਲਾਲ ਰੰਗ ਦੀ ਰੋਟੀ। ਆਸ ਜਿਹੀ ਬੱਝਣ ਲੱਗਦੀ ਕਿ ਹੁਣੇ ਉਹ ਨੰਗਾ-ਚਿੱਟਾ ਹੋਵੇਗਾ ਤੇ ਆਪਣੀ ਤੇਜ਼ ਤਪਸ਼ ਨਾਲ ਸਾਰੇ ਬ੍ਰਹਿਮੰਡ ਦੀ ਧੁੰਦ ਪਾਣੀ ਵਿੱਚ ਬਦਲ ਕੇ ਅਕਾਸ਼ ਦਾ ਨਿੱਖਰਿਆ ਚਿਹਰਾ ਦਿਖਾ ਦੇਵੇਗਾ, ਪਰ ਕਾਹਨੂੰ ਲਾਲ ਰੋਟੀ ਤਾਂ ਪਲਾਂ-ਛਿਣਾਂ ਵਿੱਚ ਹੀ ਕਿਧਰੇ ਖਾਧੀ ਪੀਤੀ ਜਾਂਦੀ ਤੇ ਸਮੁੱਚਾ ਅਕਾਸ਼ ਧਰਤੀ 'ਤੇ ਗੱਡਿਆ ਅੰਧਕਾਰ ਦਾ ਤੰਬੂ ਬਣ ਕੇ ਰਹਿ ਜਾਂਦਾ।

ਉਹ ਬੱਸ ਦੇ ਵਿਚਾਲੇ ਜਿਹੇ ਹੋ ਕੇ ਬੈਠੇ। ਜ਼ੋਰਾ ਸਿੰਘ ਨੇ ਬਿੱਕਰ ਸਿੰਘ ਨੂੰ ਰਮਜ਼ ਦਿੱਤੀ, 'ਡਰਾਈਵਰ ਸੀਟ ਤੋਂ ਥੋੜ੍ਹਾ ਪਿੱਛੇ ਈ ਠੀਕ ਐ। ਤੈਨੂੰ ਨੀਂ ਪਤਾ। ਬੱਚਤ ਚੰਗੀ ਹੁੰਦੀ ਐ। ਬਹੁਤਾ ਮਗਰ ਵੀ ਨਾ ਬੈਠੇ। ਕਈ ਵਾਰੀ ਮਗਰ ਵੀ ਖ਼ਤਰਾ ਰਹਿੰਦੈ।

ਬਿੱਕਰ ਨੇ ਉਹਦੀ ਗੱਲ ਮੰਨ ਤਾਂ ਲਈ, ਪਰ ਹੱਸੀਂ ਵੀ ਜਾਂਦਾ ਸੀ। 'ਓਏ ਜ਼ੋਰਾ ਸਿੰਘ, ਕਿੱਥੇ-ਕਿੱਥੇ ਕਰੇਂਗਾ ਬੱਚਤਾਂ, ਸਿੰਘਾ-ਸਰਦਾਰਾ। ਜਦੋਂ...। ਤੂੰ ਮੋਕ .....।'

ਹੁਣ ਸਵੇਰ ਦੀਆਂ ਬੱਸਾਂ ਵਾਲੀ ਗੱਲ ਨਹੀਂ ਸੀ। ਹੁਣ ਤਾਂ ਦੂਰ-ਦੂਰ ਤੱਕ ਸੜਕ ਸਾਫ਼ ਦਿੱਸਦੀ ਤੇ ਬੱਸਾਂ ਆਪਣੀ ਪੂਰੀ ਸਪੀਡ 'ਤੇ ਭੱਜੀਆਂ ਜਾ ਰਹੀਆਂ ਸਨ। ਟਰੱਕਾਂ ਵਾਲੇ ਖੁੱਲ੍ਹ-ਖੇਡ ਮਾਣ ਰਹੇ ਸਨ।

ਨਦਾਮਪੁਰ ਦਾ ਪੁਲ ਲੰਘ ਕੇ ਉਨ੍ਹਾਂ ਦੀ ਬੱਸ ਨੇ ਤੇਜ਼ ਰਫ਼ਤਾਰ ਫੜ ਲਈ। ਸਾਹਮਣਿਓਂ ਆ ਰਹੀ ਬੱਸ ਵੀ ਪੂਰੀ ਸਪੀਡ 'ਤੇ ਸੀ। ਦੋਵੇਂ ਬੱਸਾਂ ਨੇ ਇੱਕ-ਦੂਜੀ ਨੂੰ ਦੇਖਣ ਸਾਰ ਜਿਵੇਂ ਬਿੰਦ ਦੀ ਬਿੰਦ ਪੈਰ ਮਲਿਆ ਹੋਵੇ, ਪਰ ਇਹ ਕੀ, ਸਾਹਮਣੇ ਵਾਲੀ ਬੱਸ ਤਾਂ ਸੜਕ ਦੇ ਐਨ ਵਿਚਕਾਰ ਭੱਜੀ ਆ ਰਹੀ ਸੀ। ਉਹਨੇ ਤਾਂ ਭੋਰਾ ਵੀ ਪਾਸਾ ਨਹੀਂ ਵੱਟਿਆ। ਜਿਵੇਂ ਬੱਸ ਦਾ ਡਰਾਈਵਰ ਸੁੱਤਾ ਪਿਆ ਹੋਵੇ। ਜਿਵੇਂ ਉਹ ਬੱਸ ਦਾ ਸਟੇਅਰਿੰਗ ਜਾਮ ਹੋ ਗਿਆ ਹੋਵੇ। ਉਹ ਬੱਸ ਜਿਵੇਂ ਅੰਨ੍ਹੀ ਹੋਵੇ। ਨੱਕ ਦੀ ਸੇਧ ਭੱਜੀ ਆ ਰਹੀ ਸੀ। ਉਨ੍ਹਾਂ ਵਾਲੀ ਬੱਸ ਹੋਰ ਕਿੰਨੀ ਕੁ ਵੱਟੀ ਜਾ ਸਕਦੀ।

ਬਿੱਕਰ ਠੀਕ ਜਿਹਾ ਹੋ ਕੇ ਬੈਠ ਗਿਆ। ਮੂਹਰਲੀ ਸੀਟ ਦੇ ਝੰਡੇ ਨੂੰ ਘੁੱਟ ਕੇ ਫੜ ਲਿਆ। ਉਹਦੀ ਨਿਗਾਹ ਸਾਹਮਣੇ ਸੀ। ਅੱਖਾਂ ਵੱਡੀਆਂ ਹੋਈਆਂ। ਇੱਕ ਬਿੰਦ ਉਹਨੂੰ ਲੱਗਿਆ, ਜਿਵੇਂ ਸਾਹਮਣੇ ਧੁੰਦ ਹੀ ਧੁੰਦ ਹੋਵੇ। ਸਾਹਮਣੇ ਵਾਲੀ ਬੱਸ ਕੋਈ ਬੱਸ ਕਾਹਨੂੰ, ਇੱਕ ਝੌਲਾ ਸੀ, ਬੱਸ ਦਾ। ਅਸਲ ਵਿੱਚ ਇਹ ਧੁੰਦ ਉਹਦੀਆਂ ਅੱਖਾਂ ਵਿੱਚ ਹੀ ਕਿਧਰੋਂ ਉਤਰ ਆਈ ਸੀ।

ਸਾਹਮਣਿਓਂ ਸਿੱਧੀ ਆਉਂਦੀ ਬੱਸ ਦੇਖ ਕੇ ਉਸ ਬੱਸ ਦੀਆਂ ਸਵਾਰੀਆਂ ਨੂੰ ਜਿਵੇਂ ਸਕਤਾ ਮਾਰ ਗਿਆ ਹੋਵੇ। ਜਿਵੇਂ ਉਨ੍ਹਾਂ ਦੇ ਬੁੱਲ੍ਹ ਸਿਉਂ ਦਿੱਤੇ ਗਏ ਹੋਣ। ਜਿਵੇਂ ਕਸਾਈ ਦਾ ਟੋਕਾ ਦੇਖ ਕੇ ਬੱਕਰਾ ਗਰਦਨ ਝੁਕਾ ਲੈਂਦਾ ਹੈ, ਕੁੰਦਾ ਤੱਕ ਨਹੀਂ। ਜ਼ੋਰਾ ਸਿੰਘ ਨੇ ਆਪਣੀਆਂ ਅੱਖਾਂ ਅੱਗੇ ਬਾਂਹ ਕਰ ਲਈ। ਕਬੂਤਰ ਸੋਚਦਾ ਹੈ, ਉਹ ਅੱਖਾਂ ਮੀਚ ਲਵੇ ਤਾਂ ਬਿੱਲੀ ਨੂੰ ਦਿੱਸੇਗਾ ਨਹੀਂ।

ਦਹਿਲ

157