ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਇਹ ਸੱਥ। ਘਰਾਂ ਦੇ ਬਨੇਰੇ ਉੱਚੇ-ਉੱਚੇ ਸਨ। ਉਨ੍ਹਾਂ ਦਿਨਾਂ ਵਿੱਚ ਜੰਗਲਿਆਂ ਦਾ ਰਿਵਾਜ਼ ਨਹੀਂ ਸੀ। ਬਨੇਰਿਆਂ ਪਿੱਛੇ ਬੈਠ ਕੇ ਘਰਾਂ ਦੀਆਂ ਔਰਤਾਂ ਵੀ ਗੌਣ ਸੁਣਦੀਆਂ। ਗੌਣ ਵਿੱਚ ਕਿਹੜਾ ਕੋਈ ਮਾੜੀ ਗੱਲ ਹੁੰਦੀ। ਔਰਤਾਂ ਵੀ ਤਾਂ ਸੁਣ ਸਕਦੀਆਂ ਹਨ, ਪਰ ਉਹ ਕੋਠਿਆਂ 'ਤੇ ਹੀ ਸੁਣਦੀਆਂ। ਬੰਦੇ ਸੱਥ ਵਿੱਚ ਘੇਰਾ ਬੰਨ੍ਹ ਕੇ ਬੈਠੇ ਹੁੰਦੇ। ਕੋਈ ਇੱਕ-ਅੱਧ ਵੈਲੀ ਬੰਦਾ ਦਾਰੂ ਦੀ ਸ਼ੀਸ਼ੀ ਵੀ ਚੁੱਕ ਲਿਆਉਂਦਾ। ਪਾਣੀ ਦਾ ਗੜਵਾ ਤੇ ਕੌਲੀ ਵੀ। ਪਿਆਰੂ ਤੇ ਜਰਨੈਲ ਨਹੀਂ ਪੀਂਦੇ ਸਨ, ਪਰ ਸਾਰੰਗੀ-ਵਾਲਾ ਇੱਕ-ਦੋ ਕੌਲੀਆਂ ਛਕ ਲੈਂਦਾ। ਦਾਰੂ ਪੀ ਕੇ ਉਹ ਸਾਰੰਗੀ ਦੀਆਂ ਨਵੀਆਂ-ਨਵੀਆਂ ਧੁਨਾਂ ਕੱਢਣ ਲੱਗਦਾ।

ਬਨੇਰਿਆਂ ਪਿੱਛੇ ਬੁੜ੍ਹੀਆਂ ਨਾਲ ਕੋਈ ਬਹੂ ਵੀ ਘੁੰਡ ਕੱਢ ਕੇ ਬੈਠਦੀ। ਮੁਟਿਆਰ ਕੁੜੀਆਂ ਪਿੱਠ ਕਰਕੇ ਬੈਠਦੀਆਂ। ਕੰਨੇ ਰਸ ਤੋਂ ਥੱਲੇ ਬੈਠਿਆਂ ਨੂੰ ਕੋਈ ਸੁਰਤ ਨਾ ਰਹਿੰਦੀ ਕਿ ਕੋਠਿਆਂ 'ਤੇ ਕੀਹਦੀ ਬੁੜ੍ਹੀ ਬੈਠੀ ਹੈ, ਕੀਹਦੀ ਬਹੂ ਤੇ ਕੀਹਦੀ ਕੁੜੀ। ਪਰ ਕੀ ਪਤੈ, ਭਾਈ, ਦੇਖਣ ਵਾਲੇ ਤਾਂ ਫੇਰ ਵੀ ਦੇਖ ਜਾਂਦੇ ਹੋਣਗੇ। ਕੀ ਪਤੈ, ਕੋਈ ਇੱਕ ਥਾਂ ਹੀ ਨਿਗਾਹ ਗੱਡੀ ਬੈਠਾ ਰਹਿੰਦਾ ਹੋਵੇ। ਅਜਿਹੀ ਦਸ਼ਾ ਵਿੱਚ ਗੌਣ ਵੱਲ ਕਿਸੇ ਦਾ ਕੀ ਧਿਆਨ ਰਹਿੰਦਾ ਹੋਵੇਗਾ, ਪਰ ਉਹ ਸਤਿਜੁਗੀ ਜ਼ਮਾਨਾ ਸੀ, ਅੱਖ-ਸ਼ਰਮ ਬਹੁਤ ਵੱਡੀ ਗੱਲ ਹੁੰਦੀ।

ਰਾਪੁਰੀਆਂ ਦੀ ਬੁੜ੍ਹੀ ਨੰਦ ਕੁਰ ਨਿੱਤ ਆ ਕੇ ਕੋਠੇ 'ਤੇ ਬੈਠਦੀ। ਉਹਨੇ ਸਾਰਾ ਗੌਣ ਸੁਣਿਆ। ਸੋਟੀ ਫੜ ਕੇ ਤੁਰਦੀ, ਪਰ ਦੇਹ ਦੀ ਨਰੋਈ ਸੀ। ਪੁਰਾ ਡਾਂਡੇ-ਖਾਂਡੇ ਵਾਲਾ ਘਰ ਸੀਰਾਪੁਰੀਆਂ ਦਾ। ਨੰਦ ਕੁਰ ਦੇ ਤਿੰਨ ਮੁੰਡੇ ਸੀ। ਖੱਬੀ ਖਾਨ ਵਾਹੀ ਕਰਦੇ। ਛੱਤ ਨਾਲ ਬੋਰੀਆਂ ਲੱਗੀਆਂ ਰਹਿੰਦੀਆਂ। ਤਿੰਨਾਂ ਮੁੰਡਿਆਂ ਦੇ ਅਗਾਂਹ ਜੁਆਨ ਪੁੱਤ ਧੀ। ਮੁੰਡਿਆਂ ਦਾ ਪਿਓ ਨਹੀਂ ਸੀ। ਇਕੱਠਾ ਟੱਬਰ ਸੀ।ਪੁੱਗਦੀ ਨੰਦ ਕਰ ਦੀ। ਪੰਜ ਕਰੇ, ਪੰਜਾਹ ਕਰੇ, ਮੁੰਡਾ-ਬਹੂ ਕਦੇ ਕੋਈ ਕੁਸਕਦਾ ਨਹੀਂ ਸੀ।

ਨੰਦ ਕੁਰ ਦੀ ਪੋਤੀ, ਵੱਡੇ ਮੁੰਡੇ ਦੀ ਧੀ ਨਾਮੋ ਵੀ ਆਥਣ ਵੇਲੇ ਗੌਣ ਸੁਣਦੀ। ਉਹ ਦਾਦੀ ਦੇ ਗੋਡੇ-ਮੁੱਢ ਲੱਗ ਕੇ ਬੈਠ ਜਾਂਦੀ ਤੇ ਮੰਤਰ ਮੁਗਧ ਹੋ ਕੇ ਸੁਣਦੀ ਰਹਿੰਦੀ। ਕਦੇ-ਕਦੇ ਅੱਖਾਂ ਪੁੱਟ ਕੇ ਗਾਉਣ ਵਾਲਿਆਂ ਵੱਲ ਝਾਕਦੀ। ਨਹੀਂ ਤਾਂ ਬੱਸ ਧਰਤੀ ਤੇ ਨਿਗਾਹ।

ਦਾਦੀ ਉਹ ਨੂੰ ਕਿਸੇ ਗੱਲੋਂ ਟੋਕਦੀ ਵਰਜਦੀ ਨਹੀਂ ਸੀ। ਉਹਨੂੰ ਕਦੇ ਨਹੀਂ ਆਖਿਆ ਸੀ ਕਿ ਉਹ ਹਥਾਈ ਵੱਲ ਪਿੱਠ ਕਰਕੇ ਬੈਠੇ। ਇੱਕ ਦਿਨ ਦੁਪਹਿਰ ਵੇਲੇ ਜਦੋਂ ਬੰਦੇ ਖੇਤਾਂ ਵਿੱਚ ਸਨ, ਔਰਤਾਂ ਆਪੋ-ਆਪਣੇ ਕੰਮੀਂ ਧੰਦੀਂ ਰੁੱਝੀਆਂ ਹੋਈਆਂ, ਛੋਟੇ ਜੁਆਕ ਵੀ ਘਰ ਨਹੀਂ ਸਨ ਤਾਂ ਦਾਦੀ-ਪੋਤੀ ਵਿਹੜੇ ਵਿੱਚ ਨਿੰਮ ਦੀ ਛਾਂ ਥੱਲੇ ਬੈਠੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗੀਆਂ। ਨਾਮੋ ਕਹਿ ਰਹੀ ਸੀ-ਅੰਬੋ ਨੀ, ਉਹ ਕੀ ਸੁਹਣਾ ਬੋਲਦੈ, ਤੇ ਕਿੰਨਾ ਵਧੀਆ ਗਾਉਂਦੈ।

'ਗਾਉਂਦੇ ਤਾਂ ਦੋਵੇਂ ਵਧੀਆਂ ਨੇ, ਤੂੰ ਕਿਹੜੇ ਦੀ ਗੱਲ ਕਰਦੀ ਐਂ?'

'ਉਹ ਜਿਹੜਾ ਊਂ ਵੀ ਬੋਲਦਾ ਹੁੰਦੈ। ਮੁਸ਼ਕੀ ਜ੍ਹਾ ਰੰਗ ਐ ਜੀਹਦਾ, ਉਹ। ਅੰਬੋ ਨੀ, ਉਹਦੇ ਤਾਂ ਪਤਾਸਿਆਂ ਵਰਗੇ ਬੋਲ ਨੇ।

ਭਲੇ ਵੇਲਿਆਂ ਦੀ ਗੱਲ

189