ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/174

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਵੀ ਆ ਗਿਆ, ਜਦੋਂ ਕਿਸੇ ਨੇ ਇੱਕ ਪਾਸਿਓਂ ਸਾਰੇ ਦੇ ਸਾਰੇ ਝਾਫੇ ਦੂਰ ਵਗਾਹ ਮਾਰੇ, ਮੋੜ੍ਹੀਆਂ ਪੁੱਟ ਦਿੱਤੀਆਂ। ਦੂਜੇ ਪਾਸੇ ਵੀ ਇਹੋ ਹੋਇਆ। ਭੀੜੀ ਗਲੀ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਚੱਲਣ ਲੱਗਿਆ।

ਮਾਵਾਂ ਆਪਣੀਆਂ ਮੁਟਿਆਰ ਧੀਆਂ ਨੂੰ ਭੀੜੀ ਗਲੀ ਜਾਣ ਨਾ ਦਿੰਦੀਆਂ। ਕੋਈ ਕੁੜੀ ਜਾਂਦੀ ਸੀ ਤਾਂ ਕਿਸੇ ਵੱਡੀ ਬੁੜ੍ਹੀ ਦਾ ਆਸਰਾ ਲੈ ਕੇ। ਛੋਟੇ ਜੁਆਕ ਵੀ ਕਿਸੇ ਵੱਡੇ ਦਾ ਸਾਥ ਕਰ ਕੇ ਜਾਂਦੇ। ਦੋ-ਚਾਰ ਜੁਆਕ ਇਕੱਠੇ ਜਾਂਦੇ ਤਾਂ ਭੱਜ ਕੇ ਗਲੀ ਨੂੰ ਪਾਰ ਕਰਦੇ, ਜਿਵੇਂ ਉਨ੍ਹਾਂ ਮਗਰ ਕੋਈ ਭੂਤ-ਪ੍ਰੇਤ ਪਿਆ ਹੋਵੇ।

ਇੱਕ ਦਿਨ ਘੋਰ ਅਨਰਥ ਹੋ ਗਿਆ। ਸਾਰਾ ਪਿੰਡ ਮੂੰਹ ਵਿੱਚ ਉਂਗਲਾਂ ਪਾਉਣ ਲੱਗਿਆ। ਕਿੱਡਾ ਵੱਡਾ ਗੁਨਾਹ ਕੀਤਾ ਸੀ, ਪਰਸ਼ੋਤਮ ਸਿੰਘ ਨੇ। ਉਹਦੇ ਘਰ ਦੀ ਪਿੱਠ ਭੀੜੀ ਗਲੀ ਨਾਲ ਲੱਗਦੀ ਸੀ। ਓਧਰਲੇ ਪਾਸੇ ਉਹਦੇ ਘਰ ਦਾ ਵਿਹੜਾ ਛੋਟਾ ਸੀ। ਵਰਾਂਡੇ ਮਗਰ ਦੋ ਕਮਰੇ ਸਨ, ਜਿਹੜੇ ਘਰ ਦੇ ਲਕੇ-ਤੁਕੇ ਨਾਲ ਅੱਟੇ ਰਹਿੰਦੇ। ਇਨ੍ਹਾਂ ਦੋ ਕਮਰਿਆਂ ਮਗਰ ਦੋ ਕਮਰੇ ਹੋਰ ਸਨ, ਇੱਕ ਵਿੱਚ ਪੇਟੀਆਂ-ਸੰਦੁਖ ਤੇ ਦੂਜੇ ਵਿੱਚ ਰਜ਼ਾਈਆਂ, ਗਦੈਲੇ ਤੇ ਹੋਰ ਲੀੜਾ-ਕੱਪੜਾ ਮੰਜ਼ਿਆਂ 'ਤੇ ਪਿਆ ਰਹਿੰਦਾ। ਪਿਛਲੇ ਦੋਵੇਂ ਕਮਰਿਆਂ ਦੀਆਂ ਛੱਤਾਂ ਵਿੱਚ ਮੋਘੇ ਰੱਖੇ ਹੋਏ ਸਨ, ਨਹੀਂ ਤਾਂ ਸੂਰਜ ਦੀ ਰੌਸ਼ਨੀ ਪਹੁੰਚਦੀ ਨਹੀਂ ਸੀ। ਬੁੜ੍ਹੀਆਂ ਨੇ ਅੰਦਰੋਂ ਕੋਈ ਚੀਜ਼ ਲੈਣੀ ਹੁੰਦੀ ਤਾਂ ਲਾਲਟੈਣ ਲੈ ਕੇ ਅੰਦਰ ਵੜਦੀਆਂ।

ਪਰਸ਼ੋਤਮ ਸਿੰਘ ਨੇ ਦਿਲ ਕਰੜਾ ਕੀਤਾ ਤੇ ਭੀੜੀ ਗਲੀ ਵਾਲੀ ਪਿਛਲੀ ਕੰਧ ਭੰਨ੍ਹ ਕੇ ਲੱਕੜ ਦੀ ਚੁਗਾਠ ਨੂੰ ਤਖ਼ਤੇ ਲਵਾ ਦਿੱਤੇ। ਰਜ਼ਾਈ-ਗੁਦੈਲਿਆਂ ਵਾਲੇ ਕਮਰੇ ਨੂੰ ਬੈਠਕ ਬਣਾ ਲਿਆ। ਧੁਰ ਤੋਂ ਧੁਰ ਤੱਕ ਸਾਰੇ ਘਰ ਵਿੱਚ ਚਾਨਣ ਹੋ ਗਿਆ।

ਉਹ ਝਾਲ ਤੇ ਆ ਕੇ ਬੈਠਾ ਤਾਂ ਕੋਈ ਜਣਾ ਉਹਦੇ ਨਾਲ ਬੋਲੇ ਹੀ ਨਾ, ਜਿਵੇਂ ਉਹਨੇ ਗਊ ਮਾਰ ਦਿੱਤੀ ਹੋਵੇ। ਚੁੱਪ-ਕੀਤਾ ਉੱਠ ਕੇ ਘਰ ਨੂੰ ਆ ਗਿਆ। 'ਦਮਾਕ ਨੀਂ ਫਿਰ ਗਿਆ ਲੱਗਦਾ ਇਹਦਾ?' ਕੋਈ ਉਹ ਦੀ ਪਿੱਠ ਪਿੱਛੇ ਕਹਿ ਰਿਹਾ ਸੀ।

ਪਰ ਕੁਝ ਦਿਨ ਹੀ ਲੰਘੇ ਹੋਣਗੇ, ਪਰਸ਼ੋਤਮ ਸਿੰਘ ਤੋਂ ਚੌਥੇ ਘਰ ਵਾਲੇ ਸੱਜਣ ਸਿੰਘ ਨੇ ਵੀ ਕੰਧ ਭੰਨ ਕੇ ਬਾਰ ਕੱਢ ਲਿਆ। ਤੇ ਫੇਰ ਛੇ ਮਹੀਨਿਆਂ ਦੇ ਅੰਦਰ-ਅੰਦਰ ਗਲੀ ਦੀਆਂ ਦੋਵੇਂ ਪਾਸਿਆਂ ਦੀਆਂ ਕੰਧਾਂ ਵਿੱਚ ਸੱਤ-ਅੱਠ ਬਾਰ ਨਿਕਲ ਗਏ। ਜਿਵੇਂ ਭੀੜੀ ਇਹ ਰਹੀ ਹੀ ਨਾ ਹੋਵੇ। ਹੁਣ ਗਲੀ ਵਿੱਚ ਦੀ ਲੰਘਣ ਵਾਲੇ ਲੋਕ ਕਾਹਲ ਨਾਲ ਨਹੀਂ ਤੁਰਦੇ ਸਨ। ਹੌਲੀ-ਹੌਲੀ ਜਾਂਦੇ ਧੀਰਜ-ਮਤੇ ਨਾਲ, ਗੱਲਾਂ ਕਰਦੇ। ਬਜ਼ਾਰ ਨੂੰ ਝਾਲ ਕੰਨੀਂ ਦੀ ਹੁਣ ਕਾਹਨੂੰ ਜਾਂਦਾ ਸੀ ਕੋਈ।

174

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ