ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਮੈਨੂੰ ਕੋਈ ਜਵਾਬ ਨਾ ਔੜਿਆ। 'ਜਿਉਂਦਾ ਰਹਿ ਭਰਾਵਾ, ਬੱਸ।' ਮੈਂ ਐਨਾ ਹੀ ਕਹਿ ਸਕਿਆ। ਉਸ ਨੂੰ ਜਿਉਂਦਾ ਰਹਿ' ਕਹਿਣ 'ਤੇ ਵੀ ਮੈਨੂੰ ਸਗੋਂ ਸ਼ਰਮ ਆਈ।

ਤਿੰਨੇ ਜਣੇ ਠੇਕੇ 'ਚੋਂ ਨਿਕਲ ਕੇ ਜੀਪ ਵੱਲ ਜਾ ਰਹੇ ਸਨ। ਮਾਮੇ ਦਾ ਚਾਦਰਾ ਗਿੱਟਿਆਂ ਵਿਚ ਅੜ੍ਹਕ-ਅੜ੍ਹਕ ਪੈ ਰਿਹਾ ਸੀ। ਉਹ ਆਪਣੀ ਪੱਗ ਨੂੰ ਢਾਹ ਕੋ ਦੁਬਾਰਾ ਬੰਨ੍ਹਦਾ ਤੁਰਿਆ ਜਾ ਰਿਹਾ ਸੀ। ਕਮਲੇ ਜਿਹੇ ਲੜ ਵਲ੍ਹੇਟਦਾ। ਮੁੰਡੇ ਦੇ ਪਿਓ ਦਾ ਲਿਹਾਜ਼ੀ ਬੋਲਾ ਜਿਹਾ ਬਣਿਆ ਸੰਭਲ-ਸੰਭਲ ਕੇ ਪੈਰ ਧਰਦਾ। ਮੁੰਡੇ ਦੇ ਡੱਬ ਵਿੱਚੋਂ ਪੌਣੀ ਬੋਤਲ ਥੱਲੇ ਡਿੱਗ ਪਈ। ਉਸ ਨੇ ਬੋਤਲ ਨੂੰ ਗਾਲ੍ਹ ਕੱਢੀ ਤੇ ਉਸ ਨੂੰ ਫਿਰ ਡੱਬ ਵਿਚ ਅੜੁੰਗ ਕੇ ਜੀਪ ਵਿੱਚ ਜਾ ਬੈਠਾ। ਨੇੜੇ ਦੀ ਦੁਕਾਨ ਤੋਂ ਚਾਹ ਪੀਣ ਬਾਅਦ ਮੁਚਿਆ-ਘਸਿਆ ਅਖ਼ਬਾਰ ਪੜ੍ਹ ਰਿਹਾ ਡਰਾਈਵਰ ਉਨ੍ਹਾਂ ਨੂੰ ਜੀਪ ਵੱਲ ਜਾਂਦੇ ਦੇਖ ਕੇ ਓਧਰ ਨੂੰ ਅਹੁਲਿਆਂ। ਮੈਂ ਵੀ ਜੀਪ ਵੱਲ ਤੁਰ ਪਿਆ।

'ਡਰੇਵਲਾ' ਤੈਨੂੰ ਪਿੰਡ ਚੱਲ ਕੇ ਖੁਸ਼ ਕਰਾਂਗੇ. ਬਾਈ।' ਮਾਮੇ ਨੇ ਕਿਹਾ। ਆਥਣ ਘੁਸਮੁਸੀ ਹੋਣ ਲੱਗੀ ਸੀ। ਕੱਚੇ ਰਾਹ ਪਈ ਜੀਪ ਵੱਖੀਆਂ ਭੰਨ੍ਹਦੀ ਜਾ ਰਹੀ ਸੀ। ਮੈਂ ਆਪਣੇ ਮਨ ਵਿਚ ਬੱਸ-ਅੱਡੇ ਦੇ ਉਸ ਅਮਰ-ਪਾਰ ਨਾਲ ਗੱਲਾਂ ਕਰ ਰਿਹਾ ਸਾਂ।

196

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ