ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/192

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਫ਼ਾਸਲੇ

ਬਹੂ-ਮੁੰਡੇ ਵਾਲੀ ਜੀਪ ਵਿਚ ਮੈਂ ਵੀ ਸਾਂ। ਦੋ ਬੰਦੇ ਹੋਰ ਸਨ। ਮੁੰਡੇ ਦਾ ਵਿਚੋਲਾ ਵੀ ਸੀ। ਮਾਮੀ ਵਿਚੋਲਣ ਬਣ ਕੇ ਨਾਲ ਆਈ ਸੀ। ਦੂਜਾ ਬੰਦਾ ਮੁੰਡੇ ਦੇ ਪਿਓ ਦਾ ਕੋਈ ਲਿਹਾਜ਼ੀ ਸੀ। ਸੀ ਬਜ਼ੁਰਗ

ਸਾਬੋਕੀ ਤਲਵੰਡੀ ਆ ਕੇ ਜੀਪ ਰੁਕੀ। ਡਰਾਈਵਰ ਰੇਡੀਏਟਰ ਵਿੱਚ ਪਾਣੀ ਪਾਉਣ ਲੱਗਿਆ। ਮੁੰਡਾ, ਮੁੰਡੇ ਦਾ ਮਾਮਾ ਤੇ ਪਿਓ ਦਾ ਲਿਹਾਜ਼ੀ ਸ਼ਰਾਬ ਦੇ ਠੇਕੇ ਵੱਲ ਤੁਰ ਗਏ। ਮੈਂ ਇੱਕ ਚਾਹ ਦੀ ਦੁਕਾਨ ਤੋਂ ਪਾਣੀ ਦਾ ਡੱਬਾ ਲੈ ਕੇ ਓਕ ਨਾਲ ਪਾਣੀ ਪੀਣ ਲੱਗਿਆ।

'ਗਲਾਸ ਲੈ ਲਓ, ਭਾਈ ਸਾਅਬ।'

'ਨਹੀਂ, ਠੀਕ ਐ, ਗਲਾਸ ਨੂੰ ਕੀ ਐ।'

ਪਾਣੀ ਪੀ ਕੇ ਮੁੱਛਾਂ 'ਤੇ ਹੱਥ ਫੇਰਿਆ ਤੇ ਗਿੱਲੀਆਂ ਉਂਗਲਾਂ ਨਾਲ ਅੱਖਾਂ ਦੀਆਂ ਪਲਕਾਂ ਨੂੰ ਸਹਿਲਾਇਆ। ਦੂਰੋਂ ਖੜ੍ਹੇ ਨੇ ਮੈਂ ਜੀਪ ਵੱਲ ਨਜ਼ਰ ਮਾਰੀ, ਮੁੰਡੇ ਦੀ ਮਾਮੀ ਤੇ ਬਹੂ ਕਾਹਲ ਨਾਲ ਕੋਈ ਗੱਲ ਕਰ ਰਹੀਆਂ ਸਨ। ਇੱਕ ਬਿੰਦ ਮੇਰੇ ਬੁੱਲ੍ਹਾਂ ਤੇ ਮੁਸਕਾਨ ਆਈ-ਹੁਣ ਵਕਤ ਲੱਗਿਐ ਵਿਚਾਰੀ ਬਹੂ ਨੂੰ ਤਾਂ ਮੂੰਹ ਖੋਲ੍ਹਣ ਦਾ।

ਹਾੜ੍ਹਾਂ ਦੇ ਦਿਨ ਸਨ। ਕੁਝ ਦਿਨ ਹੋਏ, ਥੋੜ੍ਹਾ ਜਿਹਾ ਮੀਂਹ ਪਿਆ ਸੀ ਤੇ ਹੁਣ ਫੇਰ ਗਰਮੀ ਦੂਣ-ਸਵਾਈ ਹੋ ਚੱਲੀ ਸੀ।ਧਰਤੀ ਫਿਰ ਤਪਣ ਲੱਗ ਪਈ। ਹਨੇਰੀਆਂ ਫਿਰ ਉੱਠਣ ਲੱਗੀਆਂ। ਢਲੀ ਦੁਪਹਿਰ ਅਸੀਂ ਵਿਦਾ ਹੋਏ ਤੇ ਹੁਣ ਆਥਣ ਉਤਰਣ ਲੱਗੀ ਸੀ। ਸੜਕ 'ਤੇ ਇੱਕ ਨਿੰਮ੍ਹ ਦੀ ਛਾਂ ਥੱਲੇ ਜੀਪ ਖੜ੍ਹੀ ਸੀ। ਉਹ ਤਿੰਨੇ ਜਣੇ ਠੇਕੇ ਵਿਚੋਂ ਅਜੇ ਬਾਹਰ ਨਹੀਂ ਨਿਕਲੇ ਸਨ। ਸ਼ਾਇਦ ਉੱਥੇ ਹੀ ਪਾਣੀ ਦਾ ਡੱਬਾ ਤੇ ਗਲਾਸ ਲੈ ਕੇ ਪੀਣ ਬੈਠ ਗਏ ਹੋਣ। ਚਾਹ-ਸੋਢੇ ਦੀਆਂ ਦੁਕਾਨਾਂ ਵਿੱਚ ਤਾਂ ਪੂਰਾ ਹੁੰਮਸ ਸੀ। ਮੈਂ ਇੱਕ ਸੁੱਕੇ ਜਿਹੇ ਲਸੂੜੇ ਥੱਲੇ ਖੜ੍ਹਾ ਸਾਂ। ਲਸੂੜੇ ਦੀਆਂ ਵਿਰਲੀਆਂ ਟਹਿਣੀਆਂ 'ਤੇ ਕੋਈ-ਕੋਈ ਪੱਤਾ ਸੀ। ਏਧਰ-ਉੱਧਰ ਝਾਕ ਕੇ ਮੈਂ ਵਾਤਾਵਰਣ ਦਾ ਜਾਇਜ਼ਾ ਲੈ ਰਿਹਾ ਸਾਂ। ਸੋਚਿਆ, ਜੀਪ ਵਿਚ ਜਾ ਕੇ ਹੀ ਬੈਠ ਜਾਵਾਂ। ਇੱਕ ਪੈਰ ਪੁੱਟਿਆ, ਪਰ ਨਹੀਂ। ਕਰ ਲੈਣ ਦੇ ਗੱਲਾਂ ਵਿਚੋਲਣ ਨੂੰ। ਪਤਾ ਨਹੀਂ ਕੀ ਕੁਝ ਸਮਝਾ ਰਹੀ ਹੋਵੇਗੀ। ਬਹੂ ਪਤਾ ਨਹੀਂ ਕੀ ਕੁਝ ਪੁੱਛ ਰਹੀ ਹੋਵੇਗੀ। ਆਪਾਂ ਕਾਹਨੂੰ ਵਿਘਨ ਪਾਉਣਾ ਹੈ, ਉਨ੍ਹਾਂ ਦੀ ਗੱਲਬਾਤ ਚ ਤੇ ਨਾਲੇ ਪਤਾ ਨਹੀਂ ਕੀ ਮਹਿਸੂਸ ਕਰਨ, ਮੇਰੇ ਜਾਣ 'ਤੇ।

ਖਾ ਲੈ ਖ਼ਰਚ ਲੈ ਪੁੰਨ ਤੇ ਦਾਨ ਕਰ ਲੈ.....ਉੱਚੀ ਲੰਬੀ ਹੇਕ ਵਾਲੀ ਅਵਾਜ਼ ਮੇਰੇ ਕੰਨਾਂ ਵਿਚ ਪਈ।

192

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ