ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/212

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤਨੀ ਨੇ ਉਹਦੀ ਹਿੱਪ ਪਾਕਿਟ ਨੂੰ ਹੱਥ ਮਾਰਿਆ ਹੈ।

''ਕੀ ਕਰਦੀ ਐ?' ਪਤੀ ਉੱਚਾ ਬੋਲ ਉੱਠਿਆ ਹੈ।

'ਤੁਹਾਡਾ ਪਰਸ ਦੇਖਾਂ?'

'ਕੀ ਮਤਲਬ?'

'ਦਿਖਾਓ ਤਾਂ ਸਹੀ। ਕਿੰਨੇ ਪੈਸੇ ਨੇ ਤੁਹਾਡੇ ਕੋਲ?'

'ਇੱਕ ਰੁਪਇਆ ਵੀ ਨ੍ਹੀਂ। ਕੀ ਕਰਨੈ ਤੂੰ ਰੁਪਈਆ ਦਾ?'

'ਪਹਿਲਾਂ ਪਰਸ ਦਿਖਾਓ।'

'ਨਹੀਂ, ਪਰ੍ਹੇ ਹੋ ਕੇ ਬੈਠ। ਮੇਰੇ ਕੋਲ ਕੁੱਛ ਨਹੀਂ।'

'ਜ਼ਰੂਰ ਹੋਣਗੇ। ਏਸੇ ਕਰਕੇ ਤਾਂ ਹੱਥ ਨੀਂ ਲਾਉਣ ਦਿੰਦੇ ਪਰਸ ਨੂੰ।' ਤੇ ਫੇਰ ਉਹ ਆਪਣੀ ਥਾਂ ਬੈਠੀ ਹੀ ਕਹਿਣ ਲੱਗਦੀ ਹੈ। 'ਤੁਹਾਨੂੰ ਆਪਣਾ ਵਾਅਦਾ ਯਾਦ ਐ।'

'ਕੀ

'ਪਿਕਚਰ ਰ ਰ ਰ ...' ਉਹ ਲਾਚੜ ਕੇ ਪਿਕਚਰ ਸ਼ਬਦ ਨੂੰ ਬੱਸ ਕੰਡਕਟਰ ਦੀ ਲੰਬੀ ਵਿਸਲ ਵਾਂਗ ਹਵਾ ਵਿੱਚ ਛੱਡ ਦਿੰਦੀ ਹੈ। ਤੇ ਫੇਰ ਯਾਦ ਕਰਵਾਉਂਦੀ ਹੈ, 'ਪਿਛਲੀ ਵਾਰ ਤੁਸੀਂ ਵਾਅਦਾ ਕੀਤਾ ਸੀ, ਅਗਲੇ ਮਹੀਨੇ ਦੇ ਪਹਿਲੇ ਐਤਵਾਰ ਪਿਕਚਰ ਦੇਖਣ ਚੱਲਾਂਗੇ। ਚਾਹੇ ਕੋਈ ਪਿਕਚਰ ਲੱਗੀ ਹੋਵੇ। ਹੁਣ ਤੁਹਾਡਾ ਇਹ ਬਹਾਨਾ ਨੀਂ ਚੱਲਦਾ, ਬਈ ਪਿਕਚਰ ਚੰਗੀ ਨੀਂ। ਪਤੈ ਛੇ ਮਹੀਨੇ ਹੋ ਗਏ ਸਿਨੇਮਾ ਗਿਆਂ ਨੂੰ। ਇੱਕ-ਅੱਧ ਵਾਰ ਤਾਂ ਮਨੋਰੰਜਨ ਕਰ ਲੈਣਾ ਚਾਹੀਦੈ। ਦਿਖਾਓ ਪਰਸ।' ਉਹ ਪਤੀ ਦੀ ਹਿੱਪ ਪਾਕਿਟ 'ਤੇ ਝਪਟ ਪਈ ਹੈ।

ਪਤੀ ਨੇ ਖ਼ੁਦ ਹੀ ਹਿੱਪ ਪਾਕਿਟ ਦਾ ਬਟਨ ਖੋਲ੍ਹ ਦਿੱਤਾ ਹੈ ਤੇ ਬਟੂਆ ਕੱਢ ਕੇ ਪਤਨੀ ਨੂੰ ਦੇ ਦਿੱਤਾ ਹੈ। ਉਹ ਫਟਾ ਫੱਟ ਬਟੂਏ ਦੀਆਂ ਸਾਰੀਆਂ ਤਹਿਆਂ ਫਰੋਲਦੀ ਹੈ। ਨੋਟ ਪਾ ਕੇ ਰੱਖਣ ਵਾਲੀ ਤਹਿ ਵਿੱਚ ਇੱਕ ਫਟਿਆ ਹੋਇਆ ਨੋਟ ਹੈ। ਦੂਜੀ ਤਹਿ ਵਿੱਚ ਤਿੰਨ ਬਿੱਲ ਹਨ-ਇੱਕ ਅਖ਼ਬਾਰ ਦਾ, ਇੱਕ ਬਿਜਲੀ ਦਾ ਤੇ ਤੀਜਾ ਪਾਣੀ ਦਾ ਬਿੱਲ।

'ਇਹ ਬਿੱਲ?' ਉਹ ਪੁੱਛਦੀ ਹੈ।

'ਹਾਂ, ਇਹ ਦੇਣੇ ਨੇ ਅਜੇ।'

'ਫੇਰ, ਕਿਵੇਂ ਕਰੋਗੇ?' ਪਤਨੀ ਦੀਆਂ ਅੱਖਾਂ ਵਿੱਚ ਨਿਰਾਸ਼ਾ ਉਤਰਨ ਲੱਗੀ ਹੈ।

'ਕਰਨਾ ਕੀ ਸੀ, ਅਖ਼ਬਾਰ ਵਾਲੇ ਨੂੰ ਤਾਂ ਅਗਲੇ ਮਹੀਨੇ ਦੋ ਮਹੀਨਿਆਂ ਦੀ ਇਕੱਠੀ ਪੇਮੈਂਟ ਕਰ ਦਿਆਂਗੇ। ਪਾਣੀ ਦਾ ਬਿੱਲ ਕੱਲ੍ਹ ਨੂੰ ਮੁਕਾ ਦਿਆਂਗੇ। ਐਨੇ ਕੁ ਤਾਂ ਹੈਗੇ ਮੇਰੇ ਕੋਲ। ਬਿਜਲੀ ਦੇ ਬਿੱਲ ਵਾਸਤੇ ਕਿਸੇ ਕੁਲੀਗ ਤੋਂ ਉਧਾਰ ਪੁੱਛਾਂਗਾ।

'ਪਾਣੀ ਦਾ ਕਿੰਨਾ ਬਿੱਲ ਐ?'

'ਦੇਖ ਲੈ।'

'ਚੌਦਾਂ ਰੁਪਏ। ਇਹ ਚੌਦਾਂ ਹਨ ਤਾਂ ਤੁਹਾਡੇ ਕੋਲ?'

'ਹਾਂ। ਉਹ ਪਤਨੀ ਹੱਥੋਂ ਬਟੂਆਂ ਫੜਦਾ ਹੈ ਤੇ ਚੋਰਖ਼ਾਨੇ ਵਿਚੋਂ ਵੀਹ ਦਾ ਨੋਟ ਕੱਢ ਕੇ ਦਿਖਾਉਂਦਾ ਹੈ।

212
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ