ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 'ਚੰਗਾ ਖਾਧਾ ਤੈਂ ਨੀਂ, ਪਹਿਨਿਆਂ ਤੈਂ ਨ੍ਹੀਂ, ਨਾ ਕੁਸ ਹੋਰ ਕਰ ਕੇ ਦੇਖਿਆ। ਨਾਲ ਦੀ ਨਾਲ ਖ਼ਰਚਦਾ ਰਹਿੰਦਾ, ਵਰਤਦਾ ਰਹਿੰਦਾ ਤਾਂ ਕਾਹਨੂੰ ਪਹੁੰਚਦਾ ਐਸ ਮੁਸੀਬਤ ਨੂੰ?' ਹਮੀਦੂ ਨੇ ਕਿਹਾ ਤੇ ਫਿਰ ਆਖਿਆ, 'ਪੰਚੈਤ ਨੂੰ ਪਤਾ ਕਰਦੇ, ਚੌਕੀਦਾਰ ਨੂੰ ਮੌਕਾ ਦਿਖਾ ਦੇ। ਪੁਲਿਸ ਆਉ ਹੁਣ, ਆਪ ਕੱਢ ਚੋਰੀ?'

ਹਮੀਦੂ ਹੌਲੀ-ਹੌਲੀ ਖੰਘਦਾ, ਥੱਕਦਾ, ਮੋਢੇ ਤੇ ਰੱਖੇ ਸਮੋਸੇ ਨਾਲ ਮੂੰਹ ਪੂੰਝਦਾ ਬਿਰਜੂ ਦੇ ਵਿਹੜੇ 'ਚੋਂ ਬਾਹਰ ਜਾ ਰਿਹਾ ਸੀ।

ਥੋੜ੍ਹੇ ਚਿਰ ਬਾਅਦ ਬਿਰਜੂ ਹੌਲੀ-ਹੌਲੀ ਉੱਠਿਆ ਬਿਸਤਰਾ ਇਕੱਠਾ ਕੀਤਾ ਤੇ ਦੁਕਾਨ ਵਿੱਚ ਲਿਆ ਕੇ ਵਿਛੀ ਪਈ ਪਾਟੀ ਪੁਰਾਣੀ ਤੱਪੜੀ ਤੇ ਰੱਖ ਦਿੱਤਾ। ਮੰਜੀ ਚੁੱਕ ਕੇ ਵੀ ਅੰਦਰ ਲੈ ਆਇਆ। ਉਸ ਦੇ ਮਨ ਵਿੱਚ ਇੱਕ ਵਾਰ ਓਹੀ ਖ਼ਿਆਲ ਆਇਆ, ਜਿਹੜਾ ਖ਼ਿਆਲ ਅੱਜ ਤੜਕੇ ਦੇਹਲੀ ਜਿੰਦਾ ਖੋਲ੍ਹ ਕੇ ਦੁਕਾਨ ਦੇ ਅੰਦਰ ਵੜਨ ਵੇਲੇ ਤੇ ਫਿਰ ਪਿਛਲੀ ਕੰਧ ਵਿੱਚ ਪਾੜ ਲੱਗਿਆ ਦੇਖ ਕੇ ਉਸ ਦੇ ਮਨ ਵਿੱਚ ਆਇਆ ਸੀ। ਬਿਰਜੂ ਚੁੱਪ-ਚਾਪ ਬਿਸਤਰੇ ਕੋਲ ਤੱਪੜੀ 'ਤੇ ਬੈਠਾ ਸੀ ਤੇ ਕੰਧ ਵਿਚਾਲੇ ਪਾੜ ਨੂੰ ਗਹੁ ਨਾਲ ਦੇਖ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਪੰਚੈਤ ਨੂੰ ਪਤਾ ਕਰੇ ਜਾਂ ਨਾ ਕਰੇ? ਪੰਚੈਤ ਨੂੰ ਪਤਾ ਕਰ ਦਿੱਤਾ ਤਾਂ ਪੁਲਿਸ ਨੂੰ ਵੀ ਪਤਾ ਕਰਨਾ ਹੀ ਪਵੇਗਾ। ਪੁਲਿਸ ਨੂੰ ਇਤਲਾਹ ਦਿੱਤੀ ਤਾਂ ਪੁਲਿਸ ਆਵੇਗੀ ਵੀ ਜ਼ਰੂਰ। ਪੁਲਿਸ ਕਹੇਗੀ, 'ਨਾਂ ਧਰ ਕਿਸੇ ਦਾ ਕੀਹਦਾ ਨਾਂ ਲਵਾਂਗਾ? ਕਿਤੇ ਐਵੇਂ ਹੀ ਨਾਂ ਕੋਈ ਕੁੱਟਿਆ ਜਾਵੇ। ਸਾਰੀ ਉਮਰ ਦੀ ਬੈਂਸ ਪੈ ਜਾਵੇਗੀ। ਉਸ ਨੇ ਕਾਫ਼ੀ ਦੇਰ ਬਾਅਦ ਇਹੀ ਫ਼ੈਸਲਾ ਕੀਤਾ ਕਿ ਉਹ ਪੰਚੈਤ ਨੂੰ ਇਤਲਾਹਨਾ ਹੀ ਦੇਵੇ ਤਾਂ ਚੰਗਾ ਹੈ। ਪੁਲਿਸ ਆਵੇਗੀ। ਖੇਹ ਖ਼ਰਾਬ ਹੋਵੇਗਾ। ਪੈਸੇ ਤਾਂ ਮੁੜਨੋਂ ਰਹੇ। ਚੋਰ ਦਾ ਪਤਾ ਜੇ ਲੱਗ ਵੀ ਗਿਆ ਤਾਂ ਪੈਸੇ ਉਂਝ ਹੀ ਖੁਰਦ-ਬੁਰਦ ਹੋ ਜਾਣਗੇ। ਪੁਲਿਸ ਕਿਧਰੋਂ ਦੁੱਧ-ਧੋਤੀ ਹੁੰਦੀ ਐ। ਪੁਲਿਸ ਤਾਂ ਆਪ ਚੋਰਾਂ ਡਾਕੂਆਂ ਦੀ ਭਾਈਵਾਲ ਹੁੰਦੀ ਹੈ।

ਦੁੱਲਾ ਸਿੰਘ ਦੇ ਘਰੋਂ ਕਹੀ ਲਿਆਕੇ ਆਪਣੇ ਵਿਹੜੇ ਵਿੱਚ ਉਸ ਨੇ ਇੱਕ ਟੋਆ ਪੁੱਟਿਆ॥ ਗਵਾਂਢ ਵਿੱਚ ਖੇਤੇ ਕੇ ਪੰਪ ਤੋਂ ਪਾਣੀ ਦੀਆਂ ਬਾਲਟੀਆਂ ਲਿਆ ਕੇ ਉਸ ਨੇ ਟੋਏ ਵਿੱਚ ਗਾਰਾ ਬਣਾ ਲਿਆ। ਔਖਾ-ਸੁਖਾਲਾ ਹੋ ਕੇ ਉਨ੍ਹਾਂ ਹੀ ਇੱਟਾਂ ਨਾਲ ਉਸਨੇ ਕੰਧ ਵਿਚਲਾ ਪਾੜ ਆਪ ਹੀ ਬੰਦ ਕਰ ਲਿਆ। ਪਾੜ ਵਾਲੀ ਥਾਂ ਤੇ ਪਤਲੀ-ਪਤਲੀ ਮਿੱਟੀ ਵੀ ਲਿੱਪ ਦਿੱਤੀ। ਦੁਕਾਨ ਦੀ ਪਿਛਲੀ ਕੰਧ ਇੱਕ ਖੋਲ੍ਹੇ ਨਾਲ ਲੱਗਦੀ ਸੀ, ਜਿਸ ਕਰਕੇ ਕਿਸੇ ਬੰਦੇ ਨੇ ਪਾੜ ਨੂੰ ਦੇਖਿਆ ਨਹੀਂ ਸੀ ਤੇ ਨਾ ਕਿਸੇ ਨੂੰ ਇਹ ਪਤਾ ਲੱਗਿਆ ਕਿ ਬਿਰਜੂ ਨੇ ਆਪ ਹੀ ਪਾੜ ਨੂੰ ਬੰਦ ਕੀਤਾ ਹੈ। ਚੁੱਪ ਗੜੁੱਪ ਵਿੱਚ ਹੀ ਸਭ ਕੁਝ ਹੋ ਗਿਆ ਸੀ।

ਉਸ ਦਿਨ ਉਸ ਨੇ ਨਾ ਰੋਟੀ ਪਕਾਈ ਤੇ ਨਾ ਚਾਹ ਕੀਤੀ। ਦੁਕਾਨ ਨੂੰ ਦੇਹਲੀ ਜਿੰਦਾ ਵੀ ਨਾ ਲਾਇਆ। ਕੁੰਡਾ ਹੀ ਲਾ ਛੱਡਿਆ। ਡੇਰੇ ਵਾਲੀ ਨਿੰਮ ਥੱਲੇ ਬਾਬਾ ਨਰਾਇਣ ਦਾਸ ਤੋਂ ਇੱਕ ਉੱਖੜੀ ਜਿਹੀ ਮੰਜੀ ਲੈ ਕੇ ਪੈ ਰਿਹਾ। ਘੋੜੀ ਟੋਭੇ ਤੋਂ ਪਰਲੇ ਪਾਰ ਸਿਵਿਆਂ ਵਾਲੇ ਕਰੀਰਾਂ ਦੀਆਂ ਜੜ੍ਹਾਂ ਵਿੱਚ ਉੱਗੇ ਘਾਹ ਨੂੰ ਮੂੰਹ ਮਾਰਦੀ ਰਹੀ। ਪਿਛਲੇ ਪਹਿਰ ਉਹ ਹਮੀਦੂ ਕੇ ਘਰ ਆ ਗਿਆ। ਉਸ ਨੂੰ ਕਹਿਣ ਲੱਗਿਆ, 'ਹਾਂ ਕਰਨ ਵਾਲੀ ਗੱਲ ਨੀਂ ਇਹ, ਮ੍ਹੀਦਿਆ। ਤੂੰ ਢਿੱਡ 'ਚ ਈ ਰੱਖੀਂ ਆਪਣੇ।

ਸੰਦੂਕੜੀ

201