ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਉਹ ਕਦੇ-ਕਦੇ ਸੁੱਖੇ ਵਾਲੇ ਪਤੌੜ ਖਾ ਲੈਂਦਾ। ਇੱਕ ਦਿਨ ਕੁਝ ਬਹੁਤੇ ਖਾ ਗਿਆ। ਬੱਸ ਅੱਡੇ 'ਤੇ ਹੀ ਪਿਆ ਰਿਹਾ। ਗਰਮੀਆਂ ਦੇ ਦਿਨ ਸਨ। ਬਹੁਤ ਹਨੇਰੀ ਚੱਲ ਵਗੀ। ਉਸ ਦੇ ਸਾਰੇ ਸਰੀਰ ਨੂੰ ਮੁੜ੍ਹਕਾ ਆਇਆ ਹੋਇਆ ਸੀ। ਲੱਤਾਂ ਨੂੰ ਤਾਂ ਬਹੁਤਾ ਹੀ। ਹਨੇਰੀ ਤੋਂ ਬਾਅਦ ਮੀਂਹ ਪਿਆ। ਮੀਂਹ ਵੀ ਉਸ ਦੇ ਉੱਤੇ ਹੀ ਵਰ੍ਹਿਆ। ਜਦ ਉਸ ਨੂੰ ਸੁਰਤ ਆਈ, ਉਸ ਦੀਆਂ ਲੱਤਾਂ ਕੰਮ ਨਹੀਂ ਕਰ ਰਹੀਆਂ ਸਨ। ਦੋ ਬੰਦਿਆਂ ਨੇ ਉਸ ਨੂੰ ਚੁੱਕ ਕੇ ਉਸ ਦੀ ਕੁੱਲੀ ਵਿੱਚ ਲਿਆਂਦਾ। ਲੱਤਾਂ ਜੁੜ ਗਈਆਂ। ਸੁਕੜੱਜਾ ਤੇ ਗਮੋੜੇ ਜਿਹੇ ਵੀ ਨਿਕਲ ਆਏ। ਗਰੀਬਾਂ ਦੀ ਦਾਰੂ ਬੂਟੀ ਵੀ ਕੋਈ ਨਹੀਂ ਕਰਦਾ ਹੁੰਦਾ। ਘਰਵਾਲੀ ਕੁਝ ਕਰਨ ਵਾਲੀ ਨਹੀਂ ਸੀ। ਕੀ ਕਰਦੀ ਉਹ? ਕੀ ਸੀ ਉਸ ਕੋਲ? ਕੁਝ ਦਿਨਾਂ ਬਾਅਦ ਲੱਤਾਂ ਦੇ ਫੋੜੇ ਤਾਂ ਆਪ ਹੀ ਹਟ ਗਏ। ਪਰ ਉਸ ਤੋਂ ਤੁਰਿਆ ਨਹੀਂ ਜਾ ਰਿਹਾ ਸੀ। ਇਕਤਾਰੀਏ ਦੀ ਕਮਾਈ ਬੰਦ ਹੋ ਗਈ।

ਇੱਕ ਦਿਨ ਉਸ ਦਾ ਛੋਟਾ ਭਾਈ ਬਠਿੰਡਿਓਂ ਆਇਆ। ਉੱਥੇ ਉਹ ਇੱਕ ਸਰਦਾਰ ਦੀ ਕੋਠੀ ਵਿੱਚ ਮਾਲੀ ਦਾ ਕੰਮ ਕਰਦਾ ਸੀ। ਉਸ ਨੇ ਛੋਟੇ ਭਾਈ ਨੂੰ ਕਿਹਾ ਕਿ ਉਹ ਉਸ ਦੀ ਘਰਵਾਲੀ ਨੂੰ ਲੈ ਜਾਵੇ। ਆਪਣੇ ਘਰ ਵਸਾ ਲਵੇ। ਨਹੀਂ ਤਾਂ ਵਗ ਇਸ ਨੇ ਉਂਝ ਵੀ ਜਾਣਾ ਹੈ। ਮੈਂ ਤਾਂ ਕੁਛ ਕਰਨ ਜੋਗਾ ਨਹੀਂ। ਇਹ ਹੁਣ ਖਾਊ ਕਿੱਥੋਂ? ਮੈਂ ਸਰੀਰੋਂ ਵੀ ਆਰੀ ਹੋ ਗਿਆ।ਤੂੰ ਹੀ ਲੈ ਜਾ ਹੁਣ ਇਹਨੂੰ। ਉਹ ਦੱਸ ਰਿਹਾ ਸੀ-'ਉਹਨੂੰ ਤਾਂ ਉਹ ਲੈ ਗਿਆ। ਮੈਨੂੰ ਵੀ ਕਹਿੰਦਾ ਸੀ, ਨੂੰ ਵੀ ਚੱਲ ਬਠਿੰਡੇ। ਮੈਂ ਤਾਂ ਨੀਂ ਗਿਆ। ਮੈਂ ਐਥੇ ਹੀ ਰਿਹਾ। ਹੁਣ ਉਹ ਐਥੇ ਆ ਕੇ ਵਰ੍ਹੇ ਛਮਾਹੀ ਮੈਨੂੰ ਮਿਲ ਜਾਂਦੇ ਨੇ। ਸੁੱਖ ਨਾਲ ਦੋ ਮੁੰਡੇ ਨੇ। ਕੁੜੀ ਜਿਹੜੀ ਮੇਰੀ, ਵਿਆਹ 'ਤੀ ਉਨ੍ਹਾਂ ਨੇ। ਮੌਜਾਂ ਕਰਦੇ ਨੇ, ਬੁੱਲੇ ਵੱਢਦੇ ਨੇ। ਮੇਰਾ ਐਥੇ ਅਨੰਦ-ਮੰਗਲ ਬਣਿਆ ਹੋਇਆ। ਜਿਉਂਦੇ ਰਹਿਣ ਇਹ ਵਿਚਾਰੇ ਅੱਡੇ ਵਾਲੇ ਲੋਕ।

ਕੋਲ ਖੜ੍ਹੇ ਇੱਕ ਬੰਦੇ ਨੇ ਆਪਣੀ ਜੇਬ੍ਹ ਵਿੱਚੋਂ ਦਸੀ ਦਾ ਸਿੱਕਾ ਕੱਢਿਆ ਤੇ ਉਸ ਨੂੰ ਕਿਹਾ, 'ਲੈ ....'

'ਕੀ ਐ, ਭਗਤਾ?'

'ਪੈਸੇ ...ਕਾਹਦੇ 'ਚ ਪਾਵਾਂ?'

'ਪੈਸਿਆਂ ਦੀ ਤਾਂ ਭਗਤਾ ਕੋਈ ਲੋੜ ਨ੍ਹੀਂ। ਰੋਟੀ-ਚਾਹ ਮਿਲ ਜਾਂਦੀ ਐ। ਹੋਰ ਕਾਸੇ ਦੀ ਤਲਬ ਈ ਨ੍ਹੀਂ।'

'ਨਹੀਂ ਕੰਮ ਆ ਜਾਣਗੇ ਤੇਰੇ।'

ਖੱਬੇ ਪਾਸੇ ਹੱਥ ਮਾਰ ਕੇ ਉਸ ਨੇ ਸਿਰਹਾਣਾ ਟੋਹਿਆ ਤੇ ਫੇਰ ਪਾਵੇ ਕੋਲੋਂ ਟੀਨ ਦਾ ਡੱਬਾ ਚੁੱਕ ਕੇ ਉਸ ਬੰਦੇ ਵੱਲ ਕਰ ਦਿੱਤਾ-ਲੈ ਜੁਆਨਾ, ਤੂੰ ਆਪ ਦਾ ਚਾਅ ਪੂਰਾ ਕਰ ਲੈ। ਦੋ-ਤਿੰਨ ਬੰਦਿਆਂ ਨੇ ਵੀ ਡੱਬੇ ਵਿਚ ਪੈਸੇ ਸੁੱਟੇ। ਮੇਰਾ ਜੀਅ ਕਰਦਾ ਸੀ, ਇੱਕ ਰੁਪਏ ਦਾ ਨੋਟ ਡੱਬੇ ਵਿਚ ਪਾ ਦਿਆਂ। ਪਰ ਸੋਚਿਆ, ਰੁਪਿਆ ਦੇ ਕੇ ਇਸ ਦੀ ਜ਼ਿੰਦਗੀ ਤਾਂ ਨਹੀਂ ਬਦਲ ਦਿਆਂਗਾ?'

'ਚਾਹ ਪੀਣੀ ਐ, ਭਰਾਵਾ?' ਮੈਂ ਪੁੱਛਿਆ।

'ਚਾਹ, ਤੂੰ ਦੱਸ ਚੋਬਰਾ। ਮੈਂ ਤਾਂ ਪੀਈਂ ਬੈਠਾਂ। ਤੂੰ ਕਹੇਂ ਤਾਂ ਕਰਵਾ ਦਿੰਨਾ ਕੱਪ, ਵਾਜ ਮਾਰ ਕੇ।

ਫ਼ਾਸਲੇ

195