ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/159

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨੇ ਉੱਚੀ-ਉੱਚੀ ਹਾਕਾਂ ਮਾਰੀਆਂ, 'ਓਏ ਕੋਈ ਹੈ? ਕੱਢ ਲਓ ਓਏ ਮੈਨੂੰ। ਓਏ ਮੈਂ ਜਿਉਨਾਂ। ਓਏ ਖਸਮੋ।'

ਹੁਣ ਤੱਕ ਕਿੰਨੇ ਹੀ ਲੋਕ ਟੁੱਟੀਆਂ ਬੱਸਾਂ ਦੇ ਆਲੇ-ਦੁਆਲੇ ਫਿਰ-ਤੁਰ ਰਹੇ ਸਨ। ਉਹਦੀ ਅਵਾਜ਼ ਬਾਹਰ ਤੱਕ ਗਈ ਤਾਂ ਦੋ ਜਣੇ ਕਿਵੇਂ ਨਾ ਕਿਵੇਂ ਅੰਦਰ ਆ ਵੜੇ। ਜਦੋਂ-ਜਹਿਦ ਬਾਅਦ ਉਹਨੂੰ ਬਾਹਰ ਕੱਢਿਆ ਗਿਆ। ਉਹਨੂੰ ਸੜਕ ਕਿਨਾਰੇ ਲਿਆ ਦਿੱਤਾ। ਉਹਦੇ ਜ਼ਖ਼ਮਾਂ 'ਤੇ ਉਹਦੀ ਟੁੱਟ-ਭੱਜ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਜ਼ਖ਼ਮੀ ਬੰਦੇ ਹੋਰ ਵੀ ਤਾਂ ਬਹੁਤ ਏਧਰ-ਉਧਰ ਲੇਟੇ ਹੋਏ ਸਨ। ਟਰੱਕਾਂ ਦੀ ਉਡੀਕ ਕੀਤੀ ਜਾ ਰਹੀ ਸੀ ਤਾਂ ਕਿ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾਵੇ। ਲਾਸ਼ਾਂ ਤਾਂ ਲਾਸ਼ਾਂ ਹਨ, ਫੇਰ ਸੰਭਾਲ ਲਈਆਂ ਜਾਣਗੀਆਂ।

'ਛੋਟਿਆ, ਗੱਲ ਸੁਣ ਓਏ। ਉਹਨੇ ਥੋੜਾ ਪਰੇ ਖੜ੍ਹੇ ਪਾਲੀ-ਮੁੰਡੇ ਨੂੰ ਬੁਲਾਇਆ। ਮੁੰਡਾ ਨੇੜੇ ਆ ਗਿਆ। ਉਹਦੇ ਹੱਥ ਵਿੱਚ ਸੋਟੀ ਸੀ। ਬਾਂਹ ਵਿੱਚ ਸਾਈਕਲ ਦੀ ਤਾਰ ਦੇ ਵੰਗਣੇ ਵਾਲਾ ਟੀਨ ਦਾ ਡੱਬਾ।

ਉਹ ਔਖਾ-ਸੁਖਾਲਾ ਹੋ ਕੇ ਬੈਠ ਗਿਆ। ਮੁੰਡਾ ਇੱਕ ਪੱਗ ਚੁੱਕ ਲਿਆਇਆ। ਕਹਿੰਦਾ, 'ਔਹ ਪੱਗ ਚੁੱਕ ਕੇ ਲਿਆ ਉਰੇ।' ਏਧਰ-ਉੱਧਰ ਕਈ ਪੱਗਾਂ ਪਈਆਂ ਸਨ। ਅੱਧ-ਸੁੱਕੀਆਂ, ਅੱਧੀਆਂ ਮੈਲੇ ਨਾਲ ਗੜੁੱਚ।

'ਸੁੱਕਾ ਜ੍ਹਾ ਥਾਂ ਦੇਖ ਕੇ ਪਾੜ ਲੈ ਇਹਨੂੰ।'

ਮੁੰਡੇ ਨੇ ਪੱਗ ਦੇ ਗਜ਼-ਗਜ਼ ਦੇ ਦੋ ਟੋਟੇ ਕਰ ਲਏ। ਲਹੂ ਲਿੱਬੜਿਆ ਕੱਪੜਾ ਪਰ੍ਹਾਂ ਵਗਾਹ ਮਾਰਿਆ।

ਬਿੱਕਰ ਦੀ ਖੱਬੀ ਲੱਤ ਦੀ ਸੁਕੜੰਜ ਤੋਂ ਮਾਸ ਦਾ ਖਲੇਪੜ ਲਹਿ ਕੇ ਲੱਤ ਦੇ ਨਾਲ ਹੀ ਲਟਕ ਰਿਹਾ ਸੀ। ਕੱਪੜੇ ਦੀ ਟਾਕੀ ਵਾਂਗ ਮੋੜ ਕੇ ਨੰਗੀ ਹੱਡੀ 'ਤੇ ਮਾਸ ਉਹਨੇ ਥਾਂ ਦੀ ਥਾਂ ਚਮੇੜ ਦਿੱਤਾ। ਮੁੰਡੇ ਨੂੰ ਕਿਹਾ, 'ਲੈ ਇੱਕ ਟੋਟੇ ਨਾਲ ਏਥੋਂ ਬੰਨ੍ਹ ਦੇ। ਦੂਜੇ ਟੋਟੇ ਨਾਲ ਉਹਨੇ ਉਸੇ ਲੱਤ ਦੀ ਅੱਡੀ ਬੰਨ੍ਹਵਾ ਲਈ। ਅੱਡੀ ਦਾ ਮਾਸ ਵੀ ਇਉਂ ਲੱਥ ਗਿਆ ਸੀ, ਜਿਵੇਂ ਗਿੱਲੀ ਲੱਕੜ ਦੀ ਵਿਲਕ।

ਉਹਦੀ ਸੱਜੀ ਬਾਂਹ ਤਿੰਨ ਥਾਂ ਤੋਂ ਟੁੱਟ ਗਈ ਸੀ। ਖੱਬੇ ਹੱਥ ਨਾਲ ਉਹਨੇ ਟੋਹ ਕੇ ਦੇਖਿਆ, ਤਿੰਨ ਥਾਂ ਡੂੰਘ ਪਏ ਹੋਏ ਸਨ। 'ਛੋਟਿਆ, ਹੁਣ ਐਧਰੋਂ ਕਿਤੋਂ ਕੋਈ ਫੱਟੀ ਜ੍ਹੀ ਲਿਆ ਭਾਲ ਕੇ। ਬੱਸ ਕੰਨੀ ਜਾਹ। ਬਾਡੀ ਦੀ ਲੱਕੜ ਪਈ ਹੋਣੀ ਐ ਛੋਟੀ ਜ੍ਹੀ ਕੋਈ।

ਮੁੰਡਾ ਡੇਢ ਕੁ ਗਿੱਠ ਲੰਮੀ ਫੱਟੀ ਚੱਕ ਲਿਆਇਆ

'ਲੈ ਹੁਣ, ਇਹ ਫੱਟੀ ਮੇਰੀ ਏਸ ਬਾਂਹ ਨਾਲ ਲਾ ਕੇ ਘੁੱਟ ਕੇ ਬੰਨ੍ਹ ਦੇ। ਹੋਰ ਸਾਫ਼ਾ ਚੱਕ ਲਿਆ ਐਥੋਂ ਕਿਤੇ।

ਮੁੰਡੇ ਨੇ ਫੱਟੀ ਲਾ ਕੇ ਬਾਂਹ ਬੰਨ੍ਹ ਦਿੱਤੀ। ਬਿੱਕਰ ਦਾ ਸਾਰਾ ਕੰਮ ਕਰਕੇ ਪਾਲੀ-ਮੁੰਡਾ ਕਹਿੰਦਾ, 'ਬਾਈ, ਪਾਣੀ ਲਿਆਵਾਂ ਤੈਨੂੰ ਪੀਣ ਨੂੰ?'

ਪਾਣੀ ਪੀ ਕੇ ਬਿੱਕਰ ਪੈ ਗਿਆ। ਉਹਦਾ ਚਿੱਤ ਟਿਕਾਣੇ ਸੀ।

ਦਹਿਲ
159