ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/163

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਨੰਦ ਲਾਲ ਦਾ ਮੁੰਡਾ ਪਰਮਾਤਮਾ ਨੰਦ ਸਵੇਰੇ ਪੰਜ ਵਜੇ ਪਿੰਡਾਂ ਸਾਈਕਲ 'ਤੇ ਸ਼ਹਿਰ ਆਉਂਦਾ ਤੇ ਸਬਜ਼ੀ ਮੰਡੀ ਵਿਚੋਂ ਗਧੇ ਵਾਂਗ ਸਾਈਕਲ ਲੱਦ ਕੇ ਪਿੰਡ-ਪਿੰਡ ਫਿਰ ਕੇ ਸਬਜ਼ੀ ਵੇਚਦਾ।

ਨੰਦ ਲਾਲ ਦੇ ਦਿਮਾਗ਼ ਵਿੱਚ ਕੈਂਸਰ-ਰੋਗ ਜਿਹਾ ਇੱਕ ਡਰ ਬੈਠ ਗਿਆ ਸੀ ਕਿ ਉਨ੍ਹਾਂ ਦੋਵੇਂ ਪਿਓ-ਪੁੱਤਰ ਨੂੰ ਇੱਕ ਦਿਨ ਕੋਈ ਕਤਲ ਕਰ ਦੇਵੇਗਾ-ਉਹਨੂੰ ਸ਼ਾਮ ਦੇ ਹਨੇਰੇ ਵਿੱਚ ਤੇ ਉਹਦੇ ਮੁੰਡੇ ਨੂੰ ਸਵੇਰ ਦੇ ਹਨੇਰੇ ਵਿੱਚ। ਕੰਮ 'ਤੇ ਜਾਏ ਬਗੈਰ ਦੋਵਾਂ ਨੂੰ ਨਹੀਂ ਸਰਦਾ ਤੇ ਉਹ ਹਨੇਰੇ ਤੋਂ ਭੱਜ ਕੇ ਕਿਧਰੇ ਜਾ ਨਹੀਂ ਸਕਦੇ। ਇੱਕ ਦਿਨ ਇਹ ਹਨੇਰਾ ਉਨ੍ਹਾਂ ਨੂੰ ਕਾਲੇ ਨਾਗ ਵਾਂਗ ਡੁੱਸ ਲਵੇਗਾ, ਪਰ ਕਤਲ ਤਾਂ ਚਿੱਟੇ ਦਿਨ ਵੀ ਹੋ ਰਹੇ ਸਨ। ਜਿਵੇਂ ਦਿਨ ਹੋਣ ਹੀ ਨਾ, ਰਾਤ ਹੀ ਰਾਤ ਹੋਵੇ। ਕਿਉਂ ਨਾ ਉਹ ਇਸ ਹਨੇਰੇ ਨੂੰ ਚਾਨਣ ਵਿੱਚ ਬਦਲ ਲੈਣ, ਪੰਜਾਬ ਹੀ ਛੱਡ ਜਾਣ। ਸਾਰਾ ਪੰਜਾਬ ਉਨ੍ਹਾਂ ਲਈ ਇੱਕ ਰਾਤ ਹੈ। ਕ੍ਰਿਆਂ ਲੰਬੀ ਰਾਤ ਤੇ ਪੰਜਾਬ ਤੋਂ ਬਾਹਰ ਸਾਰਾ ਚਾਨਣ ਹੀ ਚਾਨਣ।

ਪੰਜਾਬ ਤੋਂ ਬਾਹਰ ਆ ਕੇ ਇਸ ਛੋਟੇ ਸ਼ਹਿਰ ਵਿੱਚ ਹੁਣ ਉਨ੍ਹਾਂ ਦਾ ਫੇਰ ਗੁਜ਼ਾਰਾ ਨਹੀਂ। ਨੰਦ ਲਾਲ ਤਾਂ ਇਹ ਸੋਚ ਕੇ ਇੱਥੇ ਆਇਆ ਸੀ ਕਿ ਹਿੰਦੂ ਭਰਾਵਾਂ ਵਿੱਚ ਰਹਾਂਗਾ, ਪਰ ਇੱਥੇ ਹਿੰਦੂ ਭਰਾਵਾਲੀ ਗੱਲ ਹੀ ਕੋਈ ਨਾ। ਸਭ ਹਿੰਦੂ ਹੀ ਹਿੰਦੂ ਹਨ, ਭਰਾ ਹੋਣ ਦਾ ਅਹਿਸਾਸ ਕਿੱਥੋਂ ਆਵੇ। ਇੱਕ ਕਿਸਮ ਦੇ ਕੀੜਿਆਂ ਵਿੱਚ ਕੀੜਾ ਹੋਣ ਦਾ ਅਹਿਸਾਸ ਕਿਸ ਨੂੰ ਹੁੰਦਾ ਹੈ। ਨੰਦ ਲਾਲ ਨੂੰ ਅਹਿਸਾਸ ਤਾਂ ਹੈ, ਪੰਜਾਬੀ ਹੋਣ ਦਾ ਬੁਰਾ ਅਹਿਸਾਸ। ਪੰਜਾਬ ਵਿੱਚ ਉਹਨੂੰ ਆਪਣਾ ਹਿੰਦੂ ਹੋਣਾ ਬੁਰਾ ਲੱਗਿਆ ਸੀ ਤੇ ਇੱਥੇ ਪੰਜਾਬੀ ਹੋਣਾ ਬੁਰਾ ਲੱਗਦਾ ਹੈ।

ਇੱਕ ਦਿਨ ਕੀ ਹੁੰਦਾ ਹੈ, ਸੇਠ ਤਿਪਰ ਚੰਦ ਉਹਨੂੰ ਨੌਕਰੀ ਤੋਂ ਜਵਾਬ ਦੇ ਦਿੰਦਾ ਹੈ। ਕਹਿੰਦਾ ਹੈ, 'ਤੇਰਾ ਦੁਜੇ ਨੌਕਰਾ ਨਾਲ ਹਰ ਰੋਜ਼ ਝਗੜਾ ਰਹਿੰਦੈ। ਤੇਰੇ। ਵਿੱਚ ਈ ਕੋਈ ਨੁਕਸ ਹੋਵੇਗਾ। ਇਹ ਐਨੇ ਨੌਕਰ ਸਾਰੇ ਥੋੜ੍ਹਾ ਝੂਠੇ ਹੋ ਗਏ। ਕਿਸੇ ਹੋਰ ਦੁਕਾਨ ਤੇ ਆਪਣਾ ਬੰਦੋਬਸਤ ਕਰ, ਭਾਈ।'

ਕਿੱਧਰ ਜਾਵੇ ਨੰਦ ਲਾਲ, ਕੀ ਕਰੇ? ਉਸ ਸ਼ਹਿਰ ਵਿੱਚ ਹੋਰ ਕੋਈ ਵੀ ਕੱਪੜੇ ਦੀ ਦੁਕਾਨ ਅਜਿਹੀ ਨਹੀਂ, ਜਿੱਥੇ ਕੋਈ ਨੌਕਰ ਰੱਖ ਲਵੇ। ਉਹ ਕਈ ਦੁਕਾਨਾਂ ਤੇ ਜਾ ਆਇਆ ਹੈ। ਹਰ ਕਿਸੇ ਨੇ ਜਵਾਬ ਦਿੱਤਾ ਹੈ, 'ਜ਼ਰੂਰਤ ਨਹੀਂ, ਬਾਈ।' ਜਾਂ, 'ਪਹਿਲੇ ਹੀ ਫਾਲਤੂ ਹੈ।

ਨੰਦ ਲਾਲ ਪਿਛਲੇ ਦਸ ਦਿਨਾਂ ਤੋਂ ਵਿਹਲਾ ਘਰ ਬੈਠਾ ਹੋਇਆ ਹੈ। ਮਾਲਕ ਮਕਾਨ ਨੇ ਇੱਕ ਕਮਰਾ ਦੋ ਮਹੀਨਿਆਂ ਲਈ ਕਿਰਾਏ 'ਤੇ ਦਿੱਤਾ ਸੀ। ਕਿਰਾਇਆ ਪੇਸ਼ਗੀ ਲੈ ਗਿਆ। ਹੁਣ ਦੋ ਮਹੀਨੇ ਪੂਰੇ ਹੋਣ ਵਾਲੇ ਹਨ। ਅਗਲੇ ਦੋ ਮਹੀਨੇ ਜਾਂ ਇੱਕ ਮਹੀਨੇ ਲਈ ਉਹ ਪੇਸ਼ਗੀ ਕਿਰਾਇਆ ਕਿੱਥੋਂ ਦੇਵੇਗਾ। ਹੋ ਸਕਦਾ ਹੈ, ਕਮਰਾ ਹੀ ਖ਼ਾਲੀ ਕਰਵਾ ਲਿਆ ਜਾਵੇ। ਪਰਮਾਤਮਾ ਨੰਦ ਵੀ ਕੋਈ ਖ਼ਾਸ ਕਮਾਈ ਕਰਕੇ ਨਹੀਂ ਲਿਆਉਂਦਾ। ਬੁਝਿਆ-ਬੁਝਿਆ ਰਹਿੰਦਾ ਹੈ। ਉਹ ਪੰਜਾਬ ਛੱਡਣ ਲਈ ਰਾਜ਼ੀ ਨਹੀਂ ਸੀ। ਆਖ ਰਿਹਾ ਸੀ, 'ਕੀ ਹੁੰਦੈ, ਬਾਈ ਜੀ, ਬੈਠੇ ਰਹੋ। ਹਨੇਰੀ ਐ ਨਿਕਲ ਜਾਵੇਗੀ।'

ਨੰਦ ਲਾਲ ਨੇ ਸੋਚਿਆ ਸੀ, 'ਜਵਾਨੀ ਦੀ ਉਮਰ ਐ। ਮੁੰਡੇ ਨੂੰ ਜ਼ਮਾਨੇ ਦਾ ਕੀ ਬਹੂ-ਪਤਾ? ਇਹਨੂੰ ਹਵਾ ਦੀ ਕੀ ਪਛਾਣ? ਅਸੀਂ ਤਾਂ ਦੁਨੀਆਂ ਦੇਖੀ ਐ। ਮੈਂ ਤਾਂ ਸੰਤਾਲੀ ਸੁਣਿਆ ਹੋਇਐ, ਭਾਈ। ਹੂੰਝਾ ਈ ਫਿਰ ਗਿਆ ਤਾਂ ਕੀਹਦੀ ਮਾਂ ਨੂੰ ਮਾਸੀ ਆਖਾਂਗੇ?'

ਆਪਣੀ ਧਰਤੀ

163