ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/168

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਛਿੜੀ ਹੋਈ ਸੀ। ਇਹ ਕਿਹਾ ਮਾਹੌਲ ਬਣ ਗਿਆ? ਹਣ ਬਾਰੇ ਕੋਈ ਸੋਚਦਾ ਹੀ ਨਹੀਂ। ਰੋਟੀ ਦਾ ਨਾਉਂ ਲੈਣਾ ਕਿਸੇ ਨੂੰ ਯਾਦ ਨਹੀਂ ਰਹਿ ਗਿਆ। ਬੱਸ ਐਨਾ ਹੀ ਕਾਫ਼ੀ ਸਮਝਿਆ ਜਾਣ ਲੱਗਿਆ ਹੈ ਕਿ ਸਾਹ ਆਉਂਦਾ ਰਹੇ।

ਫੇਰ ਵਿਵੇਕ ਜਵਾਬ ਦਿੰਦਾ ਹੈ, 'ਇਹੀ ਤਾਂ ਚਾਲ ਸੀ ਸਰਮਾਏਦਾਰੀ ਨਿਜ਼ਾਮ ਦੀ। ਚਾਲ ਚੱਲ ਦਿੱਤੀ ਗਈ ਹੈ।' ਇਹੀ ਤਾਂ ਚਾਹੁੰਦਾ ਸੀ ਸ਼ੈਤਾਨ ਸਰਮਾਏਦਾਰ। ਬਈ ਕਮਾਲ! ਲੜਾਈ ਧਰਮਾਂ ਦੀ ਨਾ ਰਹਿ ਕੇ ਵੀ ਦਹਿਸ਼ਤ ਦਾ ਸੇਕ ਕਿੰਨਾ ਭਖ਼ ਉੱਠਿਆ ਹੈ। ਕਿਧਰੇ ਕੁਝ ਵੀ ਮਾੜਾ ਹੋ ਸਕਦਾ ਹੈ। ਬੰਦਿਆਂ ਦੀ ਕੀਮਤ ਕੁੱਤਿਆਂ-ਬਿੱਲੀਆਂ ਤੋਂ ਵੱਧ ਨਹੀਂ। ਦੋ ਅਣਪਛਾਤੇ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ। ਕੇਸ ਦਰਜ ਕਰ ਲਿਆ ਗਿਆ। ਪੁਲਿਸ ਤੇਜ਼ੀ ਨਾਲ ਪੜਤਾਲ ਕਰ ਰਹੀ ਹੈ।

ਪੰਜਾਬ ਦਾ ਆਮ ਹਿੰਦੂ ਸੋਚਦਾ ਹੈ, 'ਕਾਹਨੂੰ ਜੰਮਣਾ ਸੀ ਪੰਜਾਬ ਵਿੱਚ?'

ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਬੈਠੇ ਆਮ ਸਿੱਖ ਝੁਰਦੇ, 'ਪੰਜਾਬ ਵਿੱਚ ਹੀ ਰਹਿੰਦੇ ਤਾਂ ਕਿੰਨਾ ਚੰਗਾ ਹੁੰਦਾ।

ਪਾਕਿਸਤਾਨ ਬਣਨ ਵੇਲੇ ਪੰਜਾਬ ਤੋਂ ਬਾਹਰ ਦਿੱਲੀ, ਕਾਨਪੁਰ ਤੇ ਕਲਕੱਤਾ ਵੱਡੇ ਸ਼ਹਿਰਾਂ ਵਿੱਚ ਆ ਕੇ ਵਸੇ ਰਫ਼ਿਊਜ਼ੀ ਸਿੱਖ ਮੱਥਾ ਫੜ ਕੇ ਬੈਠ ਜਾਂਦੇ ਹਨ, ਪੰਜਾਬ ਮਸਲੇ ਨਾਲ ਸਾਡਾ ਕੀ ਸਬੰਧ? ਸਾਡੇ ਲਈ ਤਾਂ ਇਹ ਦੂਜਾ ਪਾਕਿਸਤਾਨ ਬਣਾ ਕੇ ਰੱਖ ਦਿੱਤਾ ਜ਼ਾਲਮਾਂ ਨੇ।'

ਜਿਨ੍ਹਾਂ ਨੇ ਸੰਤਾਲੀ ਦੇ ਫ਼ਸਾਦ ਦੇਖੇ ਹੋਏ ਸਨ, ਆਖਦੇ, 'ਦਿੱਲੀ ਦੇ ਇਨ੍ਹਾਂ ਦੰਗਿਆਂ ਸਾਹਮਣੇ ਉਹ ਕਟਾ-ਵਢੀ ਤਾਂ ਪਾਸਕੂ ਵੀ ਨਹੀਂ ਸੀ।

ਸਿਰ ਚਕਰਾ ਕੇ ਰਹਿ ਗਿਆ ਹੈ। ਕੋਈ ਥਿਊਰੀ ਸਮਝ ਵਿੱਚ ਨਹੀਂ ਆਉਂਦੀ। ਇਹ ਸਭ ਕਿਉਂ ਹੋ ਰਿਹਾ ਹੈ? ਕੌਣ ਕਰ ਰਿਹਾ ਹੈ? ਕੌਣ ਕਰਵਾ ਰਿਹਾ ਹੈ?

ਕੋਈ ਆਖਦਾ ਹੈ, 'ਇਹ ਸਭ ਅਮਰੀਕਾ ਦੀ ਸੀ.ਆਈ.ਏ. ਕਰਵਾ ਰਹੀ ਐ। ਪਾਕਿਸਤਾਨ ਵਿੱਚ ਦੀ। ਅਮਰੀਕਾ ਚਾਹੁੰਦੈ, ਇੰਡੀਆ ਟੁਕੜੇ-ਟੁਕੜੇ ਹੋ ਜਾਵੇ। ਪੰਜਾਬ ਟੁੱਟ ਕੇ ਖਾਲਿਸਤਾਨ ਬਣੇ, ਇੱਕ ਵੱਖਰਾ ਮੁਲਕ।'

ਕੋਈ ਹੋਰ, 'ਪਾਕਿਸਤਾਨ ਖ਼ੁਦ ਇਸ ਵਿੱਚ ਸ਼ਾਮਲ ਐ ਜੀ। ਮਾਰੇ ਗਏ ਅਤਿਵਾਦੀ ਸਿੱਖ ਨੌਜਵਾਨ ਸਿੱਖ ਕਦੋਂ ਸੀ, ਮੁਸਲਮਾਨ ਨਿਕਲੇ। ਸੁੰਨਤਾਂ ਕੀਤੀਆਂ ਹੋਈਆਂ।'

ਤੇ ਕੋਈ ਜਣਾ ਆਪਣਾ ਤਰਕ ਪੇਸ਼ ਕਰਦਾ, ਇਹ ਸਭ ਕਾਂਗਰਸ ਆਪ ਕਰਵਾ ਰਹੀ ਐ, ਭਾਈ ਸਾਅਬ। ਚਾਹੁੰਦੀ ਐ, ਪੰਜਾਬ ਵਿੱਚ ਅਕਾਲੀ ਦਲ ਪੂਰੀ ਤਰ੍ਹਾਂ ਕਮਜ਼ੋਰ ਹੋ ਜਾਵੇ ਤੇ ਪੰਜਾਬ ਦੀ ਹਿੰਦੂ ਵੋਟ ਸੌ ਫ਼ੀਸਦੀ ਕਾਂਗਰਸ ਦੋ ਝੋਲੀ ਆ ਡਿੱਗੇ।'

ਅਕਾਲੀ ਦਲ ਦਾ ਦੋਸ਼, 'ਅਤਿਵਾਦ ਕਾਂਗਰਸ ਨੇ ਆਪ ਪੈਦਾ ਕੀਤੈ।'

ਕਾਂਗਰਸ ਦੀ ਮੰਗ, 'ਅਕਾਲੀ ਦਲ ਪਹਿਲਾਂ ਅਤਿਵਾਦੀਆਂ ਨੂੰ ਖੁੱਲ੍ਹੇਆਮ ਕੰਡੈਮ ਕਰੇ।

ਸੋਚਦਾ ਹਾਂ, 'ਅਜੀਬ ਕਹਾਣੀ ਬਣ ਕੇ ਰਹਿ ਗਿਆ ਪੰਜਾਬ ਵੀ। ਕਿਸੇ ਪਾਸਿਓਂ ਵੀ ਕੋਈ ਤੰਦ ਫੜ ਕੇ ਇਹ ਗੁੱਥੀ ਸੁਲਝਾਈ ਨਹੀਂ ਜਾ ਸਕਦੀ। ਅਜੀਬ ਮਾਹੌਲ ਐ। ਅਜੀਬ ਹਾਲਾਤ ਨੇ।'

168
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ