ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/171

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
 ਭੀੜੀ ਗਲੀ

'ਨੀ ਬੀਬੋ, ਭੀੜੀ ਗਲੀ ਨਾ ਜਾਈਂ, ਚੰਦਰੀਏ।' ਪਿੱਠ ਪਿੱਛੋਂ ਉੱਚਾ ਬੋਲ ਕੇ ਮਾਂ ਨੇ ਧੀ ਨੂੰ ਤਾੜਿਆ।

'ਨਹੀਂ ਬੇਬੇ, ਪਤੈ ਮੈਨੂੰ। ਮੈਂ ਤਾਂ ਐਧਰ ਝਾਲ ਕੰਨੀ ਦੀ ਜਾਊਂਗੀ।' ਕੁੜੀ ਨੇ ਮਾਂ ਦੀ ਤਸੱਲੀ ਕਰਾ ਦਿੱਤੀ।

ਘੁਮਿਆਰ ਦੇ ਘਰਾਂ ਤੋਂ ਲੈ ਕੇ ਓਧਰ ਪਰਲੇ ਅਗਵਾੜ ਮੱਖਣ ਝਿਉਰ ਦੇ ਘਰ ਤੱਕ ਭੀੜੀ ਗਲੀ ਜਾਂਦੀ ਸੀ। ਗਲੀ ਵਿੱਚ ਬਰਾਬਰ-ਬਰਾਬਰ ਮਸਾਂ ਦੋ ਬੰਦੇ ਤੁਰ ਸਕਦੇ। ਓਧਰੋਂ ਆ ਰਹੇ ਕਿਸੇ ਬੰਦੇ ਕੋਲ ਦੀ ਏਧਰੋਂ ਜਾ ਰਿਹਾ ਬੰਦਾ ਮੌਢਾ ਵੱਟ ਕੇ ਲੰਘਦਾ। ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਗਲੀ ਦੇ ਕਿਸੇ ਕੰਧ ਵਿੱਚ ਕੋਈ ਬਾਰ ਤਾਂ ਕੀ ਖਿੜਕੀ ਵੀ ਨਹੀਂ ਸੀ। ਓਧਰ ਝਿਊਰਾਂ ਦੇ ਘਰਾਂ ਤੋਂ ਲੈ ਕੇ ਏਧਰ ਘੁਮਿਆਰਾਂ ਦੇ ਘਰਾਂ ਤੱਕ ਗਲੀ ਦੀ ਢਲਾਣ ਨੀਵੀਂ ਹੀ ਨੀਵੀਂ ਹੁੰਦੀ ਆਉਂਦੀ। ਮੀਂਹ ਪਏ ਤੋਂ ਇਹ ਭੀੜੀ ਗਲੀ ਇੱਕ ਤਰ੍ਹਾਂ ਨਾਲ ਪਾਣੀ ਦਾ ਖਾਲ ਬਣ ਜਾਂਦੀ। ਮੀਂਹ ਪੈ ਰਿਹਾ ਹੁੰਦਾ ਤਾਂ ਕੋਈ ਭੀੜੀ ਗਲੀ ਜਾਂਦਾ ਹੀ ਨਾ। ਜੇ ਕੋਈ ਤੁਰ ਹੀ ਪੈਂਦਾ ਤਾਂ ਜਿੱਥੇ ਜਾ ਕੇ ਖੜ੍ਹ ਦਾ ਖੜ੍ਹਾ ਰਹਿੰਦਾ। ਤਿਲਕਣ ਹੁੰਦੀ ਜਾਂ ਫੇਰ ਪਾਣੀ। ਸੁੱਕਾ ਥਾਂ ਕਿਧਰੇ ਨਹੀਂ ਹੁੰਦਾ ਸੀ। ਇੱਟਾਂ ਵੱਟੇ ਤੇ ਫੁੱਟੇ ਹੋਏ ਮਿੱਟੀ ਦੇ ਭਾਂਡਿਆਂ ਦੀਆਂ ਠੀਕਰੀਆਂ ਥਾਂ-ਥਾਂ ਖਿੰਡੀਆਂ ਰਹਿੰਦੀਆਂ। ਪਾਣੀ ਦੇ ਹੜ੍ਹ ਨਾਲ ਮਿੱਟੀ ਖੁਰਨ ਦੇ ਡਰੋਂ ਹਰ ਕੱਚੀ ਕੰਧ ਦੀਆਂ ਜੜ੍ਹਾਂ ਵਿੱਚ ਪੱਕੀਆਂ ਇੱਟਾਂ ਦੇ ਚਹੇ ਭਰੇ ਹੁੰਦੇ।

ਪਿੰਡ ਵਿੱਚ ਬਜ਼ਾਰ ਵੀ ਸੀ, ਉਸ ਤਰ੍ਹਾਂ ਦਾ ਬਜ਼ਾਰ ਨਹੀਂ, ਜਿਵੇਂ ਸ਼ਹਿਰਾਂ ਵਿੱਚ ਹੁੰਦਾ ਹੈ। ਦਸ-ਬਾਰਾਂ ਦੁਕਾਨਾਂ ਸਨ, ਜਿਨ੍ਹਾਂ ਤੋਂ ਪਿੰਡ ਵਿੱਚ ਲੋੜੀਂਦੀਆਂ ਖ਼ਾਸ-ਖ਼ਾਸ ਚੀਜ਼ਾਂ ਮਿਲ ਜਾਂਦੀਆਂ-ਖੰਡ, ਚਾਹ, ਗੁੜ ਤੇ ਲੂਣ, ਤੇਲ, ਵਸਾਰ ਤੋਂ ਲੈ ਕੇ ਕੱਪੜਾ ਲੀੜਾ ਤੇ ਹੋਰ ਸਾਰਾ ਨਿੱਕ-ਸੁੱਕ। ਇੱਥੇ ਹੀ ਸ਼ਰਾਬ ਦਾ ਠੇਕਾ ਵੀ ਸੀ। ਦਰਜੀ ਦੀ ਦੁਕਾਨ ਤੇ ਲਲਾਰੀ ਵੀ ਬੈਠਦਾ। ਡਾਕਟਰ ਦੀ ਦੁਕਾਨ ਵੀ ਸੀ। ਹਲਵਾਈ ਸੀ। ਬੱਸ ਏਸੇ ਨੂੰ ਬਜ਼ਾਰ ਕਹਿੰਦੇ। ਸਾਰਾ ਪਿੰਡ ਬਜ਼ਾਰ ਵਿੱਚ ਆਉਂਦਾ-ਕੁੜੀਆਂ, ਬੁੜ੍ਹੀਆਂ, ਬਹੂਆਂ ਤੇ ਛੋਟੇ ਜੁਆਕ। ਪਿੱਪਲ ਥੱਲੇ ਵਿਹਲੇ ਬੰਦੇ ਤਾਸ਼ ਖੇਡਦੇ।

ਘੁਮਿਆਰਾਂ ਦੇ ਘਰਾਂ ਵੱਲ ਦੋ ਅਗਵਾੜ ਪੈਂਦੇ ਸਨ-ਲਾਲੂ ਦੀ ਪੱਤੀ ਤੇ ਬਾਵਿਆਂ ਦਾ ਅਗਵਾੜ। ਦੋਵੇਂ ਅਗਵਾੜ ਪਿੰਡ ਦੇ ਛਿਪਦੇ ਪਾਸੇ ਸਨ ਤੇ ਨੀਵੇਂ ਥਾਂ ਵੀ। ਪਿੰਡ ਦਾ ਸਾਰਾ ਪਾਣੀ ਏਧਰ ਹੀ ਆਉਂਦਾ। ਦੋਵਾਂ ਅਗਵਾੜਾ ਨੂੰ ਪੱਕੀ ਝਾਲ ਜੋੜਦੀ। ਝਾਲ

ਭੀੜੀ ਗਲੀ
171