ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਸਾਲਾਂ ਤੋਂ ਦਿੱਲੀ ਰਹਿੰਦੇ ਇੱਕ ਸਿੱਖ-ਦੋਸਤ ਦਾ ਖ਼ਤ, ਸੱਚ ਜਾਣ, ਅੰਦਰੋਂ ਇੱਕ ਹਿੱਸਾ ਮਰ ਗਿਆ ਹੈ। ਭੁੱਖ ਨਹੀਂ ਲੱਗਦੀ, ਨੀਂਦ ਨਹੀਂ ਆਉਂਦੀ। ਆਪਣੇ ਅੰਦਰੋਂ ਅਤੇ ਆਲੇ-ਦੁਆਲੇ ਵਿਚੋਂ ਜਿਉਂਦੇ ਸੜ ਰਹੇ ਬੰਦਿਆਂ ਦਾ ਮੁਸ਼ਕ ਮਾਰਦਾ ਰਹਿੰਦਾ ਹੈ। ਸਮੂਹਕ ਬਲਾਤਕਾਰ ਦੀਆਂ ਸ਼ਿਕਾਰ ਕੁੜੀਆਂ ਦੀਆਂ ਚੀਕਾਂ ਜਿਵੇਂ ਕੰਨਾਂ ਵਿੱਚ ਓਵੇਂ ਸੁਣਾਈ ਦਿੰਦੀਆਂ ਹੋਣ। ਆਪਣੇ ਵਰਗੇ ਲੋਕ ਕਿੱਥੇ ਦਿਨ-ਕਟੀ ਕਰਨ? ਨਾ ਅਸੀਂ ਸਿੱਖ, ਨਾ ਹਿੰਦੂ, ਨਾ ਮੁਸਲਮਾਨ, ਨਾ ਬਾਹਮਣ, ਨਾ ਜੱਟ, ਨਾ ਚੂਹੜੇ। ਕਿੱਧਰ ਜਾਈਏ ਅਸੀਂ ਇਨ੍ਹਾਂ ਸਿਆਸਤਦਾਨਾਂ ਲਈ ਤਾਂ ਭੈਣ ਦੇ ਖ਼ਸਮਾਂ ਲਈ ਬੰਦੇ ਦਾ ਕੋਈ ਮੁੱਲ ਨਹੀਂ। ਪਰ ਅਸੀਂ ਕੀ ਕਰੀਏ? ਜੇ ਕੋਈ ਹਿੰਦੂ ਮਰਦਾ ਹੈ ਤਾਂ ਸਾਡਾ ਅੰਦਰਲਾ ਕੁਝ ਮਾਰਿਆ ਜਾਂਦਾ ਹੈ। ਜੇ ਕੋਈ ਸਿੱਖ ਮਰਦਾ ਹੈ ਤਾਂ ਵੀ ਅਸੀਂ ਅੰਦਰੋਂ ਮਰਦੇ ਹਾਂ ਤੇ ਜੇ ਕੋਈ ਮੁਸਲਮਾਨ ਮਰਦਾ ਹੈ ਤਾਂ ਮਰਨ ਵਾਲੇ ਅਸੀਂ ਹੀ ਹਾਂ। ਅਸੀ ਘਰ ਨੂੰ ਵਾਹਿਗੁਰੂ ਦੇ ਆਸਰੇ ਛੱਡ ਕੇ ਇੱਕ ਹਿੰਦੂ-ਮਿੱਤਰ ਦੇ ਘਰ ਪੰਜ ਦਿਨ ਛੁਪੇ ਰਹੇ। ਸਭ ਨੇ ਇਉਂ ਹੀ ਕੀਤਾ। ਜਮਨਾਂ ਪਾਰ ਸ਼ਾਹਦਰੇ ਵੱਲ ਤੂੰ ਦੇਖਿਆ ਹੀ ਹੋਵੇਗਾ, ਕਿਹੋ ਜਿਹਾ ਸੰਘਣਾ ਤੇ ਨਿਮਨ ਪੱਧਰ ਦਾ ਇਲਾਕਾ ਹੈ। ਉੱਧਰ ਬਹੁਤ ਘਾਣ ਹੋਇਆ। ਇੱਧਰ ਝੁੱਗੀਆਂ ਤੇ ਪਿੰਡਾਂ ਦੇ ਆਲੇ-ਦੁਆਲੇ ਬਹੁਤ ਨੁਕਸਾਨ ਹੋਇਆ। ਜੋ ਸੜਕ 'ਤੇ ਸਿੱਖ ਮਿਲਿਆ, ਕਿਤੇ ਵੀ ਸਾਰੀ ਦਿੱਲੀ ਵਿੱਚ, ਉਹ ਕਿਤੇ ਨਹੀਂ ਬਚਿਆ। ਜੋ ਸਿੱਖ ਉਸ ਸਮੇਂ ਯੂ. ਪੀ., ਬਿਹਾਰ, ਦਿੱਲੀ, ਮੱਧ ਪ੍ਰਦੇਸ਼ ਆਦਿ ਵਿੱਚ ਕਿਤੇ ਵੀ ਗੱਡੀ ਵਿੱਚ ਸੀ, ਉਹ ਨਹੀਂ ਬਚਿਆ। ਇੱਥੇ ਇੱਕ ਕੋਈ ਰਸਾਇਣ ਵੰਡੀ ਗਈ, ਜੋ ਜਿਉਂਦੇ ਬੰਦੇ 'ਤੇ ਭੁੱਕ ਕੇ ਤੀਲੀ ਦਿਖਾਈ ਨਹੀਂ ਅਤੇ ਉਹ ਭੜੱਕ ਕਰਕੇ ਮੱਚਿਆ ਨਹੀਂ। ਝੁੱਗੀਆਂ-ਝੌਪੜੀਆਂ ਵਾਲੇ ਅਤੇ ਆਲੇ-ਦੁਆਲੇ ਦੇ ਪਿੰਡਾਂ ਵਾਲੇ ਲੋਕ ਸ਼ਰਾਬ, ਪੈਸੇ, ਸਰੀਏ, ਪਟਰੌਲ, ਮਾਚਸਾਂ ਦੇ ਕੇ ਤੋਰੇ ਗਏ ਸਨ। ਉਨਾਂ ਨੇ ਪਹਿਲਾਂ ਤਾਂ ਆਪਣੇ ਵਿੱਚ ਵੱਸਦੇ ਸਿੱਖ ਫੂਕੇ, ਫੇਰ ਨੇੜੇ ਦੀਆਂ ਕਾਲੋਨੀਆਂ 'ਤੇ ਧਾਵੇ ਕੀਤੇ ਅਤੇ ਅੱਗੇ ਵਧਦੇ ਗਏ।

ਸਿੱਖਾਂ ਲਈ ਇਹ ਕਿਹੇ ਚੰਦਰੇ ਦਿਨ ਸਨ। ਸਿੱਖਾਂ ਬਾਰੇ ਤਾਂ ਮਸ਼ਹੂਰ ਸੀ ਕਿ ਉਹ ਕਿਤੇ ਵੀ ਹੋਵੇ, ਵਣੀ ਦਾ ਸ਼ੇਰ ਹੁੰਦਾ ਹੈ। ਪਰ ਇਹ ਕੀ, ਸਾਰੇ ਦੇਸ਼ ਵਿੱਚ ਅਪੀਲਾਂ ਕੀਤੀਆਂ ਜਾ ਰਹੀਆਂ ਸਨ, ਸਿੱਖਾਂ ਦੇ ਜਾਨ-ਮਾਲ ਦੀ ਹਿਫ਼ਾਜ਼ਤ ਕੀਤੀ ਜਾਵੇ। ਗਊ-ਗਰੀਬ ਦੀ ਰੱਖਿਆ ਕਰਨ ਵਾਲਾ ਖ਼ੁਦ ਰੱਖਿਆ ਮੰਗਣ ਲੱਗਿਆ।

ਮੈਂ ਟੈਲੀਵਿਜ਼ਨ ਬੰਦ ਕਰ ਦਿੱਤਾ ਹੈ ਤੇ ਵਿਹੜੇ ਵਿੱਚ ਆ ਬੈਠਾ ਹਾਂ। ਸੋਚਣ ਲੱਗਿਆ ਹਾਂ। ਪੰਜਾਬ ਵਿੱਚ ਹਿੰਦੂ-ਸਿੱਖ ਦੀ ਲੜਾਈ ਤਾਂ ਇਹ ਬਣ ਨਾ ਸਕੀ। ਫੇਰ ਇਹ ਹੁਣ ਦਹਿਸ਼ਤ ਕਾਹਦੀ? ਹਿੰਦੂ ਵੀ ਮਰ ਰਿਹਾ ਹੈ, ਸਿੱਖ ਵੀ ਮਰ ਰਿਹਾ ਹੈ। ਜ਼ਮਾਨਾ ਕਿੰਨਾ ਨਾਜ਼ਕ ਆ ਗਿਆ। ਕਿਧਰੇ ਕੁਝ ਵੀ ਵਾਪਰ ਜਾਵੇ ਚਾਹੇ। ਤੁਸੀਂ ਸੜਕ ਤੇ ਭਰੇ ਜਾ ਰਹੇ ਹੋ। ਤੁਹਾਡੇ ਪੈਰ ਦਾ ਠੇਡਾ ਕਿਸੇ ਇੱਟ ਜਾਂ ਪੱਥਰ ਨਾਲ ਲੱਗ ਜਾਵੇ ਤਾਂ ਦਿਲ ਧੜਕ ਉੱਠੇਗਾ, ਕਿਉਂ ਕਿ ਉਹ ਇੱਟ ਜਾਂ ਪੱਥਰ ਕੋਈ ਬੰਬ ਵੀ ਹੋ ਸਕਦਾ ਹੈ, ਜੋ ਹੈ ਤਾਂ ਬੰਬ ਹੀ, ਪਰ ਇੱਟ ਜਾਂ ਪੱਥਰ ਦੀ ਸ਼ਕਲ ਧਾਰੀ ਬੈਠਾ ਹੈ। ਆਖ਼ਰ ਸਭ ਕਿਉਂ ਹੋ ਰਿਹਾ ਹੈ? ਪੁਰਾਣੇ ਦਿਨ ਮੁੜ ਕੇ ਕਦੋਂ ਆਉਣਗੇ? ਅਸੀਂ ਭੁੱਖੇ-ਨੰਗੇ ਸਹੀ, ਪਰ ਅਮਨ ਅਮਾਨ ਨਾਲ ਤਾਂ ਰਹਿ ਰਹੇ ਸੀ। ਸਾਡੀ ਲੜਾਈ ਤਾਂ ਆਰਥਿਕ ਨਾ-ਬਰਾਬਰੀ ਵਿਰੁੱਧ

ਹਾਲਾਤ

167