ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਲਿਆ। ਕਹਿਣ ਲੱਗਿਆ, 'ਛੇਤੀ ਦੱਸ। ਖ਼ਾਸਾ ਹਨੇਰਾ ਹੋ ਗਿਐ। ਘਰ ਦੇ ਉਡੀਕਦੇ ਹੋਣਗੇ।'

'ਆਂ, ਘਰ ਦੇ ਉਡੀਕਦੇ ਹੋਣਗੇ, ਤੈਨੂੰ ਮਹੀਵਾਲ ਨੂੰ।' ਭਰਪੂਰ ਨੇ ਚੋਟ ਕੀਤੀ।

'ਆਹ ਫੜ ਦਸ ਰੁਪਏ। ਭਰਪੂਰ ਨੂੰ ਲੈ ਜਾ ਨਾਲ। ਇੱਕ ਬੋਤਲ ਹੋਰ ਫੜ ਲਿਆ। ਲਖਬੀਰ ਨੇ ਹੁਕਮ ਵਾਂਗ ਕਹਿ ਦਿੱਤਾ।

ਤਕਸੀਮ ਨੇ ਉਸ ਦਾ ਕਹਿਣਾ ਨਹੀਂ ਮੋੜਿਆ। ਇਹ ਵੀ ਸ਼ਾਇਦ ਨਹੀਂ ਸੋਚਿਆ ਹੋਵੇਗਾ ਕਿ ਰੋਟੀ ਤਾਂ ਖਾ ਲਈ ਸਭ ਨੇ, ਰੋਟੀ ਤੋਂ ਬਾਅਦ ਕੌਣ ਪੀਂਦਾ ਹੈ। ਭਰਪੂਰ ਨੂੰ ਉਹ ਕਹਿਣ ਲੱਗਿਆ, ਚੱਲ ਬਈ, ਹੋ ਖੜ੍ਹਾ।

ਭਰਪੂਰ ਕਹਿੰਦਾ, 'ਚੱਲ। ਕੁੜਤਾ ਪਾ ਲਵਾਂ ਮੈਂ।'

ਤਕਸੀਮ ਦਸਾਂ ਦਾ ਨੋਟ ਲੈ ਕੇ ਹੌਲੀ-ਹੌਲੀ ਪੌੜੀਆਂ ਉਤਰਨ ਲੱਗਿਆ। ਭਰਪੂਰ ਅਜੇ ਖੜ੍ਹਾ ਸੀ ਤੇ ਮੁਸਕਰਾ ਰਿਹਾ ਸੀ। ਲਖਬੀਰ ਨੇ ਉਸ ਦੇ ਕੰਨ ਵਿੱਚ ਕੋਈ ਗੱਲ ਸਮਝਾਈ। ਉਹ ਵੀ ਫਿਰ ਉਸ ਦੇ ਮਗਰ ਦਗੜ-ਦਗੜ ਪੌੜੀਆਂ ਉਤਰ ਗਿਆ।

ਸ਼ਰਾਬ ਦਾ ਠੇਕਾ ਮਜ਼੍ਹਬੀਆਂ-ਵਿਹੜੇ ਸੀ। ਉਨ੍ਹਾਂ ਦੇ ਘਰ ਅਘੜੇ-ਦੁਘੜੇ ਜਿਹੇ ਬਣੇ ਹੋਏ ਸਨ। ਕੋਈ ਤਰਤੀਬ ਨਹੀਂ ਸੀ। ਗਲੀਆਂ ਬਹੁਤ ਤੰਗ ਸਨ ਤੇ ਸਿੱਧੀਆਂ ਨਹੀਂ ਸਨ। ਬਿਗਾਨੇ ਆਦਮੀ ਨੂੰ ਪਤਾ ਲਾਉਣਾ ਮੁਸ਼ਕਲ ਸੀ ਕਿ ਕੋਈ ਗਲੀ ਕਿਧਰ ਨੂੰ ਜਾਂਦੀ ਹੈ ਤੇ ਫਿਰ ਕਿੱਥੇ ਜਾ ਕੇ ਖ਼ਤਮ ਹੋ ਜਾਂਦੀ ਹੈ। ਅਗਾਂਹ ਕਿਸੇ ਰਾਹ 'ਤੇ ਨਿਕਲ ਵੀ ਜਾਂਦੀ ਹੈ ਜਾਂ ਘਰਾਂ ਵਿੱਚ ਜਾ ਕੇ ਬੰਦ ਹੋ ਜਾਂਦੀ ਹੈ।

ਅੱਗੇ-ਅੱਗੇ ਤਕਸੀਮ ਜਾ ਰਿਹਾ ਸੀ। ਪਿੱਛੇ-ਪਿੱਛੇ ਭਰਪੂਰ। ਭਰਪੂਰ ਕਹਿੰਦਾ ਜਾ ਰਿਹਾ ਸੀ, 'ਤੂੰ ਹੀ ਲੱਗੀ ਚੱਲ, ਯਾਰ, ਮੂਹਰੇ। ਤੂੰ ਤਾਂ ਸਿਆਣੂ ਐਂ ਠੇਕੇ ਦਾ। ਮੈਂ ਤਾਂ ਕਦੇ ਆਇਆ ਨਹੀਂ ਏਧਰ।

ਇੱਕ ਗਲੀ ਦੇ ਮੋੜ 'ਤੇ ਜਾ ਕੇ ਤਕਸੀਮ ਅਗਾਂਹ ਲੰਘ ਗਿਆ ਤੇ ਭਰਪੂਰ ਪਿੱਛੇ ਰਹਿ ਗਿਆ। ਭਰਪੂਰ ਪਿੱਛੇ ਹੀ ਮੁੜ ਆਇਆ। ਬਹੁਤ ਤੇਜ਼ ਭੱਜ ਕੇ ਆਪਣੇ ਚੁਬਾਰੇ ਦੀਆਂ ਪੌੜੀਆਂ ਆ ਚੜ੍ਹਿਆ। ਚੁਬਾਰੇ ਅੱਗਿਓਂ ਆਪਣਾ ਬਿਸਤਰਾ ਨਹੀਂ ਚੁੱਕਿਆ। ਚੁਬਾਰੇ ਦੀ ਛੱਤ 'ਤੇ ਹਮੇਸ਼ਾ ਹੀ ਦੋ ਢਿਲਕੇ ਜਿਹੇ ਪੁਰਾਣੇ ਬਾਣ ਦੇ ਮੰਜੇ ਪਏ ਰਹਿੰਦੇ। ਤਾਂ ਉਨ੍ਹਾਂ ਨੂੰ ਮੀਂਹ-ਕਣੀ ਵਿੱਚ ਹੇਠ ਲਾਹਿਆ ਜਾਂਦਾ ਤੇ ਨਾ ਜੇਠ-ਹਾੜ੍ਹ ਦੀ ਧੁੱਪ ਵਿੱਚ। ਹਮੇਸ਼ਾ ਹੀ ਉਹ ਖੁੱਲ੍ਹੇ ਅਕਾਸ਼ ਹੇਠ ਤਪਦੇ-ਸੜਦੇ ਰਹਿੰਦੇ। ਕਦੇ ਕਿਸੇ ਨੇ ਚੁਬਾਰੇ 'ਤੇ ਸੌਣਾ ਹੁੰਦਾ ਤਾਂ ਸੌਂ ਜਾਂਦਾ। ਆਮ ਤੌਰ 'ਤੇ ਉਹ ਚੁਬਾਰੇ ਦੇ ਅੱਗੇ ਹੀ ਪੈਂਦੇ। ਬਹੁਤੀ ਗਰਮੀ ਹੁੰਦੀ ਤਾਂ ਸਟੂਲ ਰੱਖ ਕੇ ਟੇਬਲ-ਫੈਨ ਲਾ ਲੈਂਦੇ। ਸਾਰੀ ਰਾਤ ਹਵਾ ਦੇ ਫਰਾਟੇ ਚਾਰੇ ਮੰਜਿਆਂ ਦੇ ਉਤੋਂ ਦੀ ਗੁਜ਼ਰਦੇ ਰਹਿੰਦੇ। ਮੱਛਰ ਵੀ ਦੂਰ ਰਹਿੰਦਾ। ਭਰਪਰ ਨੇ ਇੱਕ ਚਾਦਰ ਲਈ ਤੇ ਉਸ ਨੂੰ ਚੁਬਾਰੇ ਦੀ ਛੱਤ 'ਤੇ ਪਏ ਇੱਕ ਮੰਜੇ ਉੱਤੇ ਵਿਛਾ ਕੇ ਅਰਾਮ ਨਾਲ ਸੌਂ ਗਿਆ।

ਕੋਈ ਇੱਕ ਘੰਟੇ ਬਾਅਦ ਤਕਸੀਮ ਦੀ ਪੈੜ-ਚਾਲ ਪੌੜੀਆਂ ਵਿੱਚ ਹੋਈ। ਚੁਬਾਰੇ ਅੱਗੇ ਪਏ ਤਿੰਨਾਂ ਵਿਚੋਂ ਕੋਈ ਨਾ ਕੁਸਕਿਆ।

'ਲਖਬੀਰ। ਤਕਸੀਮ ਨੇ ਉੱਤੇ ਆ ਕੇ ਭਰੜਾਇਆ ਜਿਹਾ ਬੋਲ ਕੱਢਿਆ। ਕੋਈ ਨਹੀਂ ਬੋਲਿਆ।

ਤਕਸੀਮ

177