ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 'ਤੂੰ ਬਚਪਨ ਤੋਂ ਈ ਐਂ ਏਸ ਤਰ੍ਹਾਂ ਭਰਾਵਾ ਕਿ ਮਗਰੋਂ ਕਦੇ ਹੋ ਗਿਆ ਸੀ?' ਮੈਂ ਪੁੱਛਿਆ।

'ਇਹ ਤਾਂ ਲੰਮੀ ਕਹਾਣੀ ਐ ਦੋਸਤਾ' ਉਸ ਨੇ ਖੰਘਾਰ ਕੇ ਆਪਣਾ ਗਲ ਸਾਫ਼ ਕੀਤਾ ਤੇ ਪੈਂਦਾ ਵਾਲੇ ਪਾਸੇ ਜ਼ੋਰ ਨਾਲ ਥੁੱਕ ਦਿੱਤਾ। ਉੱਧਰ ਕੋਈ ਖੜ੍ਹਾ ਨਹੀਂ ਸੀ।

ਉਸ ਨੇ ਦੱਸਿਆ ਕਿ ਅੰਨ੍ਹਾਂ ਤਾਂ ਉਹ ਜਨਮ ਤੋਂ ਹੀ ਸੀ। ਇੱਕ ਸਾਧ ਕੋਲ ਰਹਿੰਦਾ ਹੁੰਦਾ। ਸਾਧ ਨੇ ਉਸ ਨੂੰ ਗੁਰਬਾਣੀ ਯਾਦ ਕਰਵਾਈ ਤੇ ਗਾਉਣ ਦਾ ਅਭਿਆਸ ਵੀ। ਸਾਧ ਕੋਲ ਇੱਕ ਗਵੱਈਆ ਆਉਂਦਾ ਹੁੰਦਾ। ਉਸ ਨੇ ਉਸ ਨੂੰ ਇਕਤਾਰੀਅ ਵਜਾਉਣਾ ਸਿਖਾ ਦਿੱਤਾ। ਫਿਰ ਤਾਂ ਉਹ ਸੱਜੇ ਹੱਥ ਨਾਲ ਇਕਤਾਰੀਆ ਵਜਾਉਂਦਾ ਤੇ ਖੱਬੇ ਹੱਥ ਨਾਲ ਇਕਤਾਰੀਏ ਦੇ ਕੱਦੂ ਤੇ ਠੀਕਰੀ ਦੀ ਤਾਲ ਦਿੰਦਾ। ਸਾਧ ਨੇ ਤੇ ਉਸ ਗਵੱਈਏ ਨੇ ਉਸ ਨੂੰ ਕਿੰਨੇ ਹੀ ਗਾਉਣ ਸਿਖਾ ਦਿੱਤੇ ਸਨ। ਉਹ ਇੱਥੇ ਹੀ ਬੱਸ ਅੱਡੇ 'ਤੇ ਆ ਕੇ ਇਕਤਾਰਾ ਵਜਾਉਂਦਾ ਤੇ ਗਾਉਂਦਾ। ਉਸ ਤੇ ਖ਼ੁਸ਼ ਹੋ ਕੇ ਜਾ ਤਰਸ ਕਰਕੇ ਲੋਕ ਉਹਦੇ ਸਿਲਵਰ ਦੇ ਕੌਲੇ ਵਿੱਚ ਪੈਸੇ ਸੁੱਟ ਜਾਂਦੇ। ਇਸ ਤਰ੍ਹਾਂ ਪੰਜ-ਪੰਜ, ਸੱਤ-ਸੱਤ ਰੁਪਏ ਉਹ ਨਿੱਤ ਬਣਾ ਲੈਂਦਾ। ਕਦੇ-ਕਦੇ ਤਾਂ ਦਸ ਵੀ। ਉਸ ਦੀ ਇਸ ਕਮਾਈ ਨੂੰ ਦੇਖ ਕੇ ਇੱਕ ਵੱਖਰੀ ਕੁੱਲੀ ਉਸ ਵਾਸਤੇ ਪਾ ਦਿੱਤੀ ਤੇ ਆਪਣੀ ਕੁੜੀ ਉਸ ਕੁੱਲੀ ਵਿੱਚ ਭੇਜ ਦਿੱਤੀ। ਵਿਆਹ ਦੀ ਰਸਮ ਬੱਸ ਇਹੀ ਸੀ। ਉਹ ਬੰਦਾ ਬੱਸ ਅੱਡੇ 'ਤੇ ਜੁੱਤੀਆਂ ਗੰਢਣ ਦਾ ਕੰਮ ਕਰਦਾ ਹੁੰਦਾ। ਇੱਕ ਉਸ ਦੀ ਘਰਵਾਲੀ ਸੀ ਤੇ ਇੱਕ ਬੱਸ ਇਹ ਕੁੜੀ।

ਮੇਰੇ ਨਾਲ ਦੇ ਤਿੰਨੇ ਜਣੇ ਅਜੇ ਠੇਕੇ ਵਿਚੋਂ ਬਾਹਰ ਨਹੀਂ ਆਏ ਸਨ। ਮੈਂ ਦੇਖਿਆ, ਵਿਚੋਲਣ ਬਹੂ ਨੂੰ ਸੰਭਾਲ ਕੇ ਮੋਢਿਆ ਤੋਂ ਫੜੀ ਕਿਤੇ ਪਰੇ ਲਿਜਾ ਰਹੀ ਸੀ। ਸ਼ਾਇਦ ਪਿਸ਼ਾਬ ਕਰਵਾਉਣ ਲਿਜਾ ਰਹੀ ਹੋਵੇ। ਮੁੰਡੇ ਦੇ ਮਾਮੇ ਨੇ ਆ ਕੇ ਮੇਰੀ ਬਾਂਹ ਫੜੀ ਤੇ ਸ਼ਰਾਬੀ ਸ਼ਬਦਾਂ ਵਿੱਚ ਕਹਿਣ ਲੱਗਿਆ, 'ਓਏ ਤੂੰ ਭਾਈ ਸੁੱਕਾ ਈ ਰਹੇਂਗਾ ਹੁਣ? ਅਸੀਂ ਤਾਂ ਆਖਿਆ, ਆਪੇ ਈ ਆਜੇਂਗਾ। ਆਜਾ ਤੂੰ ਵੀ।'

'ਨਾ ਮਾਮਾ, ਮੈਂ ਤਾਂ ਅਹਿਆ ਜ੍ਹਾ ਕੰਮ ਕਦੇ ਕੀਤਾ ਨ੍ਹੀ।'

'ਓਏ, ਤੂੰ ਆ ਵੀ।'

'ਨਾ-ਨਾ, ਮਖਿਆ ਜਮਾਂ ਈ ਨੀ।' ਕਹਿ ਕੇ ਮੈਂ ਉਸ ਤੋਂ ਹੱਥ ਛੁਡਾ ਲਿਆ। ਉਹ ਪਤੌੜਾਂ ਵਾਲੀ ਇੱਕ ਦੁਕਾਨ 'ਤੇ ਗਿਆ ਤੇ ਇੱਕ ਰੁਪਿਆ ਦੇਣ ਲੱਗਿਆ। 'ਇਹ ਕੌਣ ਸੀ, ਭਾਈ?'

'ਮੇਰੇ ਨਾਲ ਦਾ ਈ ਐ। ਮੁੰਡਾ ਵਿਆਹ ਕੇ ਲਿਆਏ ਆਂ ਅਸੀਂ।' ਮੈਂ ਕਿਹਾ। 'ਤੂੰ ਅਗਾਂਹ ਸੁਣਾ, ਆਪਣੀ ਗੱਲ।

'ਅੱਛਿਆ ਭਾਈ, ਵਕਤ ਲੰਘਦਾ ਗਿਆ। ਬਥੇਰਾ ਕੁੱਛ ਦੇਖਿਆ। ਦੋ ਕਾਕੇ ਵੀ ਹੋਏ, ਪਰ ਦੋਵੇਂ ਈ ਪਰਮਾਤਮਾ ਨੂੰ ਪਿਆਰੇ ਹੋ ਗਏ। ਓਸੇ ਨੇ ਦਿੱਤੇ ਸੀ, ਓਹੀ ਲੈ ਗਿਆ। ਉਸ ਦੀ ਲੀਲਾ ਸੀ। ਉਸ ਦੀ ਅਵਾਜ਼ ਭਾਰੀ ਹੋ ਗਈ।

ਫਿਰ ਉਸ ਨੇ ਦੱਸਿਆ ਕਿ ਉਸ ਦੀ ਘਰਵਾਲੀ ਦਾ ਪਿਓ ਮਰ ਗਿਆ ਤੇ ਮਾਂ ਵੀ। ਉਸ ਦੇ ਇੱਕ ਕੁੜੀ ਹੋਰ ਹੋਈ ਫੇਰ। ਉਹ ਉਸੇ ਤਰ੍ਹਾਂ ਬੱਸ ਅੱਡੇ 'ਤੇ ਆ ਕੇ ਗਾਉਂਦਾ। ਪੈਸੇ ਕਮਾ ਕੇ ਘਰ ਲਿਜਾਂਦਾ ਤੇ ਆਪਣੀ ਔਰਤ ਨੂੰ ਦਿੰਦਾ।

194

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ