ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਤੇ ਫੇਰ ਪਤਾ ਨਹੀਂ ਕਿਹੜੇ ਵੇਲੇ, ਇੱਕ ਬੁੜ੍ਹੀ ਖੂੰਡੀ ਫੜ ਕੇ, ਜੋ ਹਰ ਇੱਕ ਦੇ ਦੁੱਖ-ਸੁੱਖ ਵਿੱਚ ਬਿਨ੍ਹਾਂ ਕਿਸੇ ਵੈਰ-ਵਿਰੋਧ ਜਾਇਆ ਕਰਦੀ ਸੀ, ਕੋਠੀ ਅੰਦਰ ਦਾਖ਼ਲ ਹੋ ਗਈ। ਜਾ ਕੇ ਉਹਨੇ ਮਿਸਿਜ਼ ਮਹਾਜਨ ਨੂੰ ਚੁੱਪ ਕਰਵਾਇਆ। ਉਹਨੂੰ ਦੇਖ ਕੇ ਦੋ ਬੁੜ੍ਹੀਆਂ ਹੋਰ ਅੰਦਰ ਚਲੀਆਂ ਗਈਆਂ ਤੇ ਫੇਰ ਚਾਰ ਜਵਾਨ ਔਰਤਾਂ ਵੀ। ਸਭ ਨੇ ਦੇਖਿਆ, ਡਾਕਟਰ ਮਹਾਜਨ ਬਿਨਾਂ ਕਿਸੇ ਹਿਲ-ਜੁਲ ਤੋਂ ਸ਼ਾਂਤ ਚਿਹਰੇ ਨਾਲ ਪਲੰਘ 'ਤੇ ਸਿੱਧਾ ਪਿਆ ਹੋਇਆ ਹੈ। ਜਿਵੇਂ ਘੂਕ ਸੁੱਤਾ ਪਿਆ ਹੋਵੇ। ਗਵਾਂਢ ਵਿਚੋਂ ਹੀ ਦੋ ਆਦਮੀ ਆਏ। ਡਾਕਟਰ ਮਹਾਜਨ ਨੂੰ ਫ਼ਰਸ਼ 'ਤੇ ਉਤਾਰ ਲਿਆ ਗਿਆ। ਫੇਰ ਤਾਂ ਜਿਵੇਂ ਸਾਰੀ ਗਲੀ ਕੋਠੀ ਅੰਦਰ ਆ ਬੈਠੀ ਹੋਵੇ।

ਮਿਸਿਜ਼ ਮਹਾਜਨ ਹੰਝੂ ਡੋਲ੍ਹਦੀ ਥਾਂ ਟਿਕਾਣਾ ਦੱਸ ਕੇ ਸੁਨੇਹੇ ਦੇ ਰਹੀ ਸੀ...

ਕੋਈ ਸਾਈਕਲ ਲੈ ਕੇ ਦੌੜ ਗਿਆ ਸੀ, ਕੋਈ ਰਿਕਸ਼ਾ ਉੱਤੇ, ਕੋਈ ਪੈਦਲ ਹੀ। ਇੱਕ ਘੰਟੇ ਦੇ ਅੰਦਰ-ਅੰਦਰ ਸ਼ਹਿਰ ਵਿਚੋਂ ਡਾਕਟਰ ਮਹਾਜਨ ਦੇ ਦੋਸਤ, ਰਿਸ਼ਤੇਦਰ ਤੇ ਵਾਕਫ ਲੋਕ ਆ ਗਏ ਸਨ। ਡਾਕਟਰ ਸਾਹਿਬ ਦਾ ਦਾਹ-ਸਸਕਾਰ ਕਰ ਦਿੱਤਾ ਗਿਆ। ਭੋਗ ਪੈਣ ਤੱਕ ਗਲੀ-ਮੁਹੱਲੇ ਦੀਆਂ ਔਰਤਾਂ ਮਿਸਿਜ਼ ਮਹਾਜਨ ਕੋਲ ਆਉਂਦੀਆਂ ਤੇ ਡਾਕਟਰ ਸਾਹਿਬ ਦਾ ਅਫ਼ਸੋਸ ਕਰਦੀਆਂ ਰਹੀਆਂ।

ਭੋਗ ਤੋਂ ਬਾਅਦ ਵੀ ਗਲੀ ਦੀਆਂ ਕੁਝ ਔਰਤਾਂ ਉਹਦੀ ਕੋਠੀ ਆਉਂਦੀਆਂ ਤੇ ਦੁੱਖ-ਸੁੱਖ ਕਰਕੇ ਜਾਂਦੀਆਂ। ਮਿਸਿਜ਼ ਮਹਾਜਨ ਨੂੰ ਜਮਨਾ ਯਾਦ ਆਉਂਦੀ। ਕਦੇ ਉਹ ਸੋਚਦੀ, ਜਮਨਾ ਉਹਦੇ ਮੱਥੇ ਲੱਗੀ, ਤਦ ਹੀ ਉਹ ਦਾ ਪਤੀ ਸਾਲ ਦੇ ਅੰਦਰ-ਅੰਦਰ ਉਹਦੇ ਕੋਲੋਂ ਖੁੱਸ ਗਿਆ। ਪਰ ਇੱਕ ਸ਼ਿੰਦਤ ਨਾਲ ਮਹਿਸੂਸ ਕਰਦੀ, ਹੁਣ ਤਾਂ ਉਹ ਖ਼ੁਦ ਵੀ ਮਨਹੂਸ ਔਰਤ ਹੈ, ਮਨਹੂਸ ਔਰਤ ਲੋਕਾਂ ਤੋਂ ਆਪਣਾ ਚਿਹਰਾ ਛੁਪਾ ਕੇ ਰੱਖਣ ਵਾਲੀ। ਪਰ ਉਹ ਸੋਚਦੀ, ਉਸ ਨੂੰ ਹੋਰ ਕਿਸੇ ਨੇ ਤਾਂ ਮਨਹੂਸ ਨਹੀਂ ਸਮਝਿਆ ਹੈ। ਉਹ ਦਾ ਪਤੀ ਗੁਜ਼ਰ ਗਿਆ ਤਾਂ ਗਲੀ ਦੀਆਂ ਸਭ ਔਰਤਾਂ ਉਹ ਦੇ ਘਰ ਭੱਜੀਆਂ ਆਈਆਂ। ਉਨ੍ਹਾਂ ਨੇ ਹੀ ਅਜਿਹੇ ਕਹਿਰ ਦੇ ਮੌਕੇ ਉਹ ਦੇ ਘਰ ਨੂੰ ਸੰਭਾਲਿਆ। ਭੋਗ ਤੋਂ ਬਾਅਦ ਉਹ ਉਹਦੇ ਕੋਲ ਆਉਂਦੀਆਂ ਰਹੀਆਂ, ਆਉਂਦੀਆਂ ਰਹਿੰਦੀਆਂ। ਉਹਨੂੰ ਆਪਣੇ-ਆਪ ਨਾਲ ਗਿਲਾਨੀ ਹੋਣ ਲੱਗਦੀ, ਜਦੋਂ ਉਹ ਸੋਚਦੀ, ਛੋਟੇ ਲੋਕ ਕਿੰਨੇ ਖੁੱਲ੍ਹ ਦਿਲੇ ਹੁੰਦੇ ਹਨ। ਗਲੀ ਦੀ ਕਿਸੇ ਵੀ ਔਰਤ ਨੇ ਉਹਨੂੰ ਮਨਹੂਸ ਨਹੀਂ ਕਿਹਾ, ਮਨਹੂਸ ਨਹੀਂ ਸਮਝਿਆ। ਉਹ ਸੋਚਣ ਲੱਗੀ, ਨਾ ਤਾਂ ਜਮਨਾ ਮਨਹੂਸ ਸੀ ਤੇ ਨਾ ਹੁਣ ਉਹ ਆਪ ਮਨਹੂਸ ਤਾਂ ਬੰਦੇ ਦਾ ਮਨ ਹੁੰਦਾ ਹੈ, ਜੋ ਦੂਜੇ ਬਾਰੇ ਸੋਚਦਾ ਹੈ।

ਦਿਨ-ਰਾਤ ਇੱਕ ਗੱਲ ਉਹਦੇ ਮਨ ਨੂੰ ਕੁਤਰਦੀ ਰਹਿੰਦੀ, ਉਹਦੇ ਕਾਲਜੇ ਨੂੰ ਕੱਟਦੀ ਰਹਿੰਦੀ ਕਿ ਉਹ ਸੱਚਮੁੱਚ ਹੀ ਭੈੜੀ ਹੈ, ਜਿਸ ਨੇ ਜਮਨਾ ਨੂੰ ਮਨਹੂਸ ਸਮਝ ਕੇ ਕੰਮ ਤੋਂ ਜਵਾਬ ਦਿੱਤਾ। ਹੁਣ ਮਿਸਿਜ਼ ਮਹਾਜਨ ਨੂੰ ਆਪਣਾ ਅੰਦਰ ਮਨਹੂਸ ਜਾਪਦਾ।

ਇੱਕ ਦਿਨ ਉਹਨੇ ਆਪਣੇ ਧੋਬੀ ਨੂੰ ਜਮਨਾ ਦੇ ਘਰ ਭੇਜਿਆ। ਉਹ ਚਾਹੁੰਦੀ ਸੀ ਕਿ ਜਮਨਾ ਮੁੜ ਕੇ ਉਹ ਦੇ ਘਰ ਕੰਮ ਤੇ ਆ ਲੱਗੇ। ਉਹ ਉਹਦੇ ਨਾਲ ਗੱਲਾਂ ਕਰਿਆ ਕਰੇ। ਉਹਦੇ ਦਿਨ ਸੁਖ਼ਾਲੇ ਨਿਕਲਣ ਲੱਗਣ। ਇੱਕ ਸਾਲ ਨੂੰ ਮੁੰਡਾ ਡਾਕਟਰੀ ਕਰਕੇ

ਮਨਹੂਸ

207