ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਹੋਰ ਉਹਦੀ ਹਾਮੀ ਭਰਦਾ, ਹੋਰ ਕਿੱਧਰੋਂ ਆਉਣ ਵਾਲਾ ਗਲੀ ਦੇ ਐਨ ਵਿਚਾਲੇ ਜਾ ਕੇ ਕਿਉਂ ਸਿੱਟੂ ਬਈ। ਇਹ ਤਾਂ ਜਮਾਂ ਅੱਧ-ਵਿਚਾਲੇ ਪਿਆ ਐ।'

ਇੱਕ ਹੋਰ ਪੱਕੀ ਕਰਦਾ, 'ਪਹਿਲਾਂ ਵੀ ਹੋ ਚੁੱਕੀ ਇਹੀ ਵਾਰਦਾਤ। ਇੱਕ ਵਾਰੀ ਓਧਰ ਝਿਊਰਾਂ ਵੰਨੀ ਐਨ ਮੌੜ 'ਤੇ। ਇੱਕ ਵਾਰੀ ਐਧਰ ਧਰ ਕੇ ਗਿਆ ਕੋਈ, ਘੁਮਿਆਰ ਕੰਨੀ, ਜਮ੍ਹਾਂ ਗਲੀ ਦੇ ਮੂੰਹ 'ਤੇ। ਓਧਰ ਤਾਂ ਬਹੁਤੇ ਵਰ੍ਹੇ ਹੋ ਗੇ। ਐਧਰ ਇਹ ਦਸ ਕੁ ਵਰ੍ਹਿਆਂ ਦੀ ਗੱਲ ਐ। ਆਪਣੇ ਸਾਰਿਆਂ 'ਚੋਂ ਵੱਡਾ ਆਹ ਮੈਂਗਲ ਬੁੜ੍ਹਾ ਬੈਠਾ ਐ। ਇਹਨੂੰ ਪੁੱਛ ਲੈਨੇ ਆਂ। ਇਹਨੂੰ ਤਾਂ ਸਾਰਾ ਪਤਾ ਐ।'

ਇਸ ਵਾਰ ਇਹ ਨਵਾਂ ਜੰਮਿਆ ਬੱਚਾ ਜਿਉਂਦਾ ਸੀ। ਮੁੰਡਾ ਸੀ, ਜਦੋਂ ਕਿ ਪਹਿਲਾਂ ਦੋਵੇਂ ਕੁੜੀਆਂ ਸਨ, ਮਰੀਆਂ ਹੋਈਆਂ।

ਤੇ ਫੇਰ ਘੁਸਰ-ਮੁਸਰ ਹੋਣ ਲੱਗੀ, ਬਈ ਗਲੀ ਨਾਲ ਲੱਗਦੀਆਂ ਪਿੱਠਾਂ ਵਾਲੇ ਘਰਾਂ ਵਿਚੋਂ ਕਿਹੜੇ ਘਰ ਦੀ ਗੱਲ ਹੋ ਸਕਦੀ ਹੈ ਇਹ?'

ਦੂਰ ਦੇ ਪਿੰਡਾਂ ਤੱਕ ਵੀ ਉਸ ਕਤਲ ਦਾ ਪਤਾ ਸੀ, ਜਿਹੜਾ ਇਸ ਭੀੜੀ ਗਲੀ ਵਿੱਚ ਹੋਇਆ ਸੀ। ਦੋ ਪਰਿਵਾਰਾਂ ਦੀ ਨਿੱਜੀ ਦੁਸ਼ਮਣੀ ਸੀ। ਤਿੰਨ ਪੁਸ਼ਤਾਂ ਤੋਂ ਉਨ੍ਹਾਂ ਦੇ ਕਈ ਕਤਲ ਹੋ ਚੁੱਕੇ ਸਨ। ਹਰ ਚੌਥੇ-ਪੰਜਵੇਂ ਸਾਲ ਨਵਾਂ ਕਤਲ ਹੋ ਜਾਂਦਾ। ਕਦੇ ਓਸ ਪਰਿਵਾਰ ਦਾ ਤੇ ਕਦੇ ਓਸ ਪਰਿਵਾਰ ਦਾ। ਸ਼ੇਰਾ ਤਾਂ ਬਹੁਤਾ ਹੀ ਸੂਕਰ ਗਿਆ ਸੀ। ਵਿਹਲਾ ਰਹਿੰਦਾ। ਉਹ ਪੰਜ ਭਰਾ ਸਨ। ਐਡਾ ਉੱਚਾ ਕੱਦ ਤੇ ਭਰਵਾਂ ਸਰੀਰ। ਜ਼ੋਰਾਵਰ ਬਹੁਤ ਸੀ। ਮੋਢੇ ਗੰਧਾਲਾ ਰੱਖਦਾ, ਡੱਬ ਵਿੱਚ ਬਾਰਾਂ ਬੋਰ ਦਾ ਦੇਸੀ ਪਸਤੌਲ। ਦੂਜੇ ਪਰਿਵਾਰ ਦੀਆਂ ਔਰਤਾਂ ਖੇਤ ਰੋਟੀ ਲੈ ਕੇ ਨਾ ਜਾਂਦੀਆਂ। ਦਿਨ ਛਿਪੇ ਤੋਂ ਬਾਅਦ ਉਨ੍ਹਾਂ ਦਾ ਕੋਈ ਬੰਦਾ ਘਰੋਂ ਬਾਹਰ ਨਹੀਂ ਨਿਕਲਦਾ ਸੀ। ਖੇਤਾਂ ਵਿੱਚ ਬਹੁਤਾ ਸੀਰੀ ਸਾਂਝੀ ਹੀ ਕੰਮ ਕਰਦੇ ਜਾਂ ਘਰ ਦੇ ਬੁੜ੍ਹੇ ਬੰਦੇ। ਇੱਕ ਤਰ੍ਹਾਂ ਸ਼ੇਰੇ ਨੇ ਉਨ੍ਹਾਂ ਨੂੰ ਘਰ ਵਿੱਚ ਹੀ ਕੈਦ ਕਰ ਦਿੱਤਾ ਸੀ। ਅਖ਼ੀਰ ਉਨ੍ਹਾਂ ਨੂੰ ਅੱਕ ਚੱਬਣਾ ਪਿਆ। ਉਹ ਵੀ ਤਿੰਨ ਸਨ। ਆਥਣ ਵੇਲੇ ਸ਼ੇਰਾ ਬਜ਼ਾਰ ਵਿੱਚ ਸ਼ਰਾਬ ਦੇ ਠੇਕੇ 'ਤੇ ਜ਼ਰੂਰ ਜਾਂਦਾ। ਠੇਕੇ ਵਿੱਚ ਬੈਠ ਕੇ ਹੀ ਪੈਂਦਾ। ਠੇਕੇ ਦਾ ਕਰਿੰਦਾ ਉਹਤੋਂ ਭੈਅ ਖਾਂਦਾ। ਨਹੀਂ ਤਾਂ ਹੋਰ ਕਿਸੇ ਨੂੰ ਠੇਕੇ ਵਿੱਚ ਬੈਠ ਕੇ ਉਹ ਪੀਣ ਨਹੀਂ ਦਿੰਦਾ ਸੀ। ਅਗਲੇ ਨੂੰ ਬੋਤਲ-ਅਧੀਆ ਫੜਾਉਂਦਾ ਤੇ ਤੁਰਦਾ ਕਰਦਾ। ਉਨ੍ਹਾਂ ਨੇ ਪਹਿਲਾਂ ਹੀ ਓਪਰੇ ਬੰਦੇ ਏਧਰ-ਓਧਰ ਬਿਠਾਏ ਹੋਏ ਸਨ। ਗੁੱਟ ਹੋਕੇ ਸ਼ੇਰਾ ਠੇਕੇ ਵਿਚੋਂ ਬਾਹਰ ਨਿਕਲਿਆ ਤੇ ਧਰਤੀ ਤੇ ਗੰਧਾਲਾ ਖੜਕਾਉਂਦਾ ਭੀੜੀ ਗਲੀ ਦੇ ਰਾਹ ਪੈ ਗਿਆ। ਅੱਧ ਵਿਚਕਾਰ ਗਿਆ ਤਾਂ ਦੋਵਾਂ ਪਾਸਿਆਂ ਤੋਂ ਪੈ ਗਏ ਟੁੱਟ ਕੇ ਉਹ। ਨਾ ਕੋਈ ਗੋਲੀ ਚੱਲੀ ਤੇ ਨਾ ਰੌਲਾ-ਗੌਲਾ। ਸੋਟੀਆਂ ਨਾਲ ਉਹਨੂੰ ਇਉਂ ਕੁੱਟ ਦਿੱਤਾ, ਜਿਵੇਂ ਗਿੱਦੜਮਾਰ ਰੜੇ ਮੈਦਾਨਗਿੱਦੜ ਦਾ ਸ਼ਿਕਾਰ ਖੇਡਦੇ ਹੋਣ।

ਫੇਰ ਤਾਂ ਪਿੰਡ ਦੀ ਪੰਚਾਇਤ ਨੇ ਭੀੜੀ ਗਲੀ ਨੂੰ ਬੰਦ ਹੀ ਕਰਵਾ ਦਿੱਤਾ ਸੀ। ਦੋਵੇਂ ਮੂੰਹਿਆਂ 'ਤੇ ਮੋੜੀਆਂ ਗੱਡ ਦਿੱਤੀਆਂ ਤੇ ਵਿੱਚ ਝਾਫੇ ਲਾ ਦਿੱਤੇ। ਚਲੋ ਜੀ, ਨਾ ਕੋਈ ਆਵੇ ਤੇ ਨਾ ਹੀ ਕੋਈ ਜਾਵੇ। ਨਹੀਂ ਤਾਂ ਨਿੱਤ ਕੋਈ ਨਾ ਕੋਈ ਕਾਰਾ ਹੋਇਆ ਰਹਿੰਦਾ। ਬੜੀ ਮਨਹੂਸ ਸੀ ਇਹ ਭੀੜੀ ਗਲੀ।

ਪਰ ਇਹ ਭੀੜੀ ਗਲੀ ਤਾਂ ਅੰਨ੍ਹੀ ਗਲੀ ਬਣ ਗਈ। ਮਾੜੇ ਬੰਦਿਆਂ ਨੂੰ ਮੌਜ਼ ਹੋ ਗਈ। ਉਹ ਝਾਫਿਆਂ ਨੂੰ ਪਰ੍ਹੇ ਹਟਾਉਂਦੇ ਤੇ ਜਾ ਵੜਦੇ ਗਲੀ ਅੰਦਰ। ਹੁਣ ਕਿਹੜਾ ਇਹ ਸ਼ਰ੍ਹੇਆਮ ਰਸਤਾ ਸੀ। ਜਿਵੇਂ ਘੁੱਪ-ਹਨੇਰੇ ਦੀ ਖੁੱਲ੍ਹੀ ਬੁੱਕਲ ਹੋਵੇ ਤੇ ਫੇਰ ਉਹ ਦਿਨ

ਭੀੜੀ ਗਲੀ

173