ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਆਇਆ ਹੈ ਵਿਚਾਰਾ-ਹਿੰਦੂ ਪੰਜਾਬੀ ਭਰਾ ਹੈ। ਪਰ ਦੁਕਾਨ ਦੇ ਦੂਜੇ ਨੌਕਰ ਨੰਦ ਲਾਲ ਦੀ ਨਿੱਕੀ ਜਿਹੀ ਭੁੱਲ ਨੂੰ ਐਨਾ ਉਛਾਲ ਕਿਉਂ ਦਿੰਦੇ ਨੇ। ਨੰਦ ਲਾਲ ਨੂੰ ਇਹ ਬਹੁਤ ਅੱਖਰਦਾ ਹੈ, ਬਹੁਤ ਚੁਭਦਾ ਹੈ। ਉੱਧਰ ਪੰਜਾਬ ਵਿੱਚ ਵੀ ਤਾਂ ਇਹੀ ਕੰਮ ਕਰਦਾ ਆਇਆ-ਪੰਦਰਾਂ ਸਾਲਾਂ ਤੋਂ ਇਹੀ ਕੰਮ ਕਰਦਾ ਸੀ। ਉਨ੍ਹਾਂ ਦੇ ਸ਼ਹਿਰ ਦਾ ਸੇਠ ਵਲਾਇਤੀ ਰਾਮ ਤਿਪਰ ਚੰਦ ਨਾਲੋਂ ਕਿਤੇ ਵੱਡਾ ਵਪਾਰੀ ਸੀ, ਕੱਪੜੇ ਦਾ। ਵਲਾਇਤੀ ਰਾਮ ਦੀ ਦੁਕਾਨ 'ਤੇ ਉਹ ਸਭ ਤੋਂ ਸਿਆਣਾ ਤੇ ਇਮਾਨਦਾਰ ਨੌਕਰ ਗਿਣਿਆ ਜਾਂਦਾ। ਇੰਝ ਬੈਠਦਾ ਤੇ ਇੰਝ ਗਾਹਕ ਨਾਲ ਗੱਲ ਕਰਦਾ, ਜਿਵੇਂ ਉਹ ਖ਼ੁਦ ਦੀ ਦੁਕਾਨ ਦਾ ਮਾਲਕ ਹੋਵੇ ਜਾਂ ਸੇਠ ਵਲਾਇਤੀ ਰਾਮ ਦਾ ਕੋਈ ਭਾਈ-ਭਤੀਜਾ। ਪਰ ਏਥੇ ਆ ਕੇ-ਏ ਪੰਜਾਬੀ, ਕੈਸਾ ਕਰਤਾ? ਕੱਪੜਾ ਪਕੜਾਨਾ ਨਹੀਂ ਆਤਾ ਕਿਆ?' ਤੇ ਫੇਰ ਉਹ ਇੱਕ ਦਿਨ ਗੱਲਾਂ ਕਰ ਰਹੇ ਹੁੰਦੇ ਹਨ-ਯੇਹ ਸਾਲੇ ਸਬ ਏਕ ਸੇ ਹੈ। ਅੰਦਰ ਸੇ ਯੇਹ ਬੀ ਉਗਰਵਾਦੀ ਲੱਗਾ। ਆਂਖ ਦੇਖੋ ਕੈਸਾ ਨਿਕਾਲ। ਦਾੜ੍ਹੀ ਬੜ੍ਹਾ ਕੇ ਪਗੜੀ ਬਾਂਧੇ, ਚਾਹੇ ਇਸ ਜੈਸਾ ਬਾਲ ਕਟਵਾ ਕੇ ਰਖੇ, ਇਨਕਾ ਕੋਈ ਪਤਾ ਨਹੀਂ ਬਾਬਾ... ਬਚ ਕੇ ਰਹਿਨਾ ਸਾਲੇ ਸੇ ...ਤੇ ਜ਼ੋਰ ਦਾ ਹੱਸੇ ਹਨ।

ਲੱਗਦਾ ਹੈ, ਉਹ ਇੱਥੇ ਉਸ ਨੂੰ ਟਿਕਣ ਨਹੀਂ ਦੇਣਗੇ।

ਉਹਦਾ ਆਪਣਾ ਤਾਂ ਕੁਝ ਨਹੀਂ, ਉਹ ਨਰਮ ਰਹਿ ਕੇ ਦਿਨ ਕੱਟ ਲਵੇਗਾ, ਪਰ ਉਹਦੇ ਮੁੰਡੇ ਦੀ ਰੇੜ੍ਹੀ ਵੀ ਤਾਂ ਨਹੀਂ ਲੱਗਣ ਦਿੱਤੀ ਜਾ ਰਹੀ। ਓਸ ਢਾਂਗੇ ਜਿਹੇ ਬਿਸ਼ੰਭਰ ਦਾਸ ਨੇ ਅੱਜ ਫੇਰ ਪ੍ਰਮਾਤਮਾ ਨੰਦ ਨੂੰ ਕੁੱਟ ਦਿੱਤਾ ਹੈ। ਅਖੇ ਜੀ-ਤੁਮ ਉੱਚਾ ਕਿਉਂ ਬੋਲਤਾ ਇਤਨਾ।

'ਅਜੀਬ ਗੱਲ ਹੈ, ਉਹ ਉੱਚਾ ਬੋਲ ਕੇ ਹੋਕਾ ਨਹੀਂ ਦੇਵੇਗਾ ਤਾਂ ਸਬਜ਼ੀ ਲੈਣ ਕੌਣ ਆਵੇਗਾ?'

ਨੰਦ ਲਾਲ ਪੰਜਾਬ ਦਾ ਹਿੰਦੂ ਹੈ। ਉਹਦੇ ਲਈ ਇਹ ਕਸ਼ਟ ਦਾ ਇੱਕ ਅਹਿਸਾਸ ਹੈ ਕਿ ਉਹ ਪੰਜਾਬ ਵਿੱਚ 'ਹਿੰਦੂ ਹੈ। ਤੇ ਪੰਜਾਬ ਤੋਂ ਬਾਹਰ 'ਪੰਜਾਬੀ ਪੰਜਾਬ ਵਿੱਚ ਸ਼ਹਿਰ ਕੋਲ ਉਹਦਾ ਪਿੰਡ ਹੈ। ਸ਼ਹਿਰ ਤੋਂ ਤਿੰਨ ਮੀਲ ਦੂਰ ਸਾਹ ਸੂਤ ਲੈਣ ਵਾਲਾ ਆਤੰਕ ਤਾਂ ਹਰ ਪਿੰਡ, ਸ਼ਹਿਰ ਵਿੱਚ ਹੈ। ਹਰ ਪੰਜਾਬੀ ਹਿੰਦੂ ਦੇ ਮਨ ਵਿੱਚ ਦਹਿਸ਼ਤ ਦੂਰ ਗਹਿਰਾਈ ਤੱਕ ਉਤਰ ਗਈ ਹੈ। ਪਿੰਡਾਂ ਦੇ ਹਿੰਦੂ ਪਰਿਵਾਰ ਉੱਠ ਕੇ ਸ਼ਹਿਰਾਂ ਵਿੱਚ ਆ ਵੱਸੇ ਹਨ। ਸੋਚਦੇ ਹਨ, ਸ਼ਹਿਰਾਂ ਵਿੱਚ ਤਾਂ ਬਚਾਓ ਹੈ, ਫੇਰ ਵੀ ਕੁਝ ਬਹੁਤੇ ਫੇਰ ਵਾਪਸ ਵੀ ਆਪਣੇ ਪਿੰਡਾਂ ਨੂੰ ਚਲੇ ਗਏ। ਪੰਚਾਇਤਾਂ ਆਈਆਂ ਤੇ ਉਨ੍ਹਾਂ ਨੂੰ ਮੋੜ ਕੇ ਲੈ ਗਈਆਂ। ਅਖੇ, 'ਤੁਹਾਡੇ ਬਗੈਰ ਸਾਡਾ ਗੁਜ਼ਾਰਾ ਨਹੀਂ। ਕੁਝ ਹਿੰਦੂ ਪਰਿਵਾਰ ਬਹੁਤ ਤੱਤੇ ਵਗੇ ਤੇ ਪੰਜਾਬ ਛੱਡ ਹੀ ਦਿੱਤਾ। ਦੂਜੇ ਸੂਬਿਆਂ ਵਿੱਚ ਜਾ ਵਸੇ। ਅਖੇ, ਓਥੇ ਆਪਣੇ ਹਿੰਦੂ ਭਰਾਵਾਂ ਵਿੱਚ ਰਹਾਂਗੇ।'

ਪੰਜਾਬ ਵਿੱਚ ਨੰਦ ਲਾਲ ਨਿੱਤ ਸਵੇਰੇ ਅੱਠ ਵਜੇ ਆਪਣੇ ਪਿੰਡਾਂ ਸਾਈਕਲ 'ਤੇ ਚੱਲਦਾ ਤੇ ਸ਼ਹਿਰ ਪਹੁੰਚਦਾ। ਸੇਠ ਵਲਾਇਤੀ ਰਾਮ ਤੋਂ ਚਾਬੀ ਲੈ ਕੇ ਦੁਕਾਨ ਓਹੀ ਖੋਲ੍ਹਦਾ ਹੁੰਦਾ ਤੇ ਨਿੱਤ ਦਾ ਕਾਰ-ਵਿਹਾਰ ਚੱਲਣ ਲੱਗਦਾ।ਉਹ ਸ਼ਾਮ ਨੂੰ ਅੱਠ ਵਜੇ ਹੀ ਪਿੰਡ ਮੁੜਦਾ।

162

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ