ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 'ਲਖਬੀਰ, ਸੌਂ ਗਿਆ?' ਉਹ ਫਿਰ ਰੋਣ ਵਾਲਿਆਂ ਵਾਂਗ ਬੋਲਿਆ।

'ਕਿਉਂ। ਕੀਹ ਐ?'

'ਮੈਂ ਆਂ।'

'ਤਕਸੀਮ, ਸਾਲਿਆਂ ਐਨਾ ਚਿਰ? ਅਸੀਂ ਤਾਂ ਸੌਂ ਵੀ ਗਏ।' ਲਖਬੀਰ ਨੇ ਮੰਜੇ ਤੋਂ ਬੈਠਾ ਹੋ ਕੇ ਰੋਬ੍ਹ ਵਿੱਚ ਆਖਿਆ।

'ਯਾਰ, ਬੋਤਲ ਤਾਂ ਮੈਂ ਲੈ ਕੇ ਨਹੀਂ ਆਇਆ। ਭਰਪੂਰ ਨਹੀਂ ਉਪੜਿਆਂ?'

'ਭਰਪੂਰ? ਕਿੱਥੇ ਐ ਭਰਪੂਰ?'

'ਏਥੇ ਨਹੀਂ ਆਇਆ?'

'ਨਹੀਂ, ਏਥੇ ਕਿੱਥੇ ਐ?'

'ਤਾਂ ਫਿਰ?'

'ਤਾਂ ਫਿਰ ਕਿੱਧਰ ਛੱਡ ਆਇਆ ਤੂੰ ਉਸ ਨੂੰ?'

ਤਕਸੀਮ ਥਰ-ਥਰ ਕੰਬਣ ਲੱਗਿਆ।

'ਤੈਨੂੰ ਪਤੈ, ਉਸੇ ਮਜ਼੍ਹਹਬੀਆਂ-ਵਿਹੜੇ ਪਿਛਲੇ ਸਾਲ ਬੰਦਾ ਮਾਰ ਦਿੱਤਾ ਸੀ, ਭੁਲੇਖੇ ਵਿੱਚ ਹੀ। ਕਿਤੇ...? ਲਖਬੀਰ ਉਸ ਦੇ ਬਹੁਤ ਕੋਲ ਆ ਕੇ ਪੁੱਛ ਰਿਹਾ ਸੀ।

'ਤਕਸੀਮ ਚੁੱਪ ਖੜ੍ਹਾ ਤੇ ਕੰਬ ਰਿਹਾ ਸੀ।

'ਜਾਹ ਲਿਆ ਭਾਲ ਕੇ ਉਸ ਨੂੰ। ਬੰਦਾ ਗਲ ਪਵਾ ਲਏਂਗਾ। ਇਉਂ ਕਿਵੇਂ ਚਲਿਆ ਗਿਆ ਉਹ ਤੇਰੇ ਨਾਲੋਂ? ਕਿੱਧਰ ਗਿਆ?' ਲਖਬੀਰ ਨੇ ਗੰਭੀਰਤਾ ਦਾ ਪੱਲਾ ਬਹੁਤ ਘੁੱਟ ਕੇ ਫੜਿਆ ਹੋਇਆ ਸੀ।

'ਓਏ ਮੈਂ ਚੱਲਾਂ ਨਾਲ? ਜਸਵਿੰਦਰ ਨੇ ਮੰਜੇ ਤੋਂ ਬੈਠਾ ਹੋ ਕੇ ਪੁੱਛਿਆ।

ਤਕਸੀਮ ਦੇ ਮੂੰਹ ਵਿੱਚ ਬੋਲ ਨਹੀਂ ਸੀ। ਦਸਾਂ ਦਾ ਨੋਟ, ਜਿਹੜਾ ਅਜੇ ਤੱਕ ਤਹਿ ਕਰਕੇ ਉਸ ਦੇ ਹੱਥ ਵਿੱਚ ਘੁਟਿਆ ਹੋਇਆ ਸੀ, ਉਹ ਹੁਣ ਉਸ ਨੇ ਆਪਣੀ ਜੇਬ ਵਿੱਚ ਪਾ ਲਿਆ।

'ਜਸਵਿੰਦਰ, ਜਾਹ ਯਾਰ। ਇਹ ਨੂੰ ਤਾਂ ਜੋ ਕੁਝ ਹੋਏਗਾ, ਸੋ ਹੋਏਗਾ ਹੀ, ਆਪਾਂ ਨੂੰ ਵੀ ਪੁਲਿਸ ਨਾ ਦਬੱਲੀ ਫਿਰੇ।' ਲਖਬੀਰ ਨੇ ਇਹ ਕਹਿ ਕੇ ਤਕਸੀਮ ਦੇ ਦਿਮਾਗ਼ ਵਿਚਲੇ ਬਿਖਰੇ-ਬਿਖਰੇ ਡਰ ਨੂੰ ਵੱਟ ਚਾੜ੍ਹ ਦਿੱਤਾ।

ਤਕਸੀਮ ਦਾ ਕਾਲਜਾ ਹੋਰ ਧੜਕਣ ਲੱਗਿਆ।

ਉਹ ਤੇ ਜਸਵਿੰਦਰ ਪੌੜੀਆਂ ਉਤਰ ਗਏ। ਮਜ਼੍ਹਬੀਆਂ-ਵਿਹੜੇ ਜਾ ਕੇ ਓਸੇ ਗਲੀ ਵਿੱਚ ਜਾ ਦਾਖ਼ਲ ਹੋਏ।

'ਉਹ ਤੇਰੇ ਨਾਲੋਂ ਕਿੱਥੇ ਜਿਹੇ ਨਿਖੜਿਆ ਸੀ?' ਜਸਵਿੰਦਰ ਨੇ ਪੁੱਛਿਆ।

ਉਸ ਮੋੜ 'ਤੇ ਆ ਕੇ ਤਕਸੀਮ ਨੇ ਕਿਹਾ, 'ਐਥੋਂ।

ਉਹ ਹੋਰ ਅਗਾਂਹ ਤੁਰਦੇ ਗਏ। ਅੱਗੇ-ਅੱਗੇ ਤਕਸੀਮ ਤੇ ਉਸ ਤੋਂ ਦਸ ਕੁ ਕਦਮ ਪਿਛਾਂਹ ਜਸਵਿੰਦਰ। ਅਗਲਾ ਮੋੜ ਆਇਆ ਤਾਂ ਜਸਵਿੰਦਰ ਨੇ ਆਪਣੇ ਜੋੜੇ ਹੱਥਾਂ ਵਿੱਚ ਫੜੇ ਤੇ ਸਿਰ-ਮੁਧ ਪਿਛਾਂਹ ਨੂੰ ਭੱਜ ਕੇ ਚੁਬਾਰੇ ਦੀਆਂ ਪੌੜੀਆਂ ਆ ਚੜ੍ਹਿਆ। ਉਸ ਦਾ ਸਾਹ ਚੜ੍ਹਿਆ ਹੋਇਆ ਸੀ। ਭਰਪੂਰ ਨਾਲੋਂ ਉਹ ਬਹੁਤਾ ਤੇਜ਼ ਭੱਜ ਕੇ ਆਇਆ ਸੀ। ਪਹੁੰਚਿਆ ਤਾਂ ਚੁਬਾਰੇ ਉੱਤੋਂ ਭਰਪੂਰ ਵੀ ਹੱਸਣ ਲੱਗਿਆ।

178

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ