ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਤੇ ਵਿਰ...

ਮਾਇਆ ਵਿਚ ਜ਼ਮੀਨ ਦੇ ਪੜੀ ਰਹਿਣੀ।

ਏਧਰ-ਓਧਰ ਹੋ ਕੇ ਤੇ ਚਾਰ ਚੁਫ਼ੇਰੇ ਝਾਕ ਕੇ ਮੈਂ ਪਤਾ ਲਾਉਣਾ ਚਾਹਿਆ ਕੌਣ ਗਾ ਰਿਹਾ ਹੈ ਇਹ? ਵੀਹ-ਵੀਹ ਗਜ਼ ਦੀ ਵਿੱਥ 'ਤੇ ਹੀ ਕਿਤੋਂ ਅਵਾਜ਼ ਆ ਰਹੀ ਸੀ। ਇੱਕ ਛੱਪਰੀ ਜਿਹੀ ਵੱਲ ਮੈਂ ਤੁਰ ਪਿਆ। ਛੱਪਰੀ ਦੇ ਇੱਕ ਪਾਸੇ ਇੱਕ ਢਿਲਕੀ ਹੋਈ ਮੰਜੀ ਵਿਚ ਇੱਕ ਕਾਲਾ-ਕਲੂਟਾ ਆਦਮੀ ਪਿਆ ਸੀ। ਹੱਡੀਆਂ ਦੀ ਮੁੱਠੀ ਤੇ ਬੋਲ ਐਡਾ? ਮੈਂ ਹੈਰਾਨ ਰਹਿ ਗਿਆ। ਮੰਜੀ 'ਤੇ ਇੱਕ ਬਹੁਤ ਪੁਰਾਣਾ ਤੇ ਮੈਲਾ ਗਦੈਲਾ ਵਿਛਿਆ ਹੋਇਆ ਸੀ। ਉਸ ਨੇ ਆਪਣੀਆਂ ਲੱਤਾਂ ਇੱਕ ਬਾਹੀ 'ਤੋਂ ਦੀ ਥੱਲੇ ਲਮਕਾਈਆਂ ਹੋਈਆਂ ਸਨ ਤੇ ਸਿਰ ਦੂਜੀ ਬਾਹੀ ਨਾਲ ਲਾਇਆ ਹੋਇਆ ਸੀ। ਮੰਜੀ ਦੀ ਝੋਲੀ ਵਿੱਚ ਉਹ ਗੰਢ ਜਿਹੀ ਬਣਿਆ ਪਿਆ ਸੀ।

ਜਦ ਹੀ ਮੈਂ ਉਸ ਦੇ ਕੋਲ ਜਾ ਕੇ ਖੜ੍ਹਾ, ਉਸ ਨੇ। ਗਾਉਣਾ ਬੰਦ ਕਰ ਦਿੱਤਾ। ਸ਼ਾਇਦ ਉਸ ਨੇ ਮੇਰੇ ਪੈਰਾਂ ਦੀ ਅਵਾਜ਼ ਸੁਣ ਲਈ ਹੋਵੇ। ਮੈਨੂੰ ਦੇਖ ਕੇ ਦੋ-ਤਿੰਨ ਬੰਦੇ ਹੋਰ ਵੀ ਆ ਖੜ੍ਹੇ ਹੋਏ। 'ਆਓ ਭਗਤੋਂ' ਕਹਿ ਕੇ ਉਸ ਨੇ ਸਾਨੂੰ ਇਸ ਤਰ੍ਹਾਂ ਬੁਲਾਇਆ, ਜਿਵੇਂ ਅਸੀਂ ਉਸ ਨੂੰ ਸਾਮਰਤੱਖ ਦਿੱਸ ਰਹੇ ਹੋਈਏ। ਪਰ ਉਹ ਤਾਂ ਅੰਨ੍ਹਾਂ ਸੀ।

'ਬੱਸ ਤੇਰਾ ਬੋਲ ਸੁਣ ਕੇ ਆ ਗਏ ਭਰਾਵਾ।' ਮੈਂ ਕਿਹਾ।‘ਤੂੰ ਚੁੱਪ ਕਿਉਂ ਹੋ ਗਿਆ ਸਾਡੇ ਆਇਆਂ ਤੋਂ?'

'ਦੋ ਬੋਲ ਕੱਢ ਕੇ ਕਦੇ-ਕਦੇ ਚਿੱਤ ਪਰਚਾ ਲਈਦੈ, ਮਿੱਤਰ ਜਨਾ। ਗੌਣ ਨੂੰ ਹੁਣ ਕੀ ਐ, ਬੱਸ ਐਨਾ ਈ ਐ, ਬੋਲ ਸੁਣ ਕੇ ਥੋਡੇ ਵਰਗੇ ਸੱਜਣ ਲੋਕ ਹਾਲ-ਚਾਲ ਪੁੱਛ ਜਾਂਦੇ ਨੇ।' ਉਹ ਪੂਰਾ ਜ਼ੋਰ ਲਾ ਕੇ ਬੋਲ ਰਿਹਾ ਸੀ। ਉਸ ਦਾ ਬੋਲ ਨਰੋਆ ਸੀ। ਜਦ ਉਹ ਆਵਾਜ਼ ਕੱਢਦਾ, ਉਸ ਦੀ ਛਾਤੀ ਫੁੱਲ ਜਾਂਦੀ। ਪੁੜਪੜੀਆਂ ਦੀਆਂ ਨਾੜਾਂ ਖੜ੍ਹੀਆਂ ਹੋ ਜਾਂਦੀਆਂ। ਢਿੱਡ ਅੰਦਰ ਨੂੰ ਹੋਰ ਧਸ ਜਾਂਦਾ। ਉਸ ਨੇ ਤੇੜ ਸਿਰਫ਼ ਇੱਕ ਲਾਲ ਦੁਪੱਟਾ ਲਪੇਟਿਆ ਹੋਇਆ ਸੀ। ਸਰੀਰ 'ਤੇ ਹੋਰ ਕੋਈ ਕੱਪੜਾ ਨਹੀਂ ਸੀ। ਸਿਰ ਅੱਧਾ ਗੰਜਾ ਤੇ ਅੱਧੇ ਉੱਤੇ ਗਿੱਚੀ ਵੱਲ ਲੁਈਂ ਜਿਹੀ ਸੀ। ਦਾੜੀ ਦੇ ਚੀਚੀ-ਚੀਚੀ ਕਰਜ਼ੇ ਅੱਧੇ ਕਾਲੇ, ਅੱਧੇ ਚਿੱਟੇ ਸਨ। ਪੈਰਾਂ ਦੀਆਂ ਪੁਤਲੀਆਂ ਦੱਸ ਰਹੀਆਂ ਸਨ ਕਿ ਉਹ ਧਰਤੀ 'ਤੇ ਕਦੇ ਨਹੀਂ ਲੱਗੀਆਂ ਹੋਈਆਂ।

'ਤੁਰ ਫਿਰ ਲੈਨੈਂ ਮਾੜਾ-ਮੋਟਾ?' ਕੋਲ ਖੜ੍ਹੇ ਇੱਕ ਨੇ ਪੁੱਛਿਆ। ਉਹ ਹੱਸਿਆ। ਉਸ ਦੇ ਖੁੱਲ੍ਹ ਕੇ ਹੱਸਣ ਨਾਲ ਕੀਤੇ ਹੋਏ ਸਵਾਲ ਦਾ ਮਖੌਲ ਜਿਹਾ ਉੱਡਦਾ ਮੈਨੂੰ ਮਹਿਸੂਸ ਹੋਇਆ।

'ਤੁਰਨਾ-ਫਿਰਨਾ ਕਾਹਦਾ ਚੋਬਰਾ, (ਸਵਾਲ ਕਰਨ ਵਾਲੇ ਦੀ ਉਮਰ ਵੀ ਸ਼ਾਇਦ ਉਸ ਨੇ ਭਾਂਪ ਲਈ ਸੀ) ਆਹ ਕੋਲੇ ਜਿਹੜਾ ਖ਼ਾਲੀ ਮੰਜਾ ਪਿਐ, ਦਿੱਸਦੈ, ਵਿਚਾਲਿਓਂ ਵੱਢਿਆ ਹੋਇਆ, ਘੋਗਰਾ ਕੀਤਾ ਹੋਇਆ? ਆਹ ਹੋਟਲ ਵਾਲੇ, ਜਦ ਕਹਾਂ-ਇੱਕ ਜਣਾ ਡੌਲਿਆ ਤੋਂ ਫੜਦੈ, ਇੱਕ ਜਣਾ ਗੋਡਿਆ ਤੋਂ-ਚੱਕ ਕੇ ਏਸ ਮੰਜੇ 'ਤੇ ਪਾ ਦਿੰਦੇ ਨੇ। ਬਾਹਾਂ ਮੇਰੀਆਂ ਕੰਮ ਕਰਦੀਆਂ ਨੇ। ਪਸ਼ਾਬ ਕਰਨਾ ਹੋਵੇ ਤਾਂ ਐਸੇ ਡੱਬੇ ਚ ਕਰਕੇ ਰੱਖ ਲੈਨਾਂ-ਹਸਪਤਾਲ ਵਾਲੀ ਭੰਗਣ ਜਦ ਔਂਦੀ ਐ, ਚੱਕ ਕੇ ਡੋਲ੍ਹ ਔਂਦੀ ਐ।'

ਫ਼ਾਸਲੇ

193