ਉੱਚੀਆਂ ਤੇ ਤਿੱਖੀਆਂ ਗਾਲ੍ਹਾਂ ਦਾ ਮੀਂਹ ਵਰ੍ਹਨ ਲੱਗਿਆ। ਪਿੰਡ ਜਿਵੇਂ ਛਪਾਰ ਦਾ ਮੇਲਾ ਬਣ ਉੱਠਿਆ ਹੋਵੇ। ਜਿਵੇਂ ਕਿਧਰੇ ਕੋਈ ਵੱਡੇ ਘਰ ਦੀ ਬਰਾਤ ਉਤਰੀ ਹੋਵੇ। ਸ਼ੁਗਲ ਮੇਲੇ ਚੱਲ ਰਹੇ ਹੋਣ। ਰੌਲੇ ਗੌਲੇ ਵਿੱਚ ਸਿੰਘਾਪੁਰੀਆਂ ਦਾ ਮੈਂਗਲ ਬੁੜ੍ਹਾ ਘਰੋਂ ਬਾਹਰ ਹੋਇਆ ਤੇ ਦੂਜੇ ਅਗਵਾੜ ਦੁਰਗੀ ਬਾਮ੍ਹਣੀ ਦੇ ਜਾ ਵੜਿਆ। ਉਹ ਨੂੰ ਕਈ ਮਹੀਨਿਆਂ ਬਾਅਦ ਮਸ੍ਹਾਂ ਇਹ ਮੌਕਾ ਮਿਲਿਆ ਸੀ।
ਪਿੰਡ ਖਾਸਾ ਚਿਰ ਜਾਗਦਾ ਰਿਹਾ। ਰੌਲਾ ਗੌਲਾ ਸਿਖ਼ਰ 'ਤੇ ਜਾ ਕੇ ਮੱਧਮ ਪੈਣ ਲੱਗਿਆ ਤੇ ਫੇਰ ਸ਼ਾਂਤੀ ਵਰਤਣ ਲੱਗੀ। ਪਿੰਡ ਮੁਕੰਮਲ ਤੌਰ ਤੇ ਖ਼ਾਮੋਸ਼ ਹੋ ਗਿਆ। ਕਿਧਰੇ ਦੂਰ ਕੋਈ ਕੁੱਤਾ ਭੌਂਕ ਰਿਹਾ ਸੀ। ਕੁੱਤਾ ਭੌਂਕਣ ਦੀ ਅਵਾਜ਼ ਪਿੰਡ ਦੇ ਜਿਉਂਦਾ ਜਾਗਦਾ ਹੋਣ ਦਾ ਸਬੂਤ ਸੀ।
ਫੌਜੀ ਸੰਤਾ ਸੂੰ, ਰਿਟਾਇਰਡ ਪਟਵਾਰੀ ਮੇਘਰਾਜ ਤੇ ਪੰਚਾਇਤ ਮੈਂਬਰ ਦੇਵਾ ਸਿੰਘ ਘਰਾਂ ਵਿਚੋਂ ਨਿਕਲ ਕੇ ਆਪਣੇ ਅਗਵਾੜ ਦੀ ਸੱਥ ਵਿੱਚ ਚੌਕੜੀ ’ਤੇ ਆ ਬੈਠੇ। ਅਕਾਸ਼ ਤਾਰਿਆਂ ਨਾਲ ਭਰਿਆ ਹੋਇਆ ਸੀ। ਰਾਤ ਅੱਧੀ ਬੀਤ ਚੁੱਕੀ ਹੋਵੇਗਾ। ਹਵਾ ਰੁਮਕ ਰਹੀ ਸੀ। ਪਿੰਡ ਵਿੱਚ ਜਿਵੇਂ ਕੋਈ ਵੀ ਡਰ ਭੈਅ ਨਾ ਰਹਿ ਗਿਆ ਹੋਵੇ। ਉਹ ਗੱਲਾਂ ਕਰਨ ਲੱਗੇ, ਫੌਜੀ ਆਖ ਰਿਹਾ ਸੀ- 'ਐਦੂੰ ਤਾਂ ਗੋਰਿਆਂ ਦਾ ਰਾਜ ਹੀ ਚੰਗਾ ਸੀ। ਦੇਖਿਆ ਸੀ ਕਦੇ ਇਉਂ ਹੁੰਦਾ। ਅਖੇ-ਸੱਥਾਂ ਵਿੱਚ ਨਾ ਬੈਠੋ, ਤਾਸ਼ ਨਾ ਖੇਡੋ, ਖੰਘੋ ਵੀ ਨਾ, ਪੈੱਗ ਸ਼ੈੱਗ ਬੰਦ। ਚੰਗੀ ਅਜ਼ਾਦੀ ਮਿਲੀ ਬਈ।'
ਮੈਂਬਰ ਬੋਲਿਆ- 'ਕਿਉਂ ਬਈ, ਕਾਲੇ ਕੱਛੇ ਆਲਾ ਤਾਂ ਚਾਹੇ ਕੋਈ ਆਇਆ ਜਾਂ ਨਹੀਂ, ਪਰ ਪਿੰਡ ਨੂੰ ਸਾਹ ਜਿਹਾ ਆ ਗਿਆ। ਸੁਣਿਆ ਸੀ ਲਲਕਾਰ ਜੈਲੇ ਦਾ? ਕੱਢ ’ਤਾ ਨਾਂ ਬਾਹਰ ਵੱਖੀਆਂ ਦਾ ਸਾਰਾ ਜਾਲਾ।'
ਪਟਵਾਰੀ ਕਹਿੰਦਾ- 'ਦੁਨੀਆ ਔਖੀ ਬਹੁਤ ਐ, ਭਾਈ। ਸਾਰਾ ਕੁਛ ਈ ਬੰਦ ਹੋ ਗਿਆ, ਕਲਬੂਤ ਤੁਰੇ ਫਿਰਦੇ ਐ, ਰੂਹ ਤਾਂ ਹੈ ਨ੍ਹੀਂ ਕਿਸੇ ’ਚ।’
ਉਹ ਕਾਫ਼ੀ ਦੇਰ ਬੈਠੇ ਰਹੇ। ਦੂਰੋਂ ਕਿਸੇ ਦੀ ਪੈੜ ਚਾਲ ਸੁਣੀ। ਉਹ ਡਰੇ ਨਹੀਂ।
ਫ਼ੌਜੀ ਕਹਿੰਦਾ- 'ਆਪਣੇ' ਵਾੜ ਦਾ ਈ ਬੰਦਾ ਲਗਦੈ ਕੋਈ।'
‘ਪਿੰਡ ’ਚੋਂ ਵੀ ਹੋ ਸਕਦੈ ਕਿਧਰੋਂ।' ਮੈਂਬਰ ਆਖ ਰਿਹਾ ਸੀ।
ਪਟਵਾਰੀ ਕਹਿੰਦਾ- 'ਕੋਈ ਕਾਲਾ ਕੱਛਾ ਨਾ ਹੋਵੇ ਭੈੜਿਓ। ਐਵੇਂ ਜਾਹ ਜਾਂਦੀ ਕਰ ਦੇਵੇ।'
'ਨਹੀਂ, ਇਹ ਤਾਂ.... ਫ਼ੌਜੀ ਨਿਡਰ ਸੀ।
‘ਦੇਖ ਲੈਨੇ ਆਂ, ਨੇੜੇ ਆ ਲੈਣ ਦਿਓ।' ਮੈਂਬਰ ਦੀ ਦਿਲਜਮੀ ਸੀ।
‘ਸੋਟੀਆਂ ਤਿਆਰ ਰੱਖੋ। ਕੀਹ ਐ ਭਾਈ?' ਪਟਵਾਰੀ ਪੱਬਾਂ ਭਾਰ ਹੋ ਕੇ ਬੈਠ ਗਿਆ।
ਸਿੰਘਾਪੁਰੀਆਂ ਦਾ ਮੈਂਗਲ ਸੀ। ਬੰਦੇ ਬੈਠੇ ਦੇਖ ਕੇ ਉਹ ਖੰਘੂਰਾ ਮਾਰਨ ਲੱਗਿਆ। ਉਹ ਆਪ ਹੀ ਬੋਲਿਆਂ- ‘ਕਿਹੜੇ ਓਂ ਬਈਂ?'
ਫ਼ੌਜੀ ਉਹ ਦਾ ਬੋਲ ਸੁਣ ਕੇ ਬੁੜ੍ਹਕਿਆ- 'ਲੈ ਬਈ, ਇਹ ਤਾਂ ਬੁੜ੍ਹਾ ਸੂੰ ਐ।'
ਮੈਂਬਰ ਬੋਲਿਆ-'ਵਾਹ ਬਈ ਵਾਹ, ਐਸ ਵੇਲੇ ਕਿੱਧਰੋਂ ਸਿੰਘਾਪੁਰ ਆਲਿਆਂ?'
24
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ