ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਅੱਖਾਂ ਝਮਕੀਆਂ। ਮਸ੍ਹਾਂ ਕਿਤੇ ਉਹ ਬੈਠਾ ਹੋਇਆ। ਅੱਧ-ਮਰਿਆ ਜਿਹਾ। ਹਮੀਦੂ ਪੈਂਦਾ 'ਤੇ ਬੈਠ ਗਿਆ।' ਕਿਵੇਂ ਸ਼ਾਹਾ, ਗੱਡੀ ਢਿੱਲੀ ਐ ਕੁਸ?' ਹਮੀਦੂ ਨੇ ਆਪਣੀ ਸੋਟੀ ਦਾ ਸਹਾਰਾ ਛੱਡ ਕੇ ਪੁੱਛਿਆ।

ਬਿਰਜੂ ਮੂੰਹੋਂ ਕੁਝ ਨਾ ਬੋਲਿਆ। ਅੱਖਾਂ ਮੀਚ ਕੇ ਸਿਰਫ਼ ਅਸਮਾਨ ਵੱਲ ਹੀ ਹੱਥ ਕਰ ਦਿੱਤਾ।

'ਮੂੰਹੋਂ ਵੀ ਬੋਲ, ਸਿਓਨਾ ਪਾਇਆ ਹੋਇਐ?' ਹਮੀਦੂ ਹੱਸਿਆ। ਅੰਦਰ ਜਾ ਕੇ ਦੇਖ ਲੈ।' ਬਿਰਜੂ ਨੇ ਕਿਹਾ ਤੇ ਫਿਰ ਮੰਜੀ 'ਤੇ ਲੇਟ ਗਿਆ। ਘੋੜੀ ਹਿਣਕੀ ਭੁੱਖੀ ਤਿਹਾਈ।

ਹਮੀਦੂ ਨੇ ਦੁਕਾਨ ਦਾ ਬਾਰ ਖੋਲ੍ਹ ਕੇ ਦੇਖਿਆ, ਪਿਛਲੀ ਕੰਧ ਵਿੱਚ ਪਾੜ ਲੱਗਿਆ ਹੋਇਆ ਸੀ। ਪੀਪੀਆਂ, ਕੁੱਜੇ, ਡੱਬੇ ਤੇ ਤੌੜੇ ਏਧਰ-ਉਧਰ ਖਿੰਡੇ ਪਏ ਸਨ। ਕਈ ਤਾਂ ਮੂਧੇ ਵੱਜੇ ਹੋਏ ਸਨ। ਲੱਕੜ ਦੀ ਸੰਦੂਕੜੀ ਜਿਸ 'ਤੇ ਖੰਡ ਵਾਲੀ ਪੀਪੀ ਪਈ ਹੁੰਦੀ ਸੀ, ਬਿਲਕੁਲ ਹੀ ਗਾਇਬ ਸੀ। ਬਿਰਜੂ ਕੋਲ ਬੈਠਣ-ਉੱਠਣ ਕਰਕੇ ਹਮੀਦੂ ਨੂੰ ਐਨਾ ਕੁ ਪਤਾ ਤਾਂ ਜ਼ਰੂਰ ਸੀ ਕਿ ਐਥੇ ਇੱਕ ਲੱਕੜ ਦੀ ਸੰਦੂਕੜੀ ਵੀ ਹੁੰਦੀ ਸੀ। ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਬਿਰਜੂ ਦੀ ਐਨੇ ਸਾਲਾਂ ਦੀ ਕਠਿਨ ਕਮਾਈ ਵੀ ਓਸੇ ਵਿੱਚ ਸੀ। ਉਹ ਤਾਂ ਸਮਝਦਾ ਸੀ ਜਿਵੇਂ ਪੀਪੀਆਂ, ਡੱਬੇ, ਕੁੱਜੇ ਤੇ ਤੌੜੀਆਂ ਵਿੱਚ ਕਿਸੇ ਚ ਖੰਡ, ਕਿਸੇ 'ਚ ਤਮਾਖੂ, ਕਿਸੇ 'ਚ ਗੁੜ, ਕਿਸੇ 'ਚ ਚਾਹ, ਮਿਰਚਾਂ, ਲੂਣ ਹੈ। ਉਵੇਂ ਜਿਵੇਂ ਲੱਕੜ ਦੀ ਸੰਦੂਕੜੀ ਵਿੱਚ ਕੋਈ ਚੀਜ਼ ਹੋਵੇਗੀ। ਉਹ ਧਰਤੀ 'ਤੇ ਹੌਲੀ-ਹੌਲੀ ਆਪਣੀ ਸੋਟੀ ਠੋਹਰਦਾਰ ਬਿਰਜੂ ਦੀ ਮੰਜੀ ਕੋਲ ਮੁੜ ਆਇਆ, ਪੁੱਛਣ ਲੱਗਿਆ, ਇਹ ਕੀ ਭਾਣਾ ਬੀਤ ਗਿਆ, ਬਿਰਜੂ ਲਾਲਾ?'

ਬਿਰਜੂ ਚੁੱਪ ਹੀ ਪਿਆ ਰਿਹਾ।

'ਓਏ ਦੱਸ, ਕੋਈ ਵੱਡਾ ਨੁਕਸਾਨ ਤਾਂ ਨ੍ਹੀ ਹੋ ਗਿਆ? ਪੱਟਿਆ ਗਿਆ, ਤੂੰ ਬੋਲਦਾ ਕਿਉਂ ਨੀਂ?' ਹਮੀਦੂ ਉਸ ਦੇ ਸਿਰਹਾਣੇ ਖੜ੍ਹਾ ਪੁੱਛ ਰਿਹਾ ਸੀ।

'ਮ੍ਹੀਦਿਆ, ਮੇਰਾ ਤਾਂ ਰਿਹਾ ਹੀ ਕੱਖ ਨੀ। ਲੱਕੜ ਦੀ ਸੰਦੂਕੜੀ.....' ਬੋਲ ਸਿੰਘ ਵਿੱਚ ਹੀ ਅਟਕ ਗਿਆ। ਜਿਵੇਂ ਦੌਰਾ ਪੈ ਗਿਆ ਹੋਵੇ।

'ਲੱਕੜ ਦੀ ਸੰਦੂਕੜੀ 'ਚ ਕੀ ਸੀ? ਉਸ ਨੇ ਪੁੱਛਿਆ।

ਉਹ ਚੁੱਪ ਸੀ।

'ਕਿਉਂ ਬਿਰਜ ਲਾਲਾ.... ਹੁਣ ਹਮੀਦੂ ਮੰਜੀ ਦੀ ਬਾਹੀ 'ਤੇ ਬੈਠਾ ਹੋਇਆ ਸੀ।

ਉਸ ਨੇ ਅੱਖਾਂ ਪੁੱਟੀਆਂ ਤੇ ਕਹਿਣ ਲੱਗਿਆ, 'ਓਸੇ ਵਿੱਚ ਤਾਂ ਸੀ ਸਭ ਕੁਸ। ਪਤਾ ਨੀਂ ਦੋ ਹਜ਼ਾਰ ਸੀ, ਪਤਾ ਨੀਂ ਤਿੰਨ ਹਜ਼ਾਰ ਸੀ। ਕਿਹੜਾ ਗਿਣਿਆ ਸੀ। ਸਭ ਕੁਸ ਲੈ ਗਿਆ ਕੋਈ। ਖਬਰੈ, ਕੀਹਦੀ ਬੇੜੀ ਬਹਿਗੀ?'

'ਪੱਟਿਆ ਗਿਆ, ਐਨੇ ਪੈਸੇ, ਐਥੇ, ਇਓਂ ਕਾਹਨੂੰ ਰੱਖਣੇ ਸੀ? ਮੰਡੀ 'ਚ ਕਿਸੇ ਆੜ੍ਹਤੀਏ ਨੂੰ ਫੜਾ ਔਂਦਾ। ਬੈਂਕ 'ਚ ਜਾਂ ਡਾਕਖ਼ਾਨੇ 'ਚ ਜਮਾਂ ਕਰਵਾ ਦਿੰਦਾ। ਹਮੀਦੂ ਝੋਰਾ ਕਰ ਰਿਹਾ ਸੀ।

'ਮੇਰਾ ਕਰਮ..' ਕਹਿ ਕੇ ਬਿਰਜੂ ਨੇ ਵੱਡਾ ਸਾਰਾ ਹਉਂਕਾ ਲਿਆ। ਤੇ ਫਿਰ ਉਸ ਨੂੰ ਕੋਈ ਲੰਬੀ ਖੰਘ ਛਿੜ ਪਈ।

200

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ