ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/187

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 'ਗਾਹਕ ਬਹੁਤੇ ਪੁਰਾਣੀ ਦੁਕਾਨ 'ਤੇ ਜਾਂਦੇ ਹੋਣਗੇ।' ਮੈਂ ਕਿਹਾ।

'ਹਾਂ, ਇਹ ਤਾਂ ਹੈ। ਉਹ ਮੰਨ ਗਿਆ।

'ਇਹਦਾ ਮਤਲਬ ਪਿਓ ਨੂੰ ਕੱਢ ਕੇ ਮੁੰਡੇ ਪਿਓ ਦੇ ਨਾਉਂ ਦੀ ਹੀ ਖੱਟੀ ਖਾ ਰਹੇ ਨੇਂ।'

'ਹਾਂ, ਉਨ੍ਹਾਂ ਨੇ ਉਹਨੂੰ ਘਰੋਂ ਵੀ ਕੱਢ ਦਿੱਤਾ ਸੀ। ਪੁਰਾਣਾ ਘਰ ਮੁੰਡਿਆਂ ਦੀ ਮਾਂ ਦੇ ਨਾਉਂ ਸੀ। ਮਾਂ ਮਰੀ ਤਾਂ ਮਕਾਨ ਮੁੰਡਿਆਂ ਦੇ ਨਾਉਂ ਹੋ ਗਿਆ। ਬੁੜ੍ਹਾ ਗੈੱਟ ਆਊਟ।'

'ਹੁਣ ਫੇਰ ਬੁੜ੍ਹਾ?' ਮੈਂ ਖੇਤਾ ਰਾਮ ਬਾਰੇ ਤਰਸ ਦੀ ਭਾਵਨਾ ਨਾਲ ਸੋਚਣ ਲੱਗਿਆ। 'ਤੂੰ ਜਾਣਦੈ ਖੇਤਾ ਰਾਮ ਨੂੰ। ਤੂੰ ਉਹਨੂੰ ਦੇਖਿਆ ਹੋਇਐ। ਦੋਸਤ ਨੇ ਮੇਰਾ ਦਿਮਾਗ਼ ਚਕਰਾਉਣਾ ਚਾਹਿਆ।

'ਕਿਉਂ, ਬਕਵਾਸ ਮਾਰਦਾ ਹੁੰਨੈਂ, ਯਾਰ।'

'ਸ਼ਰਤ ਲਾ ਫੇਰ। ਤੂੰ ਮੰਨ ਜਾਣੈ।' ਉਹ ਨੇ ਮੇਰੇ ਹੱਥ 'ਤੇ ਹੱਥ ਮਾਰਿਆ।

'ਹਾਂ ਚੱਲ, ਰਹੀ ਫੇਰ।' ਮੈਂ ਵੀ ਦ੍ਰਿੜ੍ਹ ਸਾਂ। ਉਹ ਹੱਸਣ ਲੱਗਿਆ।

ਰੋਟੀ ਖਾ ਕੇ ਅਸੀਂ ਹੱਥ ਧੋਣ ਉੱਠੇ। ਦੋਸਤ ਗੰਭੀਰ ਹੋ ਕੇ ਦੱਸ ਰਿਹਾ ਸੀ, 'ਹੁਣ ਖੇਤਾ ਰਾਮ ਵਿਚਾਰਾ ਕਿਰਾਏ ਦੀ ਇੱਕ ਨਿੱਕੀ ਜਿਹੀ ਕੋਠੜੀ ਵਿੱਚ ਰਹਿੰਦੈ। ਉਹ ਹਨੇਰ-ਕੋਠੜੀ ਹੀ ਉਹਦਾ ਸੰਸਾਰ ਐ ਹੁਣ ਬੱਸ।'

'ਤਾਂ ਇਹ ਐਵੇਂ ਭਕਾਈ ਐ ਤੇਰੀ ਬਈ ਮੈਂ ਜਾਣਦਾ ਖੇਤਾ ਰਾਮ ਨੂੰ ਮੈਂ ਉਹਦੇ ਵੱਲ ਅੱਖਾਂ ਚੌੜੀਆਂ ਕਰਕੇ ਝੁਕ ਗਿਆ।

'ਨਵੇਂ ਸਿਨਮਾ-ਘਰ ਅੱਗੇ ਸਮੋਸੇ ਨਹੀਂ ਖਾਂਦੇ ਹੁੰਦੇ ਅਪਾਂ ਓਸ ਬੱਢੇ-ਬਾਬੇ ਤੋਂ, ਬੱਸ ਉਹੀ ਐ ਖੇਤਾ ਰਾਮ ਹਲਵਾਈ।' ਹੈਰਾਨੀ ਨਾਲ ਮੇਰੀਆਂ ਅੱਖਾਂ ਹੋਰ ਚੌੜੀਆਂ ਹੋ ਗਈਆਂ। ਦੋਸਤ ਚੁੱਪ ਸੀ। ਹੁਣ ਉਹਦੀ ਖ਼ਾਮੋਸ਼ੀ ਮੇਰੀ ਹੈਰਾਨੀ ਦਾ ਮਜ਼ਾਕ ਉਡਾ ਰਹੀ ਸੀ।

ਅਸਲੀ ਤੇ ਪੁਰਾਣੀ ਦੁਕਾਨ

187