ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਇੰਜਣ ਜਿਵੇਂ ਚੱਟਾਨ ਨਾਲ ਜਾ ਵੱਜੇ ਹੋਣ। ਖੱਖੜੀ ਵਾਂਗ ਖਿੰਡ ਗਿਆ, ਬੱਸਾਂ ਦਾ ਪੁਰਜ਼ਾ-ਪੁਰਜ਼ਾ। ਬਾਡੀਆਂ ਪੀਪੀਆਂ ਵਾਂਗ ਮਚਕੋੜ ਦਿੱਤੀਆਂ ਗਈਆਂ। ਹਾਏ ਕੁਰਲਾਹਟ ਮੱਚੀ ਹੋਈ ਸੀ। ਦੋਵੇਂ ਡਰਾਈਵਰ ਸਟੇਅਰਿੰਗਾਂ ਵਿੱਚ ਹੀ ਫਸੇ ਰਹਿ ਗਏ। ਚਾਲੀ ਸਵਾਰੀਆਂ ਬੱਸਾਂ ਦੇ ਅੰਦਰ ਹੀ ਮਰ ਚੁੱਕੀਆਂ ਸਨ। ਸੀਟਾਂ ਦੇ ਕਿੱਲ ਉਨ੍ਹਾਂ ਦੀਆਂ ਛਾਤੀਆਂ ਵਿੱਚ ਧੱਸ ਗਏ ਸਨ। ਮੱਥੇ ਫਟ ਗਏ।

ਸਮੁੰਦਰ ਵਿੱਚ ਡੁੱਬੇ ਜਹਾਜ਼ ਦੀਆਂ ਵੀ ਕੁਝ ਨਾ ਕੁਝ ਸਵਾਰੀਆਂ ਬਚ ਰਹਿੰਦੀਆਂ ਹਨ ਤੇ ਫੇਰ ਉਨ੍ਹਾਂ ਨੂੰ ਵੀ ਕਿਵੇਂ ਨਾ ਕਿਵੇਂ ਧਰਤੀ ਦਾ ਸੁੱਕਾ ਕਿਨਾਰਾ ਨਸੀਬ ਹੋ ਜਾਂਦਾ ਹੈ। ਏਵੇਂ ਹੀ ਦੋਵੇਂ ਬੱਸਾਂ ਦੇ ਕੁਝ ਮੁਸਾਫ਼ਰ, ਜਿਨ੍ਹਾਂ ਦੇ ਹੱਡ-ਗੋਡੇ ਹੀ ਫੁੱਟੇ ਸਨ, ਆਪਣੇ ਆਪ ਬੱਸਾਂ ਤੋਂ ਬਾਹਰ ਨਿਕਲ ਆਏ। ਕੁਝ ਉਹ ਸਨ, ਜਿਨ੍ਹਾਂ ਨੂੰ ਸੀਟਾਂ ਵਿਚੋਂ ਖਿੱਚ ਕੇ ਬਾਹਰ ਕੱਢ ਲਿਆ ਗਿਆ। ਸੱਟਾਂ ਚਾਹੇ ਬਹੁਤ ਸਨ, ਪਰ ਉਹ ਬਚਾਏ ਜਾ ਸਕਦੇ ਸਨ। ਪੰਦਰਾਂ-ਵੀਹ ਮਿੰਟਾਂ ਬਾਅਦ ਇੱਕ ਹੋਰ ਬੱਸ ਸੰਗਰੂਰ ਵੱਲੋਂ ਆਈ, ਉਸ ਦੀਆਂ ਸੇਵਾ ਭਾਵ ਵਾਲੀਆਂ ਦਲੇਰ ਸਵਾਰੀਆਂ ਨੇ ਇਹ ਸ਼ਭ ਕਾਰਜ ਕੀਤਾ। ਜਿਹੜੇ ਵਿੱਚ ਦਮ ਤੋੜ ਗਏ, ਉਨ੍ਹਾਂ ਨੂੰ ਕਿਸੇ ਨੇ ਨਹੀਂ ਕੱਢਿਆ। ਉਨ੍ਹਾਂ ਨੂੰ ਤਾਂ ਕੋਈ ਘੰਟੇ-ਡੇਢ ਘੰਟੇ ਬਾਅਦ ਬਾਹਰ ਲਿਆਂਦਾ। ਨੇੜੇ ਦੇ ਖੇਤ ਵਿੱਚ ਪਈਆਂ ਲੋਥਾਂ ਮੈਦਾਨ-ਏ-ਜੰਗ ਦਾ ਕੋਝਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ।

ਜ਼ੋਰਾ ਸਿੰਘ ਖ਼ੁਦ ਹੀ ਬੱਸ ਵਿਚੋਂ ਬਾਹਰ ਨਿਕਲਿਆ ਸੀ। ਉਹਦੀਆਂ ਚੱਪਣੀਆਂ ਵਿਚੋਂ ਲਹੂ ਵਗ ਰਿਹਾ ਸੀ। ਦੋਵੇਂ ਗੋਡਿਆਂ ਤੋਂ ਪੈਂਟ ਫਟ ਗਈ। ਖੱਬੇ ਪੈਰ ਦੀ ਛੱਤ 'ਤੇ ਝਰੀਟਾਂ ਸਨ। ਮੱਥੇ 'ਤੇ ਇੱਕ ਜ਼ਖ਼ਮ ਸੀ, ਜੋ ਬਹੁਤ ਡੂੰਘਾ ਨਹੀਂ ਸੀ। ਇੱਕ ਜੇਬ ਕੋਲੋਂ ਕੋਟ ਲੰਗਾਰਿਆ ਗਿਆ ਸੀ। ਬੱਸ ਵਿਚੋਂ ਨਿਕਲ ਕੇ ਉਹ ਪਰ੍ਹਾਂ ਇੱਕ ਕਿੱਕਰ ਥੱਲੇ ਘਾਹ ਤੇ ਲੇਟ ਗਿਆ। ਹਾਏ-ਹਾਏ ਕਰ ਰਿਹਾ ਸੀ। ਕਦੇ-ਕਦੇ ਬੈਠਾ ਹੋ ਜਾਂਦਾ ਅਤੇ ਲੋਥਾਂ ਵੱਲ ਝਾਕ ਕੇ ਤੇ ਜ਼ਖ਼ਮੀਆਂ ਦੀਆਂ ਚੀਕਾਂ ਸੁਣ ਕੇ ਫੇਰ ਲੇਟ ਜਾਂਦਾ। ਉਹਨੂੰ ਕੋਈ ਪਤਾ ਨਹੀਂ ਸੀ ਕਿ ਬਿੱਕਰ ਕਿੱਥੇ ਹੈ। ਜਿਉਂਦਾ ਵੀ ਹੈ ਜਾਂ ਮਰ ਗਿਆ।

ਬਿੱਕਰ ਬੱਸ ਵਿੱਚ ਹੀ ਸੀਟਾਂ ਵਿਚਕਾਰ ਫਸਿਆ ਪਿਆ ਸੀ। ਬੱਸਾਂ ਦੀ ਟੱਕਰ ਹੁੰਦੇ ਹੀ ਉਹ ਬੇਹੋਸ਼ ਹੋ ਗਿਆ। ਉਹਨੂੰ ਕਿਸੇ ਨੇ ਬਾਹਰ ਨਹੀਂ ਕੱਢਿਆ। ਅਗਲਿਆਂ ਨੇ ਸੋਚਿਆ ਹੋਵੇਗਾ, ਬੋਲਦਾ ਨਹੀਂ, ਹਿੱਲਦਾ-ਜੁਲਦਾ ਨਹੀਂ, ਮਰ ਗਿਆ। ਰੱਬ-ਤਵੱਕੋ ਹੀ ਫੇਰ ਉਹਨੂੰ ਸੁਰਤ ਆਈ ਸੀ। ਉਹਨੇ ਬਥੇਰਾ ਹੱਥ-ਪੈਰ ਮਾਰੇ, ਪਰ ਉਹਦੇ ਕੋਲੋਂ ਆਪਣਾ ਸਰੀਰ ਚੁੱਕਿਆ ਨਹੀਂ ਜਾ ਰਿਹਾ ਸੀ। ਮੂਹਰਲੀ ਸੀਟ ਥੱਲੇ ਉਹਦੀਆਂ ਲੱਤਾਂ ਫਸੀਆਂ ਪਈਆਂ ਸਨ। ਸੱਜੀ ਬਾਂਹ 'ਤੇ ਭਾਰ ਨਹੀਂ ਪੈਂਦਾ ਸੀ। ਖੱਬਾ ਹੱਥ ਮੂਹਰਲੀ ਸੀਟ ਦੇ ਡੰਡੇ ਨੂੰ ਪਾ ਕੇ ਉਹ ਉੱਠਣ ਦਾ ਊਰ੍ਹਮਾ ਕਰਦਾ ਤਾਂ ਮੂਹਰਲੀ ਸੀਟ ਉਹਦੇ 'ਤੇ ਹੋਰ ਡਿੱਗਣ ਨੂੰ ਆਉਂਦੀ। ਉਹਨੇ ਆਪਣੇ ਸਿਰ ਨੂੰ ਹੱਥ ਮਾਰਿਆ। ਸਿਰ 'ਤੇ ਪੱਗ ਨਹੀਂ ਸੀ। ਉਹਨੇ ਟੋਹ-ਟੋ ਸਿਰ ਦਾ ਚਾਰ-ਚੁਫ਼ੇਰਾ ਦੇਖਿਆ, ਕਿਤੇ ਵੀ ਉਹਦਾ ਹੱਥ ਲਹੂ ਨਾਲ ਨਹੀਂ ਭਰਿਆ। ਉਹਨੇ ਹੌਸਲਾ ਫੜਿਆ, ਸਿਰ ਕਾਇਮ ਹੈ, ਹੁਣ ਉਹ ਮਰਦਾ ਨਹੀਂ। ਸਰੀਰ ਦੀਆਂ ਦੂਜੀਆਂ ਸੱਟਾਂ ਨੂੰ ਉਹ ਨਹੀਂ ਗੌਲੇਗਾ। ਕਿਸੇ ਅੰਗ ਤੋਂ ਮਾਰਿਆ ਗਿਆ ਤਾਂ ਕੀ, ਘੱਟੋ-ਘੱਟ ਜਾਨ ਤਾਂ ਬਚੀ ਰਹੇਗੀ।

158

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ