ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/210

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਤਨਖ਼ਾਹ ਮਿਲਦੀ ਹੈ, ਸ਼ਾਮ ਤੱਕ ਸਾਰਾ ਬਟੂਆ ਖ਼ਾਲੀ ਹੋ ਜਾਂਦਾ ਹੈ। ਕੁਝ ਰੁਪਏ ਉਹ ਬਚਾ ਕੇ ਵੀ ਰੱਖਦਾ ਹੈ। ਬਟੂਏ ਦੇ ਚੋਰਖ਼ਾਨੇ 'ਚ ਪਾ ਕੇ ਤਾਂ ਕਿ ਜੇ ਉਹਦੀ ਪਤਨੀ ਬਟੂਆ ਵੇਖਣ ਲੱਗੇ ਤਾਂ ਉਹਨੂੰ ਪਤਾ ਨਾ ਲੱਗੇ। ਉਹ ਸੋਚਦਾ ਹੈ, ਇਨ੍ਹਾਂ ਪੈਸਿਆਂ ਨਾਲ ਉਹ ਮਹੀਨਾ ਭਰ ਲੰਘਾ ਲਵੇਗਾ। ਸਬਜ਼ੀ ਦਾ ਖ਼ਰਚ, ਕਿਸੇ-ਕਿਸੇ ਦਿਨ ਬੱਚਿਆਂ ਲਈ ਮੌਸਮੀ ਫ਼ਲ, ਬਜ਼ਾਰ ਵਿੱਚ ਮਿਲੇ ਕਿਸੇ ਪਿਆਰੇ ਦੋਸਤ ਲਈ ਚਾਹ। ਚਾਹੇ ਉਹ ਤਨਖ਼ਾਹ ਮਿਲਣ ਤੋਂ ਇੱਕ ਦਿਨ ਪਹਿਲਾਂ ਲਿਸਟ ਬਣਾ ਲੈਂਦਾ ਹੈ ਕਿ ਕੱਲ੍ਹ ਨੂੰ ਇਹ-ਇਹ ਚੀਜ਼ਾਂ ਘਰ ਵਾਸਤੇ ਲੈਣੀਆਂ ਹਨ ਤੇ ਇਨ੍ਹਾਂ-ਇਨ੍ਹਾਂ ਲੋਕਾਂ ਤੇ ਦੁਕਾਨਾਂ ਦਾ ਉਧਾਰ ਮੋੜਨਾ ਹੈ, ਫੇਰ ਵੀ ਦੋ ਤਰੀਕ ਨੂੰ ਅਜਿਹੀਆਂ ਦੋ-ਤਿੰਨ ਮੱਦਾਂ ਆਪਣੇ-ਆਪ ਹੀ ਉੱਠ ਖੜ੍ਹੀਆਂ ਹੁੰਦੀਆਂ ਹਨ ਕਿ ਉਹਦਾ ਛੁਪਾ ਕੇ ਰੱਖਿਆ ਕਾਲਾ-ਧਨ ਚੁੱਪ ਕੀਤਾ ਹੀ ਚਲਾ ਜਾਂਦਾ ਹੈ। ਤੇ ਫੇਰ ਦੋ ਤਰੀਕ ਤੋਂ ਉਹ ਅਗਲੇ ਮਹੀਨੇ ਦੀ ਤਨਖ਼ਾਹ ਉਡੀਕਣ ਲੱਗਦਾ ਹੈ। ਤਿੰਨ ਤਰੀਕ ਤੋਂ ਉਧਾਰ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ।

ਰਸੂਲ ਹਮਜ਼ਾਤੋਵ ਨੇ ਇੱਕ ਥਾਂ ਕਿੰਨਾ ਵਧੀਆ ਲਿਖਿਆ ਹੈ ਕਿ ਜੇ ਚਾਲ਼ੀਆਂ ਸਾਲਾਂ ਦੇ ਹੋ ਕੇ ਤੁਹਾਡੇ ਕੋਲ ਪੈਸੇ ਨਹੀਂ ਤਾਂ ਆਸ ਹੀ ਨਾ ਰੱਖੋ ਕਿ ਇਹ ਆਉਣਗੇ, ਕਿਉਂਕਿ ਇਹ ਨਹੀਂ ਆਉਣਗੇ। ਪਰ ਉਹ ਸੋਚਦਾ ਹੈ ਕਿ ਰਸੂਲ ਨੇ ਇਹ ਗਲਤ ਲਿਖ ਦਿੱਤਾ ਹੋਵੇਗਾ। ਪੈਸੇ ਤਾਂ ਕਦੇ ਵੀ ਜੁੜ ਸਕਦੇ ਹਨ। ਮੌਕਾ ਮਿਲਣ ਦੀ ਗੱਲ ਹੈ। ਦਿਨ ਫਿਰਨ ਦਾ ਕੋਈ ਪਤਾ ਨਹੀਂ ਹੁੰਦਾ। ਚਾਲੀਆਂ ਦੀ ਉਮਰ ਨੂੰ ਤਾਂ ਉਹ ਕਦੋਂ ਦਾ ਟੱਪ ਚੁੱਕਿਆ ਹੈ। ਉਹਦੇ ਅਸਮਾਨ ਵਿਚੋਂ ਹਵਾਈ ਕਿਲੇ ਅਜੇ ਮੁੱਕੇ ਨਹੀਂ। ਉਹਦੀਆਂ ਯੋਜਨਾਵਾਂ ਬਣਦੀਆਂ ਰਹਿੰਦੀਆਂ ਹਨ, ਮਿਟਦੀਆਂ ਰਹਿੰਦੀਆਂ ਹਨ। ਕਦੇ ਵੀ ਕੋਈ ਯੋਜਨਾ ਸਿਰੇ ਨਹੀਂ ਲੱਗੀ। ਫੇਰ ਵੀ ਉਹ ਕਿੰਨਾ ਦਲੇਰ ਹੈ ਕਿ ਹਾਰਦਾ ਨਹੀਂ। ਨਾ-ਮੁਕੰਮਲ ਜਿਹੇ ਕਮਰੇ ਵਿੱਚ ਬੈਠਾ ਪਤਨੀ ਨਾਲ ਸਾਂਝ-ਮੋਰਚਾ ਬਣਾ ਕੇ ਜਦੋਂ ਉਹ ਹਵਾਈ ਐਲਾਨ ਛੱਡ ਰਿਹਾ ਹੁੰਦਾ ਹੈ ਤਾਂ ਕੋਈ ਦੇਖਣ ਵਾਲਾ ਹੋਵੇ ਉਹਨੂੰ। ਇਸ ਕਮਰੇ ਵਿੱਚ ਸੋਫ਼ਾ ਰੱਖਾਂਗੇ। ਇੱਥੇ ਇਸ ਖੂੰਜੇ ਵਿੱਚ ਟੀ. ਵੀ. ਸੈੱਟ ਹੋਵੇਗਾ। ਰਸੋਈ ਕਿੱਡੀ ਵੱਡੀ ਹੋਵੇਗੀ। ਫਰਿੱਜ ਤਾਂ ਰਸੋਈ ਵਿੱਚ ਹੀ ਠੀਕ ਰਹੇਗਾ। ਸਕੂਟਰ ਨਹੀਂ ਲੈਂਦੇ। ਐਕਸੀਡੈਂਟ ਹੋਇਆ ਹੀ ਰਹਿੰਦਾ ਹੈ। ਕਾਰ ਲਵਾਂਗੇ। ਔਧਰ ਗਲੀ ਦੀ ਕੰਧ ਨੂੰ ਸਿਰੇ ਤੋਂ ਢਾਹ ਕੇ ਲੋਹੇ ਦਾ ਗੇਟ ਲਾਵਾਂਗੇ। ਚੌੜਾ ਸਾਰਾ। ਓਥੇ ਇੱਕ ਪਾਸੇ ਕਮਰਾ ਹੋਰ ਪਾ ਕੇ ਗੇਟ ਦੇ ਸਾਹਮਣੇ ਪੋਰਚ ਬਣਾ ਦਿਆਂਗੇ। ਕਾਰ ਖੜ੍ਹੇ ਰਿਹਾ ਕਰੇਗੀ।

ਪਤਨੀ ਦਾ ਯੋਗਦਾਨ-ਮੈਂ ਘਰ ਵਿੱਚ ਵੀ ਬਰਤਨ ਚੀਨੀ ਜਾਂ ਪਿੱਤਲ ਦਾ ਨਹੀਂ ਰਹਿਣ ਦੇਣਾ। ਕੱਚ ਦਾ ਭਾਂਡਾ ਨਵਾਂ ਕੋਈ ਨਹੀਂ ਲੈਣਾ। ਨਿੱਕੇ ਚਮਚੇ ਤੋਂ ਲੈ ਕੇ ਪਾਣੀ ਤੱਤਾ ਕਰਨ ਵਾਲੀ ਟੋਕਣੀ ਤੱਕ ਵੀ ਸਭ ਸਟੀਲ ਦੇ ਭਾਂਡੇ ਹੋਣਗੇ। ਹਾਂ, ਵੱਡਾ ਸਾਰਾ ਡਾਈਨਿੰਗ ਟੇਬਲ ਤੇ ਛੇ ਕੁਰਸੀਆਂ। ਮਕਾਨ ਬਣੇ ਨੂੰ ਸੱਤ ਸਾਲ ਹੋ ਗਏ, ਅਲਮਾਰੀ ਇੱਕ ਦੇ ਵੀ ਤਖ਼ਤੇ ਚੁਗਾਠ ਨਹੀਂ ਲਗਵਾਈ ਤੁਸੀਂ। ਇਹ ਤਾਂ ਐਤਕੀਂ ਕਰ ਹੀ ਲਓ। ਇੱਕ ਅਲਮਾਰੀ 'ਤੇ ਡਾ ਮੇਰਾ ਕਬਜ਼ਾ ਰਹੇਗਾ। ਸਟੀਲ ਦਾ ਸਾਰਾ ਡਾਈਨਿੰਗ ਸੈਂਟ ਮੈਂ ਅਲਮਾਰੀ ਵਿੱਚ ਜਿੰਦਰਾ ਮਾਰ ਕੇ ਰੱਖਿਆ ਕਰਾਂਗੀ। ਮਹਿਮਾਨ ਆਉਣਗੇ, ਤਦ ਹੀ ਅਲਮਾਰੀ ਖੋਲ੍ਹਣੀ ਹੈ।

210
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ