'ਓਏ ਹੌਲੀ ਹੱਸੋ। ਆ ਨਾ ਜਾਵੇ ਕਿਤੇ ਉਹ। ਭਰਪੂਰ, ਤੂੰ ਨਾ ਬੋਲ ਓਏ। ਜਸਵਿੰਦਰ ਤੂੰ ਜਾਹ ਉੱਤੇ।ਕੱਪੜਾ ਲੈ ਜਾ ਕੋਈ।ਪੈਜਾ ਬੱਸ। ਲਖਬੀਰ ਦੀ ਗੰਭੀਰਤਾ ਕਾਇਮ ਸੀ।
ਸਾਰੇ ਚੁੱਪ-ਚਾਪ ਪਏ ਹੋਏ ਸਨ।
ਇਸ ਵਾਰ ਦੋ ਘੰਟਿਆਂ ਬਾਅਦ ਤਕਸੀਮ ਦੀ ਪੈੜ-ਚਾਲ ਪੌੜੀਆਂ ਵਿੱਚ ਹੋਈ। ਬਹੁਤ ਧੀਮੀ-ਧੀਮੀ।
'ਲਖਬੀਰ?'
ਉਹ ਬੋਲਿਆ ਨਹੀਂ।
'ਲਖਬੀਰ, ਸੌ ਗਿਆ?'
'ਤਕਸੀਮ? ਸਾਲਿਆ ਕਿੱਥੇ ਰਿਹਾ ਹੁਣ ਤਾਈਂ? ਜਸਵਿੰਦਰ?' ਤਕਸੀਮ ਕੰਬ ਨਹੀਂ ਰਿਹਾ ਸੀ। ਸੁੰਨ ਖੜ੍ਹਾ ਸੀ।
'ਓਏ, ਬੋਲਦਾ ਨਹੀਂ?'
'ਜਸਵਿੰਦਰ ਨਹੀਂ ਆਇਆ?' ਬਹੁਤ ਮੱਧਮ ਆਵਾਜ਼ ਵਿੱਚ ਤਕਸੀਮ ਨੇ ਪੁੱਛਿਆ।
'ਏਥੇ ਕਿੱਥੇ ਐ?'
ਤਕਸੀਮ ਬੁੱਤ ਬਣਿਆ ਖੜ੍ਹਾ ਸੀ।
'ਹੁਣ, ਦੋ ਖੂਨ ਗਲ ਪੈਣਗੇ, ਪੁੱਤ ਮੇਰਿਆ।
ਕਿਵੇਂ ਕਰੀਏ ਫੇਰ?' ਤਕਸੀਮ ਦੀ ਅੱਧਮਰੀ ਆਵਾਜ਼ ਸੀ।
'ਜਾਹ, ਜਿੰਨਾ ਚਿਰ ਪਤਾ ਨਾ ਲੱਗੇ, ਆਈ ਨਾ। ਇੱਥੇ ਦੱਸ ਕੀ ਲੈਣ ਆਇਆ ਐਂ?'
'ਓਏ, ਮੈਂ ਚੱਲਾਂ?' ਹਰਨੇਕ ਨੇ ਮੰਜੇ ਤੋਂ ਬੈਠਾ ਹੋ ਕੇ ਪੁੱਛਿਆ। ਬਹੁਤ ਗੰਭੀਰ ਆਵਾਜ਼ ਵਿੱਚ।
'ਜਾਹ ਯਾਰ। ਲਿਆ ਭਲਵਾ ਕੇ। ਬੰਦੇ ਨੁਕਸਾਨੇ ਗਏ ਤਾਂ ਆਪਾਂ ਵੀ ਮਾਰੇ ਜਾਵਾਂਗੇ।'
ਉਹ ਪੌੜੀਆਂ ਉਤਰ ਗਏ। ਅੱਗੇ-ਅੱਗੇ ਤਕਸੀਮ, ਪਿੱਛੇ-ਪਿੱਛੇ ਹਰਨੇਕ। ਮਜ਼੍ਹਬੀਆਂ-ਵਿਹੜੇ ਜਾ ਕੇ ਉਹ ਉਸੇ ਗਲੀ ਅੰਦਰ ਦਾਖ਼ਲ ਹੋਏ। ਹਰਨੇਕ ਉਸ ਤੋਂ ਦਸ ਕਦਮ ਪਿਛਾਂਹ ਸੀ।
'ਓਏ ਕਿੱਥੇ ਕੁ ਨਿੱਖੜਿਆ ਸੀ ਤੈਥੋਂ ਜਸਵਿੰਦਰ?' ਉਸ ਮੋੜ ਤੇ ਆ ਕੇ ਤਕਸੀਮ ਨੇ ਕਿਹਾ, 'ਐਥੇ!' ਤੇ ਅਗਾਂਹ ਤੁਰਦਾ ਗਿਆ। ਪਿੱਛੇ-ਪਿੱਛੇ ਹਰਨੇਕ। ਉਸ ਤੋਂ ਅਗਲੇ ਮੋੜ ਤੇ ਤਕਸੀਮ ਅਗਾਂਹ ਹੋਇਆ ਤਾਂ ਹਰਨੇਕ ਨੇ ਵੀ ਜੋੜੇ ਲਾਹ ਲਏ।
ਤਕਸੀਮ ਪਤਾ ਨਹੀਂ, ਕਿੱਥੇ-ਕਿੱਥੇ ਭੌਕਦਾ ਰਿਹਾ ਹੋਵੇਗਾ। ਇਸ ਵਾਰ ਉਹ ਮੁੜਿਆ ਨਹੀਂ। ਕੋਈ ਤਿੰਨ ਘੰਟਿਆ ਬਾਅਦ ਉਹ ਚਾਰੇ ਮੰਜੇ 'ਤੇ ਬੈਠ ਕੇ ਉਸ ਦੀਆਂ ਗੱਲਾਂ ਕਰਨ ਲੱਗੇ। ਹੱਸਦੇ-ਹੱਸਦੇ ਗੰਭੀਰ ਹੋ ਗਏ ਤੇ ਫਿਰ ਚਾਰੇ ਜਣੇ ਉਸ ਨੂੰ ਲੱਭਣ ਲਈ ਮਜ਼੍ਹਬੀਆਂ ਵਿਹੜੇ ਨੂੰ ਤੁਰ ਪਏ।
ਉਹ ਆਪਣੇ ਘਰ ਵੀ ਨਹੀਂ ਸੀ।
ਪਹੁ ਫੁੱਟ ਰਹੀ ਸੀ। ਤਕਸੀਮ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ।*