ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਇਸ ਤਰ੍ਹਾਂ ਦੇ ਹਵਾਈ-ਬੁਰਜਾਂ ਵਿੱਚ ਬੈਠੇ ਉਹ ਆਪਣੇ-ਆਪ ਨੂੰ ਦੁਨੀਆ ਦੇ ਵਧੀਆ ਤੇ ਅਮੀਰ ਇਨਸਾਨ ਅਨੁਭਵ ਕਰ ਰਹੇ ਹੁੰਦੇ ਹਨ ਤਾਂ ਪਤਨੀ ਇਕਦਮ ਹੀ ਚਹਿਕ ਉੱਠਦੀ ਹੈ-ਏ ਜੀ?'

ਪਤੀ ਦੇ ਵਜੂਦ ਨਾਲੋਂ ਕੋਈ ਇੱਕ ਚਿੱਪਰ ਜਿਹੀ ਲਹਿ ਜਾਂਦੀ ਹੈ। ਉਹ ਕੋਈ ਮੰਗ ਪੇਸ਼ ਕਰੇਗੀ। ਪਤੀ ਦੀ ਚੁੱਪ ਉਹਦਾ ਹੁੰਗਾਰਾ ਸਮਝ ਲਿਆ ਜਾਂਦਾ ਹੈ। ਪਤਨੀ ਫ਼ਰਮਾਇਸ਼ ਕਰਦੀ ਹੈ, 'ਮੈਨੂੰ ਅਗਲੀ ਤਨਖ਼ਾਹ 'ਤੇ ਚਾਂਦੀ ਦਾ ਸੈੱਟ ਲੈ ਦਿਓਗੇ। ਲੈ ਦਿਓਗੇ ਨਾ? ਗਲੀ ਦੀਆਂ ਸਾਰੀਆਂ ਔਰਤਾਂ ਲੈ ਆਈਆਂ ਨੇ।'

'ਕੀ ਚੀਜ਼ ਹੁੰਦੀ ਐ ਉਹ?'

ਪਤੀ ਠਰ੍ਹੰਮੇ ਨਾਲ ਪੁੱਛਦਾ ਹੈ।

ਪਤਨੀ ਸਮਝਦੀ ਹੈ ਕਿ ਉਹ ਮੰਨ ਜਾਏਗਾ। ਬਣਾ ਸੰਵਾਰ ਕੇ ਦੱਸਦੀ ਹੈ, 'ਸੋਨੇ ਦਾ ਭਾਅ ਮਹਿੰਗਾ ਹੋ ਗਿਐ ਨਾ। ਆਪਾਂ ਲੋਕ ਤਾਂ ਹੁਣ ਇਹ ਪਹਿਨ ਨੀਂ ਸਕਦੇ। ਲੋਕਾਂ ਨੇ ਹੁਣ ਚਾਂਦੀ ਸ਼ੁਰੂ ਕਰ ਦਿੱਤੀ ਐ। ਚਾਂਦੀ ਸੈਂਟ ਵਿੱਚ ਕੰਨਾਂ ਦੇ, ਗਲ ਦੇ ਤੇ ਅੰਗੂਠੀ ਹੁੰਦੀ ਐ। ਲੈ ਦਿਓਗੇ ਨਾ? ਬੱਸ ਦੋ ਪੱਤੇ ਸੌ-ਸੌ ਦੇ।'

ਪਤੀ ਚੁੱਪ ਹੈ। ਹੁਣ ਉਹਦੀ ਚੁੱਪ ਹੁੰਗਾਰਾ ਨਹੀਂ, ਨਾਂਹ ਹੈ। ਪਤਨੀ ਫੇਰ ਲੇਲ੍ਹੜੀ ਕੱਢਦੀ ਹੈ, 'ਦੱਸੋ ਵੀ' ਉਹ ਪਤੀ ਦੇ ਗਲ ਲੱਗਣ ਦੀ ਕੋਸ਼ਿਸ਼ ਕਰਦੀ ਹੈ।

ਪਤੀ ਉਸ ਨੂੰ ਪਰ੍ਹਾਂ ਧੱਕ ਦਿੰਦਾ ਹੈ ਤੇ ਕਹਿੰਦਾ ਹੈ, 'ਚਾਂਦੀ ਦੇ ਗਹਿਣੇ ਤਾਂ ਮੁਸਲਮਾਨ ਔਰਤਾਂ ਪਹਿਨਦੀਆਂ ਨੇ। ਆਪਾਂ ਕਿਤੇ ਮੁਸਲਮਾਨ ਆਂ?'

ਉਹ ਹੱਸਣ ਲੱਗਦੀ ਹੈ, 'ਲਓ ਜੀ, ਤੁਹਾਨੂੰ ਨਹੀਂ ਪਤਾ? ਹੁਣ ਤਾਂ ਹਰ ਕੋਈ ਔਰਤ ਚਾਂਦੀ ਪਹਿਨਣ ਲੱਗ ਪਈ ਐ। ਦੱਸਿਆ ਤਾਂ ਹੈ, ਗਲੀ ਦੀਆਂ ਸਾਰੀਆਂ ਔਰਤਾਂ...।

ਪਤੀ ਕਮਰੇ ਵਿਚੋਂ ਉੱਠਦਾ ਹੈ ਤੇ ਇਹ ਕਹਿ ਕੇ ਗੁਸਲਖ਼ਾਨੇ ਵਿੱਚ ਚਲਿਆ ਜਾਂਦਾ ਹੈ, 'ਬਜਟ ਦੇਖਾਂਗੇ, ਕੀ ਕਹਿੰਦੈ।

ਪਤਨੀ ਦੇ ਸਾਰੇ ਹਵਾਈ ਮਹਿਲ ਦਾੜ ਦੇ ਕੇ ਭੁੰਜੇ ਆ ਡਿੱਗਦੇ ਹਨ।

ਉਹ ਕਿੰਨੇ ਹੀ ਦਿਨਾਂ ਤੋਂ ਕਹਿ ਰਹੀ ਹੈ ਕਿ ਉਹਦਾ ਪਤੀ ਉਹਨੂੰ ਕੋਈ ਪਿਕਚਰ ਦਿਖਾ ਦੇਵੇ। ਪਰ ਉਹ ਹਰ ਵਾਰ ਟਾਲ ਜਾਂਦਾ ਰਿਹਾ ਹੈ, 'ਪਿਕਚਰ ਚੰਗੀ ਨਹੀਂ ਲੱਗੀ ਹੋਈ।'

ਅੱਜ ਪਤਨੀ ਨੇ ਸਵੇਰੇ-ਸਵੇਰੇ ਹੀ ਸਿਰ ਦੇ ਵਾਲ ਧੋ ਲਏ ਹਨ। ਰੋਟੀ-ਟੁੱਕ ਦਾ ਕੰਮ ਨਿਬੇੜ ਲਿਆ ਹੈ। ਇੱਕ ਦਾ ਵਕਤ ਹੋ ਗਿਆ ਹੈ। ਪਤਨੀ ਨੇ ਆਪਣਾ ਨਵਾਂ ਸੂਟ ਪਹਿਨ ਲਿਆ ਹੈ। ਪਤੀ ਸੌਣ ਦੀ ਕੋਸ਼ਿਸ਼ ਕਰਨ ਲੱਗਾ ਹੈ। ਰੇਡੀਓ 'ਤੇ ਗਾਣੇ ਚੱਲ ਰਹੇ ਹਨ। ਪਤਨੀ ਉਹਦੇ ਮੰਜੇ ਕੋਲ ਆਈ ਹੈ ਤੇ ਬਾਹੀ ਉੱਤੇ ਬੈਠ ਗਈ ਹੈ। ਅੱਖਾਂ ਵਿੱਚ ਮੋਹ ਜਿਹਾ ਭਰ ਕੇ ਪਤੀ ਦੇ ਮੱਥੇ ਨੂੰ ਸਹਿਲਾਉਣ ਲੱਗੀ ਹੈ। ਪੁੱਛਦੀ ਹੈ, 'ਨੀਂਦ ਆ ਰਹੀ ਹੈ?'

ਉਹ ਬੋਲਦਾ ਨਹੀਂ। ਪਾਸਾ ਮਾਰ ਕੇ ਦੂਜੇ ਪਾਸੇ ਮੂੰਹ ਕਰ ਲੈਂਦਾ ਹੈ।

ਪਤਨੀ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੀ ਹੈ, 'ਏ ਜੀ?'

ਉਹ ਮਨ ਵਿੱਚ ਹੀ ਸਹਿਮ ਗਿਆ ਹੈ। ਪਤਾ ਨਹੀਂ ਕੀ ਕਹੇਗੀ?

ਜਵਾਰਭਾਟਾ

211