ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/172

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 'ਤੇ ਆ ਕੇ ਹੀ ਦੋਵੇਂ ਅਗਵਾੜ ਖ਼ਤਮ ਹੁੰਦੇ। ਬਰਸਾਤਾਂ ਵਿੱਚ ਗਲੀਆਂ ਦੀ ਮਿੱਟੀ ਰੁੜ੍ਹ ਜਾਣ ਦਾ ਖ਼ਤਰਾ ਬਣਿਆ ਰਹਿੰਦਾ, ਇਸੇ ਕਰਕੇ ਇਹ ਝਾਲ ਬਣਾਈ ਗਈ ਸੀ। ਝਾਲ ਕਰਕੇ ਗਲੀਆਂ ਦਾ ਪਾਣੀ ਬਨ੍ਹਿਆਂ ਜਾਂਦਾ ਤੇ ਟਿਕਵੀਂ ਤੋਰ ਵਗ ਕੇ ਝਾਲ ਤੋਂ ਡਿੱਗਦਾ। ਇਸ ਢਾਲ ਤੋਂ ਬਜ਼ਾਰ ਤੱਕ ਵਿੰਗ-ਵਲੇਵੇ ਜ਼ੇ ਖਾਂਦਾ ਤੇ ਕਈ ਗਲੀਆਂ ਅਗਵਾੜਾਂ ਨੂੰ ਪਾਰ ਕਰਦਾ ਇੱਕ ਲੰਮਾ ਰਾਹ ਸੀ-ਸਾਰਾ ਪਿੰਡ ਲੰਘ ਕੇ ਜਾਣਾ ਪੈਂਦਾ। ਪਰ ਜੇ ਭੀੜੀ ਗਲੀ ਜਾਈਦਾ ਤਾਂ ਬਜ਼ਾਰ ਬਹੁਤ ਨੇੜੇ ਸੀ। ਕਿਸੇ ਨੇ ਕਾਹਲ ਨਾਲ ਬਜ਼ਾਰ ਜਾਣਾ ਹੁੰਦਾ ਤਾਂ ਭੀੜੀ ਗਲੀ ਜਾਂਦਾ।

ਅਜਿਹਾ ਤਾਂ ਆਮ ਹੀ ਹੁੰਦਾ ਰਹਿੰਦਾ, ਕੋਈ ਛੋਟੀ ਉਮਰ ਦਾ ਮੁੰਡਾ ਜਾਂ ਕੁੜੀ ਦਾਣਿਆਂ ਦੀ ਝੋਲੀ ਜਾਂ ਨਕਦ ਪੈਸੇ ਲੈ ਕੇ ਭੀੜੀ ਗਲੀ ਵਿੱਚ ਦੀ ਬਜ਼ਾਰ ਨੂੰ ਜਾਂਦਾ ਜਾਂ ਬਜ਼ਾਰੋਂ ਕੋਈ ਸੌਦਾ ਲੈ ਕੇ ਮੁੜਦਾ, ਮਜ਼ਬੀਆਂ ਦੇ ਮੁੰਡੇ ਝਪੁੱਟ ਮਾਰ ਕੇ ਉਹਦੇ ਹੱਥੋਂ ਚੀਜ਼ ਜਾਂ ਪੈਸੇ ਖੋਂਹਦੇ ਤੇ ਭੱਜ ਜਾਂਦੇ। ਜੁਆਕਾਂ ਨੂੰ ਉਹ ਕੁੱਟਦੇ ਵੀ।

ਕਈ ਵਰ੍ਹਿਆਂ ਦੀ ਗੱਲ ਹੈ, ਜੇਠ-ਹਾੜ੍ਹ ਦੀ ਰੁੱਤ ਸੀ, ਉਸ ਦਿਨ ਹਨੇਰੀ ਵਗ ਰਹੀ ਸੀ। ਟਿੱਬਿਆਂ ਦਾ ਬਦਾਮੀ ਰੇਤਾ ਅਸਮਾਨ ਨੂੰ ਜਾ ਚੜ੍ਹਿਆ। ਵਾਰ-ਵਾਰ ਅੱਖਾਂ ਝਮਕਣੀਆਂ ਪੈਂਦੀਆਂ। ਖੁੱਲ੍ਹੀਆਂ ਅੱਖਾਂ ਤਾਂ ਰੇਤੇ ਨਾਲ ਭਰ ਜਾਂਦੀਆਂ। ਦਿੱਸਣੋ ਹਟ ਜਾਂਦਾ। ਦਿਨ ਦਾ ਛਿਪਾਅ ਸੀ। ਲਾਲੂ ਕੀ ਪੱਤੀ ਦੇ ਸੰਤੋਖ ਸਿੰਘ ਦੀ ਵੱਡੀ ਕੁੜੀ ਬਜ਼ਾਰ ਗਈ-ਦਰੀਆਂ ਦਾ ਰੰਗ ਲੈਣ। ਸਰਵਣ ਨੰਬਰਦਾਰ ਦਾ ਨਾਮਕਟੀਆ ਫ਼ੌਜੀ ਦਾਰੂ ਦੇ ਠੇਕੇ ਮੂਹਰੇ ਖੜ੍ਹਾ ਮੁੱਛਾਂ ਨੂੰ ਵੱਟ ਦੇ ਰਿਹਾ ਸੀ। ਮੂੰਹ ਨੂੰ ਘੁੱਟ ਲੱਗੀ ਹੋਈ ਸੀ। ਉਹ ਕੁੜੀ ਮਗਰ ਹੋ ਗਿਆ। ਭੀੜੀ ਗਲੀ ਦੇ ਵਿਚਾਲੇ ਜਿਹੇ ਜਾ ਕੇ ਕੁੜੀ ਨੇ ਮਗਰੋਂ ਕਿਸੇ ਦੀ ਪੈੜਚਾਲ ਸੁਣੀ ਤਾਂ ਉਹ ਚੁੱਕਵੇਂ ਪੈਰੀਂ ਤੁਰਨ ਲੱਗੀ, ਪਰ ਫ਼ੌਜੀ ਤਾਂ ਭੱਜ ਹੀ ਪਿਆ। ਅੱਖ ਦੇ ਫੋਰ ਉਹਨੇ ਆਪਣੀਆਂ ਬਾਹਾਂ ਦੇ ਸ਼ਕੰਜੇ ਵਿੱਚ ਕੁੜੀ ਨੂੰ ਜਾ ਦਬੋਚਿਆ। ਜਿਵੇਂ ਕੋਈ ਬਾਜ਼ ਚਿੜੀ 'ਤੇ ਝਪਟਦਾ ਹੋਵੇ। ਗੱਲ ਵਿਚੇ ਦੱਬੀ ਗਈ, ਪਰ ਗਲੀ ਵਿੱਚ ਭੁੱਲਿਆ ਲਾਲ ਰੰਗ ਓਦੋਂ ਤੱਕ ਚਰਚਾ ਦਾ ਵਿਸ਼ਾ ਬਣਦਾ ਰਿਹਾ, ਜਦੋਂ ਕਈ ਦਿਨਾਂ ਬਾਅਦ ਮੀਂਹ ਦੇ ਛੜਾਕਿਆਂ ਨੇ ਉੱਡਦਾ ਰੇਤਾ ਦੱਬ ਨਹੀਂ ਦਿੱਤਾ। ਆਥਣੇ ਜਿਹੇ ਸੰਤੋਖ ਸਿੰਘ ਦਾ ਵਿਚਕਾਰਲਾ ਮੁੰਡਾ ਗੰਡਾਸਾ ਲੈ ਕੇ ਬਜ਼ਾਰ ਵਿੱਚ ਪਿੱਪਲ ਦੀ ਚੌਕੜੀ 'ਤੇ ਆ ਬੈਠਦਾ ਤੇ ਦੱਬਵੀਂ ਜਿਹੀ ਖੰਘਰ ਮਾਰ ਕੇ ਮੁੱਛਾਂ 'ਤੇ ਹੱਥ ਫੇਰਦਾ ਰਹਿੰਦਾ। ਕਦੇ ਗੰਡਾਸੇ ਦੀ ਚੁੰਝ ਮਿੱਟੀ ਵਿੱਚ ਖੁਭੋਅ ਕੇ ਲੰਮੀ ਸਾਰੀ ਲਕੀਰ ਖਿੱਚਦਾ। ਸੱਜੇ-ਖੱਬੇ ਵਾਰ-ਵਾਰ ਝਾਕਦਾ, ਜਿਵੇਂ ਕਿਸੇ ਨੂੰ ਬੇਸਬਰੀ ਨਾਲ ਉਡੀਕ ਰਿਹਾ ਹੋਵੇ।

ਸਰਵਣ ਨੰਬਰਦਾਰ ਦਾ ਘਰ ਪਿੰਡ ਦੇ ਚੜ੍ਹਦੇ ਪਾਸੇ ਬਜ਼ਾਰ ਤੋਂ ਤੀਜੇ ਅਗਵਾੜ ਸੀ।

ਇਹ ਤਾਂ ਪਿਛਲੇ ਸਾਲ ਦੀ ਹੀ ਗੱਲ ਹੈ, ਝਾਲ 'ਤੇ ਬੈਠੇ ਬੰਦੇ ਝਗੜ ਰਹੇ ਸਨ।

ਕੋਈ ਕਹਿੰਦਾ ਸੀ, 'ਭੀੜੀ ਗਲੀ ਨਾਲ ਲੱਗਦੀਆਂ ਪਿੱਠਾਂ ਵਾਲੇ ਘਰਾਂ 'ਚੋਂ ਕਿਸੇ ਨੇ ਸਿੱਟਿਐ ਇਹ ਪਾਪ।

ਦੂਜਾ ਕੋਈ ਆਖਦਾ, 'ਕਿਸੇ ਹੋਰ ਅਗਵਾਡ਼ਾ ਵੀ ਆ ਸਕਦੈ ਕੋਈ।

ਤੀਜਾ ਦਲੀਲ ਦਿੰਦਾ, ਹੋਰ ਅਗਵਾਜੋਂ ਵੀ ਕੋਈ ਆਉਂਦਾ ਤਾਂ, ਭਾਈ ਸਾਅਬ, ਗਲੀ ਦੇ ਮੋੜ 'ਤੇ ਸਿੱਟ ਕੇ ਜਾਂਦਾ।

172

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ