ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭਲੇ ਵੇਲਿਆਂ ਦੀ ਗੱਲ

ਉਹ ਪਿਛਲੇ ਪੰਜਾਂ ਦਿਨਾਂ ਤੋਂ ਹੀਰ ਗਾ ਰਹੇ ਸਨ।ਉਹ ਤਿੰਨ ਸਨ। ਇੱਕ ਸਾਰੰਗੀ ਵਾਲਾ, ਦੋ ਜਣੇ ਢੱਡਾਂ ਵਜਾਉਂਦੇ। ਸਾਰੰਗੀ ਵਾਲਾ ਕੁਝ ਉਤਾਰ ਉਮਰ ਦਾ ਸੀ। ਢੱਡਾਂ ਵਾਲੇ ਮੰਡੇ ਪੂਰੇ ਗੱਭਰੂ ਸਨ। ਤਿੰਨਾਂ ਦੇ ਚਿੱਟੇ ਕੱਪੜੇ, ਚਿੱਟੇ ਕੁੜਤੇ, ਚਿੱਟੇ ਚਾਦਰੇ ਤੇ ਚਿੱਟੇ ਹੀ ਸਾਫ਼ੇ-ਮਾਵਾ ਦੇ ਕੇ ਬੰਨ੍ਹੀਆਂ ਲੜ ਛੱਡਵੀਆਂ ਤੁਰਲੇ ਵਾਲੀਆਂ ਪੱਗਾਂ। ਪੈਰਾਂ ਵਿੱਚ ਨੋਕਦਾਰ ਦੁਖੱਲੀਆਂ ਜੁੱਤੀਆਂ-ਚਿੱਟੀ ਤੇ ਸੁਨਹਿਰੀ ਜ਼ਰੀ ਨਾਲ ਕੱਢੀਆਂ ਹੋਈਆਂ। ਮੁੰਡਿਆਂ ਦੇ ਨਿੱਕੀਆਂ-ਨਿੱਕੀਆਂ ਦਾੜੀਆਂ, ਮੁੱਛਾਂ ਦੇ ਕੁੰਡਲ ਛੋਟੇ-ਛੋਟੇ।

ਤਿੰਨਾਂ ਦੀਆਂ ਅੱਖਾਂ ਵਿੱਚ ਧਾਰੀਦਾਰ ਸੁਰਮਾ। ਅੱਖਾਂ ਵਿੱਚ ਜਿਵੇਂ ਲਾਲ ਡੋਰਿਆਂ ਦੀਆਂ ਲਾਟਾਂ ਨਿਕਲਦੀਆਂ ਹੋਣ। ਸਾਰੰਗੀ ਵਾਲਾ ਫੇਰ ਵੀ ਜਿਵੇਂ ਮੁੰਡਿਆਂ ਸਾਹਮਣੇ ਬਾਬਾ ਜਿਹਾ ਲੱਗਦਾ। ਪਰ ਉਹ ਦੀ ਸਾਰੰਗੀ ਕਦੇ ਵੈਣ ਪਾਉਂਦੀ, ਕਦੇ ਖੁੱਲ੍ਹਾ ਹੱਸਦੀ ਤੇ ਕਦੇ ਕਿਲਕਾਰੀਆਂ ਮਾਰਦੀ। ਸਾਰੰਗੀ ਵਾਲੇ ਦਾ ਨਾਉਂ ਮਹਿੰਗਾ ਸਿੰਘ ਸੀ। ਇੱਕ ਮੁੰਡੇ ਦਾ ਨਾਉਂ ਜਰਨੈਲ ਤੇ ਦੂਜੇ ਦਾ ਨਾਉਂ ਪਿਆਰਾ ਸਿੰਘ ਸੀ। ਸਾਰੰਗੀ ਵਾਲਾ ਉਹ ਨੂੰ ਪਿਆਰੂ ਆਖਦਾ। ਪਿਆਰੂ ਦੇਖਣ ਵਿੱਚ ਜਰਨੈਲ ਨਾਲੋਂ ਥੋੜ੍ਹਾ ਵੱਡਾ ਲੱਗਦਾ। ਉਹਦਾ ਰੰਗ ਵੀ ਮਾਮੂਲੀ ਜਿਹਾ ਕਣਕ-ਵੰਨਾ ਸੀ। ਜਰਨੈਲ ਗੋਰਾ ਨਿਛੋਹ।

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਚਿੜੀ ਚੂਕਦੀ ਸੁਣ ਕੇ ਹੀ ਰਾਤ ਮੁੱਕੀ ਦਾ ਪਤਾ ਲੱਗਦਾ ਤੇ ਰਾਹੀ-ਪਾਂਧੀ ਆਪਣਾ ਸਫ਼ਰ ਸ਼ੁਰੂ ਕਰਦੇ। ਕਹਿੰਦੇ, ਉਦੋਂ ਤਾਂ ਪੰਛੀ ਵੀ ਭਾਖਿਆ ਦਿੰਦੇ ਸਨ।

ਢੱਡ-ਸਾਰੰਗੀ ਵਾਲਿਆਂ ਦਾ ਅਖਾੜਾ ਦਿਨ ਦੇ ਛਿਪਾਅ ਨਾਲ ਸ਼ੁਰੂ ਹੁੰਦਾ ਤੇ ਦੀਵੇ ਡੰਗਣ ਵੇਲੇ ਤੱਕ ਪੂਰਾ ਮਘ ਉੱਠਦਾ।ਮਜਾਲ ਹੈ, ਕੋਈ ਸੱਥ ਵਿੱਚ ਹੀ ਆਪਣਾ ਡੰਗਰ-ਪਸ਼ੂ ਲੰਘਾ ਲਵੇ, ਸਰੋਤਿਆਂ ਵਿੱਚ ਬੈਠਾ ਕੋਈ ਭੁੰਨੇ ਦਾਣੇ ਚੱਬਦਾ ਹੋਵੇ ਜਾਂ ਗਰ੍ਹਨਾ ਕੱਢਣ ਹੀ ਬੈਠ ਜਾਵੇ। ਦੂਜੇ ਦਿਨ ਗੱਲ ਕਰਨ ਵਾਲੇ ਨੂੰ ਵੀ ਕੋਲ ਬੈਠੇ ਬੰਦੇ ਬਾਹੋਂ ਫੜ ਕੇ ਖੜ੍ਹਾ ਕਰਦੇ ਤੇ ਘਰ ਨੂੰ ਤੋਰ ਦਿੰਦੇ।ਸਰੋਤਿਆਂ ਵਿੱਚ ਮੁਕੰਮਲ ਚੁੱਪ ਹੁੰਦੀ। ਢੱਡ-ਸਾਰੰਗੀ ਬੋਲਦੀ ਤੇ ਜਾ ਬੱਸ ਗਵੰਤਰੀਆਂ ਦੇ ਤਿੱਖੇ ਬੋਲ। ਪਿਆਰ ਵਖਿਆਲ ਕਰਦਾ। ਐਸੀ ਕਥਾ ਛੇੜਦਾ, ਜਿਵੇਂ ਸਭ ਕੁਝ ਅੱਖਾਂ ਸਾਹਮਣੇ ਵਾਪਰ ਰਿਹਾ ਹੋਵੇ। ਪੂਰਾ ਨਾਟਕੀ ਅੰਦਾਜ਼ ਹੁੰਦਾ, ਉਹਦੀ ਪੇਸ਼ਕਾਰੀ ਵਿੱਚ।

ਸੱਥ ਦਾ ਚੌਗਾਨ ਪੂਰਾ ਖੁੱਲ੍ਹ ਸੀ। ਇੱਕ ਪਾਸੇ ਹਥਾਈ ਦੀਆਂ ਚੌਕੜੀਆਂ, ਤਿੰਨ ਪਾਸੇ ਘਰ। ਸੱਥ ਵਿੱਚ ਤਿੰਨ ਬੀਹੀਆਂ ਆ ਕੇ ਰਲਦੀਆਂ। ਪਿੰਡ ਦੇ ਛਿਪਦੇ ਪਾਸੇ ਸੀ

188

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ