ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੱਭਿਆ ਹੈ। ਕਿਸੇ ਦਾ ਮੱਤ ਸੀ ਕਿ ਇਹ ਵੇਲੇ ਦੀ ਸਰਕਾਰ ਦੀ ਕੋਈ ਚਾਲ ਹੈ ਤਾਂ ਕਿ ਲੋਕ ਖਾੜਕੂਆਂ ਦੀ ਦਹਿਸ਼ਤ ਵੱਲੋਂ ਆਪਣਾ ਧਿਆਨ ਹਟਾ ਕੇ ਏਧਰ ਕਾਲੇ ਕੱਛੇ ਵਾਲਿਆਂ ਨੂੰ ਹੀ ਆਪਣਾ ਮੁੱਖ ਮਸਲਾ ਬਣਾ ਲੈਣ। ਸਰਕਾਰ ਦੀ ਇਹ ਚਾਲ ਵੀ ਹੋ ਸਕਦੀ ਹੈ ਕਿ ਕਾਲੇ ਕੱਛੇ ਵਾਲਿਆਂ ਤੋਂ ਡਰਦੇ ਪਿੰਡਾਂ ਦੇ ਲੋਕ ਰਾਤਾਂ ਨੂੰ ਜਾਗਦੇ ਰਹਿਣ ਤੇ ਖਾੜਕੂਆਂ ਨੂੰ ਪਿੰਡ ਵੜਨ ਦਾ ਮੌਕਾ ਨਾ ਮਿਲੇ। ਮਸ਼ਹੂਰ ਸੀ ਕਿ ਕੁਝ ਪਿੰਡਾਂ ਦੇ ਲੋਕਾਂ ਨੇ ਕਾਲੇ ਕੱਛੇ ਵਾਲੇ ਨੂੰ ਫੜ ਕੇ ਮਾਰ ਦਿੱਤਾ ਸੀ। ਕਿਸੇ ਕਿਸੇ ਪਿੰਡ ਕਾਲੇ ਕੱਛੇ ਦੇ ਬਹਾਨੇ ਖਾੜਕੂ ਬੰਦੇ ਹੀ ਮਾਰ ਦਿੱਤੇ ਗਏ। ਇਹ ਵੀ ਸੁਣਿਆ ਜਾ ਰਿਹਾ ਸੀ ਕਿ ਜਿਹੜੇ ਲੋਕ ਗੜਬੜ ਫੈਲਾਉਣ ਦੇ ਮਕਸਦ ਨਾਲ ਕਾਲੇ ਕੱਛੇ ਵਾਲਿਆਂ ਨੂੰ ਭੇਜਦੇ ਹਨ, ਉਹ ਇਨ੍ਹਾਂ ਨੂੰ ਵੱਡੀਆਂ ਵੱਡੀਆਂ ਰਕਮਾਂ ਦੇਂਦੇ ਹਨ ਤੇ ਹੋਰਨਾਂ ਸੂਬਿਆਂ ਦੇ ਜੁਰਾਇਮ ਪੇਸ਼ਾ ਲੋਕ ਏਧਰ ਪੰਜਾਬ ਵਿੱਚ ਆ ਕੇ ਇਹ ਧੰਦਾ ਕਰਨ ਲੱਗ ਪਏ ਸਨ।

ਉਨ੍ਹਾਂ ਦਿਨਾਂ ਵਿੱਚ ਪਿੰਡਾਂ ਨੂੰ ਅਜੀਬ ਹਦਾਇਤਾਂ ਸਨ। ਅੱਠ ਵਜੇ ਰਾਤ ਤੋਂ ਬਾਅਦ ਹਥਾਈਆਂ ਦੀ ਸੱਥ ਵਿੱਚ, ਫਲ੍ਹੋਵਾਰਗੇ ਖੁੰਢਾਂ 'ਤੇ ਤੇ ਖੂਹਾਂ ਡੇਰਿਆਂ ਦੀਆਂ ਚੌਕੜੀਆਂ 'ਤੇ ਕੋਈ ਨਾ ਬੈਠੇ। ਗਲੀਆਂ ਵਿੱਚ ਰਾਤਾਂ ਨੂੰ ਕੋਈ ਨਾ ਫਿਰੇ। ਪਿੰਡ ਦਾ ਦੇਸੀ ਸ਼ਰਾਬ ਦਾ ਠੇਕਾ ਫੂਕ ਦਿੱਤਾ ਗਿਆ। ਸ਼ਰ੍ਹੇਆਮ ਦਾਰੂ ਕੋਈ ਨਹੀਂ ਪੀਂਦਾ ਸੀ। ਪਿੰਡ ਦੇ ਲੋਕਾਂ ਕੋਲ ਗੁੱਝੇ ਗੁੱਝੇ ਨਜਾਇਜ਼ ਹਥਿਆਰ ਸਨ। ਲਸੰਸੀਏ ਡਰ ਡਰ ਕੇ ਦਿਨ ਕੱਟਦੇ। ਬਹੁਤਿਆਂ ਦੇ ਹਥਿਆਰ ਖੋਹੇ ਜਾ ਚੁੱਕੇ ਸਨ। ਹਵਾਈ ਫਾਇਰ ਕਰਨ ਦਾ ਸਵਾਲ ਹੀ ਪੈਂਦਾ ਨਹੀਂ ਸੀ ਹੁੰਦਾ। ਰਾਤ ਦੇ ਘੁੱਪ ਹਨੇਰੇ ਵਿੱਚ ਕੋਈ ਆਪਣੇ ਘਰੋਂ ਉੱਠ ਕੇ ਦੂਜੇ ਅਗਵਾੜ ਜਾਣ ਦੀ ਹਿੰਮਤ ਨਹੀਂ ਰੱਖਦਾ ਸੀ। ਅਵਾਰਾ ਕੁੱਤਿਆਂ ਨੂੰ ਮਾਰ ਮੁਕਾ ਦਿੱਤਾ ਗਿਆ। ਪਾਲਤੂ ਕੁੱਤੇ ਭੌਂਕਣਾ ਛੱਡ ਗਏ। ਉਨ੍ਹਾਂ ਨੂੰ ਸੰਗਲੀ ਪਾਕੇ ਰਾਖਵੇਂ ਥਾਂ 'ਤੇ ਬੰਨ ਦਿੱਤਾ ਜਾਂਦਾ।

ਰਾਤਾਂ ਨੂੰ ਪਿੰਡ ਇਉਂ ਲੱਗਦਾ, ਜਿਵੇਂ ਪਿੰਡ ਕਿਧਰੇ ਕੋਈ ਹੋਵੇ ਹੀ ਨਾ। ਕੋਈ ਅਵਾਜ਼ ਨਹੀਂ, ਕਿਧਰੇ ਕੋਈ ਰੋਸ਼ਨੀ ਨਹੀਂ, ਪਿੰਡ ਦੀਆਂ ਗਲੀਆਂ ਵਿੱਚ ਮੌਤ ਜਿਹਾ ਸੰਨਾਟਾ ਹੁੰਦਾ। ਜਿਵੇਂ ਪਿੰਡ ਦੇ ਸਾਹ ਸੁੱਕ ਚੁੱਕੇ ਹੋਣ। ਸੂਰਜ ਛਿਪਦੇ ਹੀ ਅਗਵਾੜ ਦੀਆਂ ਸੁੰਨੀਆਂ ਸਹਿਮੀਆਂ ਸੱਥਾਂ ਸਮਿਆਂ ਦਾ ਮਾਤਮ ਕਰ ਰਹੀਆਂ ਹੁੰਦੀਆਂ।

ਉਸ ਰਾਤ ਕੋਠਿਆਂ 'ਤੇ ਪਏ ਪੱਕੇ ਰੋੜੇ ਮੀਂਹ ਦੀਆਂ ਵਾਛੜਾਂ ਵਾਂਗ ਵਰ੍ਹੇ। ਪਰ ਰੋੜੇ ਹਵਾ ਵਿੱਚ ਹੀ ਕਿਧਰੋਂ ਤੈਰ ਗਏ। ਧਿਰੇ ਕਿਸੇ ਦੇ ਸ਼ਾਇਦ ਹੀ ਕੋਈ ਰੋੜਾ ਵੱਜਿਆ ਹੋਵੇ। ਕਿਸੇ ਨੇ ਕਿਸੇ ਪਾਸਿਓ ਘਬਰਾਹਟ ਵਿੱਚ ਹਵਾਈ ਫਾਇਰ ਵੀ ਕਰ ਦਿੱਤਾ ਤੇ ਫਿਰ ਕਿਸੇ ਦੂਜੇ ਪਾਸਿਓਂ ਇੱਕ ਹੋਰ ਫਾਇਰ। ਕਈ ਫਾਇਰ ਹੋ ਗਏ। ਫਾਇਰ ਲਗਾਤਾਰ ਵੀ ਹੁੰਦੇ ਰਹੇ। ਜਿਵੇਂ ਕੋਈ ਮੈਦਾਨੇ ਜੰਗ ਹੋਵੇ।

ਪਹਿਲੇ ਲੋਰ ਦੀ ਨੀਂਦ ਲੋਕ ਅਜੇ ਮਸ੍ਹਾਂ ਹੀ ਸੁੱਤੇ ਸਨ। ਦਾਰੂ ਪੀ ਕੇ ਬੰਦੇ ਬੁੜ੍ਹਕ ਕੇ ਉੱਠੇ ਤੇ ਆਪਣੇ ਘਰਾਂ ਦੇ ਬੂਹਿਆਂ ਅੱਗੇ ਆ ਖੜ੍ਹੇ। ਰੌਲਾ ਸੁਣਿਆ ਤਾਂ ਬੋਲੇ ... ‘ਸਾਲਿਓ! ਕੀ ਹੋ ਗਿਆ ਪਿੰਡ ਨੂੰ? ਘਰ ਦੇ ਬਾਰ ਅੱਗਿਓਂ ਅਗਾਂਹ ਤੁਰ ਪਏ, ਗਲੀ ਵਿੱਚ ਆ ਗਏ। ਹਥਾਈ ਦੇ ਸੱਥ ਸੁੰਨੀ ਪਈ ਸੀ। ਕਿਸੇ ਸ਼ਰਾਬੀ ਨੇ ਉੱਚੀ ਸਾਰੀ ਚੀਕ ਮਾਰ ਦਿੱਤੀ। ਓਧਰ ਦੂਜੇ ਅਗਵਾੜ ਵਿੱਚ ਕਿਸੇ ਨੇ ਬੱਕਰਾ ਬੁਲਾ ਦਿੱਤਾ। ਹੋਰ ਕਿਧਰ

ਆ 'ਗੇ ਓਏ

23