ਜਣਾ ਗੱਲ ਸ਼ੁਰੂ ਕਰਦਾ ਤੇ ਅਗਲਾ ਪੈੱਗ ਲੈਣ ਤੱਕ ਉਸੇ ਗੱਲ ਨੂੰ ਸੁਣਾਈ ਜਾਂਦਾ ਰਹਿੰਦਾ। ਤੇ ਫਿਰ ਉਸ ਦੀ ਗੱਲ ਮੁੱਕੀ ਤੋਂ ਹੋਰ ਜਣਾ ਆਪਣਾ ਪੈੱਗ ਲੈ ਕੇ ਗੱਲ ਸ਼ੁਰੂ ਕਰ ਦਿੰਦਾ। ਉਸ ਰਾਤ ਅਸੀਂ ਬਹੁਤ ਦੇਰ ਤੱਕ ਸ਼ਰਾਬ ਪੀਂਦੇ ਰਹੇ। ਸਵੇਰੇ ਉੱਥੋਂ ਤੁਰਨ ਲੱਗਿਆਂ ਆਪਣਾ ਨਵੀਂ ਕਹਾਣੀ ਸੰਗ੍ਰਹਿ ਮੈਂ ਅਮਰਪਾਲ ਨੂੰ ਦੇ ਆਇਆ ਸਾਂ। ਉਸ ਦਿਨ ਵੀ ਉਸ ਕੋਲ ਮੋਟਰ ਸਾਈਕਲ ਸੀ। ਮੇਰੇ ਆਉਣ ਤੋਂ ਪਿੱਛੋਂ ਉਹ ਉੱਥੋਂ ਚਲਿਆ ਗਿਆ ਹੋਵੇਗਾ। ਉਸ ਦਾ ਪਿੰਡ ਤਾਂ ਭਾਈ ਭਗਤੇ ਤੋਂ ਨੇੜੇ ਹੀ ਸੀ।
ਤੇ ਫਿਰ ਮੇਰੇ ਉਸ ਕਹਾਣੀ ਸੰਗ੍ਰਹਿ ਵਿੱਚ ਦਿੱਤੀਆਂ ਮੇਰੀਆਂ ਹੋਰ ਪੁਸਤਕਾਂ ਦੇ ਨਾਂ ਪੜ੍ਹ ਕੇ ਅਮਰਪਾਲ ਨੇ ਮੇਰੇ ਹੋਰ ਕਹਾਣੀ ਸੰਗ੍ਰਹਿ ਵੀ ਮੈਥੋਂ ਮੰਗਵਾਏ ਸਨ।
ਵਾਪਸ ਕਮਰੇ ਵਿੱਚ ਜਦ ਮੈਂ ਆਇਆ, ਉਹ ਗੁੰਮ ਸੁੰਮ ਬੈਠਾ ਧਰਤੀ ਵੱਲ ਝਾਕ ਰਿਹਾ ਸੀ। ਕੋਟ ਲਾਹ ਕੇ ਕੁਰਸੀ ਦੀ ਪਿੱਠ 'ਤੇ ਵਿਛਾ ਦਿੱਤਾ ਹੋਇਆ ਸੀ। ਸਵੇਰ ਦਾ ਰਿੰਨ੍ਹਿਆ ਤਪਲੇ ਵਿੱਚ ਪਿਆ ਸਰ੍ਹੋ ਦਾ ਸਾਗ ਪਿੱਤਲ ਦੀ ਬਾਟੀ ਵਿੱਚ ਮੈਂ ਗਰਮ ਕਰਵਾ ਲਿਆਇਆ ਸਾਂ। ਵਿੱਚ ਮਖਣੀ ਦਾ ਰੁੱਗ ਵੀ ਪਵਾ ਲਿਆ ਸੀ। ਕੁਰਸੀ ਉੱਤੇ ਜਦ ਮੈਂ ਬੈਠਾ, ਮੇਰੇ ਗਿਲਾਸ ਦੀ ਪਹਿਲਾਂ ਹੀ ਬਚੀ ਪਈ ਸ਼ਰਾਬ ਵਿੱਚ ਉਸ ਨੇ ਹੋਰ ਸ਼ਰਾਬ ਪਾਈ ਤੇ ਆਪਣੇ ਗਿਲਾਸ ਵਿੱਚ ਪੂਰਾ ਪੈੱਗ ਪਾ ਕੇ ਨਾਲ ਦੀ ਨਾਲ ਹੀ ਪੀ ਗਿਆ। ਬਾਟੀ ਵਿਚੋਂ ਸਾਗ ਦਾ ਚਮਚਾ ਲੈਂਦਿਆਂ ਉਸ ਨੇ ਮੈਨੂੰ ਆਪਣਾ ਪੈੱਗ ਪੀਣ ਲਈ ਇਸ਼ਾਰਾ ਕੀਤਾ। ਮੈਂ ਦੋ ਘੁੱਟਾ ਹੀ ਭਰ ਸਕਿਆ। ਇੱਕੋ ਸਾਹ ਸਾਰਾ ਪੈੱਗ ਮੈਥੋਂ ਕਦੇ ਵੀ ਨਹੀਂ ਪੀਤਾ ਗਿਆ।
‘ਬਾਈ, ਤੂੰ ਕਹਾਣੀਕਾਰ ਐਂ, ਮੇਰੀ ਕਹਾਣੀ ਵੀ ਲਿਖਦੇ ਇੱਕ।' ਉਸ ਦੇ ਬੁੱਲ੍ਹਾਂ 'ਤੇ ਫਿੱਕੀ ਜਿਹੀ ਮੁਸਕਾਨ ਸੀ।
ਮੈਂ ਹੱਸਣ ਲੱਗਿਆ।
ਉਹ ਗੰਭੀਰ ਹੋ ਗਿਆ। ਹੱਸਦਾ ਹੋਇਆ ਮੈਂ ਉਸ ਨੂੰ ਚੰਗਾ ਨਹੀਂ ਲੱਗਿਆ ਹੋਵਾਂਗਾ।
ਮੇਰੇ ਜ਼ਿਹਨ ਵਿੱਚ ਕਈ ਆਦਮੀ ਆਏ, ਜਿਨ੍ਹਾਂ ਨੇ ਆਪਣੀਆਂ ਕਹਾਣੀਆਂ ਮੈਥੋਂ ਲਿਖਵਾਈਆਂ ਸਨ ਤੇ ਇੱਕ ਦੋ ਦੀ ਬਦਨਾਮੀ ਤਾਂ ਮੇਰੇ ਗਲ ਹੀ ਆ ਪਈ ਸੀ।
"ਨਹੀਂ ਬਾਈ ਤੂੰ ਗੱਲ ਸੁਣ ਲੈ। ਤੈਨੂੰ ਚੰਗੀ ਲੱਗੀ ਤਾਂ ਲਿਖ ਦੇਵੀ। ਨਾ ਚੰਗੀ ਲੱਗੀ ਤਾਂ....।"
"ਨਹੀਂ ਨਹੀਂ ਯਾਰ, ਤੂੰ ਸੁਣਾ। ਮੈਂ ਜ਼ਰੂਰ ਕਹਾਣੀ ਲਿਖਾਂਗਾ," ਮੈਂ ਦਿਲਚਸਪੀ ਦਿਖਾਈ।
"ਚੰਗਾ, ਇਹ ਪਹਿਲਾ।" ਮੇਰੇ ਪੈੱਗ ਦੀ ਰਹਿੰਦੀ ਸ਼ਰਾਬ ਵੱਲ ਉਸ ਨੇ ਹੱਥ ਕੀਤਾ।
ਇਸ ਵਾਰ ਵੀ ਮੈਂ ਦੋ ਘੁੱਟਾਂ ਹੀ ਪੀਤੀਆਂ। ਦੋ ਘੁੱਟਾਂ ਰਹਿ ਗਈਆਂ।
ਤੇ ਫਿਰ ਉਸ ਨੇ ਜੋ ਕੁਝ ਦੱਸਿਆ, ਉਹ ਇਹ ਸੀ ਕਿ ਜਦ ਉਹ ਬਠਿੰਡੇ ਹੁੰਦਾ ਸੀ, ਉਨ੍ਹਾਂ ਦੇ ਦਫ਼ਤਰ ਵਿੱਚ ਇੱਕ ਔਰਤ ਸੀ। ਉਸ ਵਾਲੇ ਕਮਰੇ ਵਿੱਚ ਹੀ ਬੈਠਦੀ ਹੁੰਦੀ। ਚੁੱਪ ਕੀਤੀ ਜਿਹੀ ਰਹਿੰਦੀ। ਅੱਖਾਂ ਵਿੱਚ ਹੀ ਮੁਸਕਰਾਉਂਦੀ। ਪੋਲਾ ਪੋਲਾ ਬੋਲਦੀ। ਇੱਕ
18
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ