ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਟਰੱਕ ਵਿੱਚ ਜ਼ੋਰਾ ਸਿੰਘ ਉਹਦੇ ਕੋਲ ਹੀ ਪਿਆ ਸੀ। ਹਾਏ-ਹਾਏ ਕਰ ਰਿਹਾ ਸੀ। ਵਿੱਚ-ਵਿੱਚ ਵਾਹਿਗੁਰੂ ਦਾ ਨਾਉਂ ਵੀ ਲੈਂਦਾ। ਦੋਵਾਂ ਨੇ ਇੱਕ-ਦੂਜੇ ਨੂੰ ਸਿਆਣਾ ਲਿਆ। ਬਿੱਕਰ ਪੁੱਛਣ ਲੱਗਿਆ, 'ਓਏ ਤੇਰੇ ਕਿੱਥੇ-ਕਿੱਥੇ ਸੱਟਾਂ ਨੇ?'

'ਹਾਏ, ਗੋਡੇ ਫੁੱਟ ਗੇ। ਆਹ ਮੱਥਾ ਦੇਖ।'

'ਓਏ, ਕੁੱਛ ਟੁੱਟਿਆ ਤਾਂ ਨ੍ਹੀਂ?'

'ਟੁੱਟਿਆ, ਕੁੱਛ ਨ੍ਹੀਂ, ਭਰਾਵਾ।'

'ਫੇਰ ਹਾਏ-ਹਾਏ ਕਿਉਂ ਕਰਦੈ। ਚੁੱਪ ਕਰਕੇ ਪਿਆ ਰਹਿ। ਹਸਪਤਾਲ ਜਾ ਕੇ ਸਭ ਠੀਕ ਹੋ ਜੂਗਾ।'

ਜ਼ੋਰਾ ਸਿੰਘ ਨੇ ਥੋੜ੍ਹਾ ਚਿਰ ਮੂੰਹ ਘੁੱਟ ਕੇ ਰੱਖਿਆ। ਪਰ ਫੇਰ ਉਹਦੇ ਮੂੰਹੋਂ ਹਾਏ ਨਿਕਲ ਗਈ।

'ਓਏ ਤੂੰ ਚੁੱਪ ਕਰਕੇ ਨੀ ਪੈਂਦਾ? ਸਾਲਿਆ, ਮੇਰੀ ਬਾਂਹ ਜਮ੍ਹਾਂ ਗਈ। ਲੱਤ ਦਾ ਪਤਾ ਨ੍ਹੀਂ ਕਿੰਨੀ ਕੁ ਸੱਟ ਐ। ਤੂੰ ਊਂਈ....

ਸੰਗਰੂਰ ਹਸਪਤਾਲ ਵਿੱਚ ਫੱਟੜ ਸਵਾਰੀਆਂ ਨਾਲ ਕਮਰੇ ਭਰ ਗਏ। ਕੁਝ ਇੱਕ ਤਾਂ ਦੋ-ਚਾਰ ਘੰਟੇ ਰੱਖ ਕੇ ਘਰਾਂ ਨੂੰ ਤੋਰ ਦਿੱਤੇ ਗਏ। ਇੱਕ-ਇੱਕ, ਦੋ-ਦੋ ਦਿਨਾਂ ਬਾਅਦ ਹੋਰ ਵੀ ਕਈ ਚਲੇ ਗਏ। ਉਨ੍ਹਾਂ ਦੇ ਟਾਂਕੇ ਲੱਗੇ ਸਨ। ਬਿੱਕਰ ਦੀ ਬਾਂਹ ਦਾ ਪਲੱਸਤਰ ਕਰ ਦਿੱਤਾ ਗਿਆ। ਲੱਤ ਤੇ ਪੱਟੀ ਹੁੰਦੀ ਰਹੀ। ਲੱਤ ਦੀ ਹੱਡੀ ਕੋਈ ਨਹੀਂ ਟੁੱਟੀ ਸੀ। ਬਿੱਕਰ ਸਿੰਘ ਕੁਝ ਦਿਨਾਂ ਬਾਅਦ ਘਰ ਆ ਗਿਆ। ਉਹਨੂੰ ਖ਼ੁਸ਼ੀ ਸੀ ਕਿ ਉਹ ਜਾਨੋਂ ਬਚ ਗਿਆ। ਸਰੀਰ ਦੀ ਮਿੱਟੀ ਦਾ ਕੀਹ ਐ, ਟੋਏ ਆਪੇ ਭਰ ਜਾਂਦੇ ਨੇ। ਉਹਨੂੰ ਗਹਿਰਾ ਦੁੱਖ ਇਹੀ ਸੀ ਕਿ ਜ਼ੋਰਾ ਸਿੰਘ ਵਿਚਾਰਾ ਦਹਿਲ ਨਾਲ ਹੀ ਮਰ ਗਿਆ। ਹਸਪਤਾਲ ਜਾ ਕੇ ਇੱਕ ਰਾਤ ਮਸ੍ਹਾਂ ਕੱਟੀ।

160

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ