ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪਤੀ

ਉਹ ਉਸ ਦਿਨ ਫੇਰ ਪੀ ਕੇ ਆਇਆ ਸੀ। ਕਮਲਾ ਕਦੋਂ ਦੀ ਸੌਂ ਚੁੱਕੀ ਸੀ। ਆਥਣ ਦੀ ਰੋਟੀ ਬਣਾਈ। ਬੱਚਿਆਂ ਨੇ ਰੋਟੀ ਖਾ ਲਈ। ਫੇਰ ਉਸ ਨੇ ਆਪ ਵੀ ਖਾਧੀ। ਸਾਰਿਆਂ ਨੇ ਬੈਠ ਕੇ ਟੀ. ਵੀ. ਸੀਰੀਅਲ ਦੇਖਿਆ ਤੇ ਫੇਰ ਦੁੱਧ ਤੱਤਾ ਕਰਕੇ ਜੁਆਕਾਂ ਨੂੰ ਦੇਣ ਤੋਂ ਬਾਅਦ ਕਮਲਾ ਨੇ ਰਸੋਈ ਦੇ ਸਾਰੇ ਜੂਠੇ ਭਾਂਡੇ ਸਾਫ਼ ਕਰ ਲਏ। ਉਹ ਨਹੀਂ ਆਇਆ। ਉਹ ਏਵੇਂ ਹੀ ਕਰਦਾ। ਜਿਸ ਦਿਨ ਕਿਸੇ ਕੋਲ ਬੈਠ ਜਾਵੇ, ਬੱਸ ਫੇਰ ਉੱਥੇ ਹੀ ਅੱਧੀ ਰਾਤ ਕਰ ਦੇਵੇਗਾ। ਘਰ ਤਾਂ ਜਿਵੇਂ ਯਾਦ ਹੀ ਨਾ ਰਹਿ ਜਾਂਦਾ ਹੋਵੇ।

ਰਾਤ ਨੂੰ ਉਹ ਗੇਟ ਨੂੰ ਜਿੰਦਾ ਲਾ ਕੇ ਪੈਂਦੇ ਹਨ। ਜਿੰਦਾ ਲਾਉਣ ਦਾ ਕੰਮ ਉਹੀ ਕਰਦਾ ਹੈ। ਜਿਸ ਦਿਨ ਸਵੇਰ ਹੋ ਜਾਵੇ, ਗੇਟ ਬੱਸ ਝੰਬ ਦਿੱਤਾ ਜਾਂਦਾ ਹੈ। ਚਾਹੇ ਕੋਈ ਅੰਦਰ ਵੜ ਕੇ ਭਾਂਡਾ-ਟਾਂਡਾ ਸਭ ਲੈ ਜਾਵੇ। ਕਮਲਾ ਇੱਕ ਵਾਰ ਸੌਂ ਜਾਵੇ ਮੁੜ ਕੇ ਉਹਨੂੰ ਕੋਈ ਸੁਰਤ-ਬਿੜਕ ਨਹੀਂ ਰਹਿੰਦੀ।

ਜਿਸ ਦਿਨ ਉਹਦਾ ਪੀਣ ਦਾ ਪ੍ਰੋਗਰਾਮ ਹੋਵੇ, ਉਹ ਏਵੇਂ ਹੀ ਗਈ ਰਾਤ ਘਰ ਵੜਦਾ ਹੈ। ਹੌਲੀ ਦੇ ਕੇ ਗੇਟ ਖੋਲ੍ਹੇਗਾ। ਬਿਨਾਂ ਖੜਕੇ ਦੇ ਫਰਿੱਜ ਤੇ ਪਈ ਚਾਬੀ ਚੱਕ ਕੇ ਗੇਟ ਨੂੰ ਜਿੰਦਾ ਲਾ ਦੇਵੇਗਾ। ਫੇਰ ਰਸੋਈ ਵਿੱਚ ਜਾ ਕੇ ਗੈਸ ਜਲਾਏਗਾ। ਫਰਿੱਜ ਵਿਚੋਂ ਸਬਜ਼ੀ ਵਾਲਾ ਡੌਂਗਾ ਲੱਭ ਕੇ ਇੱਕ ਕੌਲੀ ਸਬਜ਼ੀ ਗਰਮ ਕਰ ਲਵੇਗਾ। ਥਰਮੋਵੇਅਰ ਵਿਚੋਂ ਰੋਟੀਆਂ ਕੱਢ ਕੇ ਹੱਥ 'ਤੇ ਹੀ ਧਰ ਲੈਂਦਾ ਹੈ। ਰਸੋਈ ਅੰਦਰ ਹੀ ਖੜ੍ਹਾ-ਖੜ੍ਹਾ ਰੋਟੀ ਨਿਗਲੇਗਾ। ਵਿੱਚ ਦੀ ਟੂਟੀ ਤੋਂ ਪਾਣੀ ਦਾ ਗਲਾਸ ਭਰ ਕੇ ਪੀ ਲਵੇਗਾ। ਸਭ ਕੁਝ ਹੌਲੀ-ਹੌਲੀ ਕਰਦਾ ਹੈ-ਬੇਅਵਾਜ਼। ਕਦੇ-ਕਦੇ ਕਮਲਾ ਜਾਗਦੀ ਹੁੰਦੀ ਹੈ। ਉਹਨੂੰ ਸਭ ਸੁਣ ਰਿਹਾ ਹੁੰਦਾ ਹੈ ਕਿ ਉਹ ਹੁਣ ਕੀ ਕਰ ਰਿਹਾ ਹੈ, ਹੁਣ ਕੀ ਕਰੇਗਾ ਤੇ ਫੇਰ ਉਹ ਚੁੱਪ-ਚਾਪ ਜਾ ਕੇ ਆਪਣੇ ਅਲੱਗ ਕਮਰੇ ਵਿੱਚ ਪੈ ਜਾਂਦਾ ਹੈ। ਸਵੇਰੇ ਚੁੱਪ-ਚਾਪ ਹੀ ਘਰ ਦਾ ਕਾਰ-ਵਿਹਾਰ ਤੁਰਨ ਲੱਗਦਾ ਹੈ। ਉਹਨੂੰ ਕੋਈ ਸ਼ਿਕਾਇਤ ਨਹੀਂ, ਕੋਈ ਸ਼ਿਕਵਾ ਨਹੀਂ। ਉਹਦੀ ਕੋਈ ਮੰਗ ਨਹੀਂ, ਕੋਈ ਫ਼ਰਮਾਇਸ਼ ਨਹੀਂ।

ਕਮਲਾ ਨੂੰ ਆਪਣੇ ਪਤੀ ਦੇ ਇਸ ਚੱਪ 'ਤੇ ਬਹੁਤ ਖਿਝ ਚੜ੍ਹਦੀ। ਉਹ ਤਾਂ ਕਦੇ ਕੋਈ ਰਸਮੀ ਜਿਹੀ ਸ਼ਿਕਾਇਤ ਵੀ ਨਹੀਂ ਕਰਦਾ। ਬੋਲਦਾ ਵੀ ਘੱਟ ਹੈ। ਪਤਾ ਨਹੀਂ ਉਹਦਾ ਦਿਮਾਗ਼ ਕਿੱਥੇ ਰਹਿੰਦਾ ਹੈ।

ਇਸ ਨਾਲੋਂ ਤਾਂ ਉਹਨੂੰ ਝਿੜਕਦਾ ਮਾਰਦਾ ਹੀ ਚੰਗਾ ਸੀ। ਉਹਦੀਆਂ ਝਿੜਕਾਂ ਵਿੱਚ ਇੱਕ ਅਪਣੱਤ ਹੁੰਦੀ। ਕਦੇ-ਕਦੇ ਬੈਠ ਕੇ ਉਹ ਮੋਹ ਭਿੱਜੀਆਂ ਗੱਲਾਂ ਵੀ ਕਰਦਾ।

180

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ