ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਨਹੂਸ

ਤੇ ਮਿਸਿਜ਼ ਮਹਾਜਨ ਨੇ ਨਵੀਂ ਨੌਕਰਾਣੀ ਰੱਖ ਲਈ ਸੀ। ਉਹ ਦੀ ਪਹਿਲੀ ਨੌਕਰਾਣੀ ਜਮਨਾ ਬੜੀ ਚੰਗੀ ਸੀ, ਬੜੀ ਸਿਆਣੀ, ਵਧੀਆ ਸਿਹਤ ਵਾਲੀ, ਬਹੁਤ ਜ਼ਿਆਦਾ ਕੰਮ ਕਰਦੀ। ਉਹਨੂੰ ਚੋਰੀ ਵਰਗੀ ਵੀ ਕੋਈ ਆਦਤ ਨਹੀਂ ਸੀ। ਸਵੇਰੇ ਹੀ ਆ ਜਾਂਦੀ। ਆਉਣ ਸਾਰ ਪਹਿਲਾਂ ਰਾਤ ਦੇ ਬਰਤਨ ਸਾਫ਼ ਕਰਦੀ, ਫੇਰ ਕੋਠੀ ਦੇ ਸਾਰੇ ਕਮਰੇ ਸੁੰਭਰ ਕੇ ਕੁਰਸੀਆਂ, ਮੇਜ਼ਾਂ ਨੂੰ ਝਾੜ-ਪੂੰਝ ਦਿੰਦੀ ਤੇ ਫੇਰ ਕੱਪੜੇ ਧੋਣ ਬੈਠ ਜਾਂਦੀ। ਪਿਛਲੇ ਪਹਿਰ ਆ ਕੇ ਦੁਪਹਿਰ ਦੇ ਬਰਤਨ ਸਾਫ਼ ਕਰਦੀ। ਮਿਸਿਜ਼ ਮਹਾਜਨ ਦੇ ਸਿਰ ਵਿੱਚ ਤੇਲ ਝੱਸ ਜਾਂਦੀ। ਉਹਦੀਆਂ ਪਿੰਜਣੀਆਂ ਦੱਬ ਦਿੰਦੀ ਤੇ ਹੋਰ ਕਿੰਨੇ ਹੀ ਨਿੱਕੇ-ਮੋਟੇ ਕੰਮ। ਕੰਮ ਕਰਦੀ ਉਹ ਮਿਸਿਜ਼ ਮਹਾਜਨ ਨਾਲ ਗੱਲਾਂ ਵੀ ਕਰਦੀ ਰਹਿੰਦੀ। ਪਿਛਲੇ ਘਰਾਂ ਦੀਆਂ ਗੱਲਾਂ, ਜਿਨ੍ਹਾਂ ਵਿੱਚ ਉਹ ਪਹਿਲਾਂ ਕੰਮ ਕਰਦੀ ਹੁੰਦੀ, ਦੂਜੀਆਂ ਨੌਕਰਾਣੀਆਂ ਤੋਂ ਸੁਣੀਆਂ ਉਨ੍ਹਾਂ ਦੀਆਂ ਮਾਲਕਣਾਂ ਦੀਆਂ ਗੱਲਾਂ, ਆਪਣੇ ਵੱਡੇ ਮੁੰਡੇ ਦੀਆਂ ਗੱਲਾਂ, ਜੋ ਅਵਾਰਾ ਨਿਕਲ ਗਿਆ ਸੀ ਤੇ ਸਭ ਤੋਂ ਛੋਟੇ ਗੋਦੀ ਵਾਲੇ ਮੁੰਡੇ ਦੀਆਂ ਗੱਲਾਂ ਉਹ ਕਰਦੀ ਰਹਿੰਦੀ, ਜਿਸ ਨੂੰ ਉਹਦੀ ਛੋਟੀ ਕੁੜੀ ਸੰਭਾਲਦੀ, ਜਦੋਂ ਕਿ ਉਹ ਕੰਮ 'ਤੇ ਆਈ ਹੁੰਦੀ। ਆਪਣੇ ਸ਼ਰਾਬੀ ਪਤੀ ਦੀਆਂ ਗੱਲਾਂ ਉਹਦੇ ਕੋਲ ਲੈ ਬੈਠਦੀ। ਗੱਲਾਂ ਕਰਦਿਆਂ ਉਹ ਤਾਂ ਇਉਂ ਲੱਗਦੀਆਂ, ਜਿਵੇਂ ਸਹੇਲੀਆਂ ਹੋਣ। ਅਜਿਹੇ ਸਮੇਂ ਮਾਲਕਣ-ਨੌਕਰਾਣੀ ਵਾਲੀ ਗੱਲ ਤਾਂ ਉਨ੍ਹਾਂ ਵਿੱਚ ਰਹਿ ਹੀ ਨਹੀਂ ਜਾਂਦੀ ਸੀ। ਮਿਸਿਜ਼ ਮਹਾਜਨ ਨੂੰ ਜਮਨਾ ਚੰਗੀ-ਚੰਗੀ ਲੱਗਦੀ। ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਉਹ ਕਦੇ ਦੋ-ਚਾਰ ਰੁਪਏ ਉਹਤੋਂ ਮੰਗਦੀ ਤਾਂ ਮਿਸਿਜ਼ ਮਹਾਜਨ ਇਨਕਾਰ ਨਾ ਕਰਦੀ। ਕਦੇ-ਕਦੇ ਤਾਂ ਉਹ ਇਹ ਪੈਸੇ ਉਹ ਦੀ ਤਨਖ਼ਾਹ ਵਿਚੋਂ ਕੱਟਦੀ ਵੀ ਨਾ। 'ਚੱਲ, ਤੂੰ ਵੀ ਬੱਚਿਆਂ ਵਾਲੀ ਐਂ। ਤੇਰਾ ਤਾਂ ਪੁੰਨ ਈ ਐ।' ਮਿਸਿਜ਼ ਮਹਾਜਨ ਗੌਰਵ ਪ੍ਰਾਪਤ ਕਦਰੀ।

ਤੇ ਫਿਰ ਇੱਕ ਸਵੇਰ ਜਮਨਾ ਆਈ ਨਾ। ਸ਼ਾਮ ਨੂੰ ਵੀ ਨਹੀਂ। ਮਿਸਿਜ਼ ਮਹਾਜਨ ਖ਼ੁਦ ਘਰ ਦੇ ਸਾਰੇ ਕੰਮ ਕਰਦੀ ਕਿੰਨੀ ਔਖੀ ਹੋਈ ਸੀ। ਪਹਿਲਾਂ ਤਾਂ ਜਮਨਾ ਨੇ ਇੰਝ ਕਦੇ ਕੀਤਾ ਨਹੀਂ ਸੀ। ਉਹਨੇ ਨਾ ਆਉਣਾ ਹੁੰਦਾ ਤਾਂ ਉਹ ਆਪਣੀ ਵੱਡੀ ਕੁੜੀ ਨੂੰ ਭੇਜ ਦਿੰਦੀ ਸੀ। ਵੱਡੀ ਕੁੜੀ ਭਾਵੇਂ ਅਜੇ ਐਨੀ ਤਕੜੀ ਨਹੀਂ ਸੀ ਹੋਈ ਕਿ ਇਹ ਸਾਰਾ ਕੰਮ ਅਸਾਨੀ ਨਾਲ ਕਰ ਸਕਦੀ। ਕਰ ਸਕਦੀ ਹੁੰਦੀ ਤਾਂ ਉਹ ਵੀ ਕਿਸੇ ਦੇ ਘਰ ਪੂਰੀ ਨੌਕਰਾਣੀ ਬਣ ਕੇ ਕੰਮ ਕਰ ਰਹੀ ਹੁੰਦੀ। ਬੱਸ ਉਹ ਤਾਂ ਕਦੇ-ਕਦੇ ਇੰਝ ਅਰਥ ਜਿਹਾ ਸਾਰਨ ਆ ਜਾਂਦੀ ਹੁੰਦੀ ਸੀ। ਉਸ ਦਿਨ ਤਾਂ ਉਹਨੇ ਆਪਣੀ ਵੱਡੀ ਕੁੜੀ ਵੀ ਨਾ

ਮਨਹੂਸ

203