ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘੁੱਟ ਭਰ ਕੇ ਕਹਿੰਦਾ-"ਚੰਗਾ ਫੇਰ, ਤੇਰੀ ਸਲਾਹ। ਇਹ ਭਾਰ ਉਤਾਰ ਦਿਆਂਗੇ ਫੇਰ ਕਦੇ।"

ਨਰੈਣੇ ਉਹ ਦੇ ਕੋਲ ਬੈਠਾ ਚਾਹ ਤਾਂ ਪੀ ਰਿਹਾ ਸੀ, ਪਰ ਨਿਗਾਹ ਉਹ ਦੀ ਉਹ ਦੀਆਂ ਗੱਲਾਂ ਵੱਲ ਸੀ। ਇੱਕ ਗੱਲ ਜਿਹੜੀ ਬੱਗੂ ਹੁਣੇ ਕਹੇਗਾ, ਉਹ ਤੋਂ ਨਰੈਣਾ ਪਹਿਲਾਂ ਹੀ ਜਾਣੀ ਜਾਣ ਸੀ। ਉਹ ਸਹਿਮਿਆਂ ਬੈਠਾ ਸੀ। ਇਹ ਗੱਲ ਤਾਂ ਉਹ ਨੂੰ ਓਦੋਂ ਹੀ ਖੁੜਕ ਗਈ ਸੀ, ਜਦੋਂ ਬੱਗੂ ਦੀ ਸੋਟੀ ਵਿਹੜੇ ਵਿੱਚ ਠੱਕ ਠੱਕ ਕਰਕੇ ਵੱਜਦੀ ਆ ਰਹੀ ਸੀ। ਸੋਟੀ ਦੀ ਠੱਕ ਠੱਕ ਜਿਵੇਂ ਨਰੈਣੇ ਦੇ ਮੱਥੇ ਵਿੱਚ ਕਿੱਲਾਂ ਵਾਂਗ ਰੁਕਦੀ ਜਾ ਰਹੀ ਹੋਵੇ।

ਨਰੈਣਾ ਕੋਲ ਜ਼ਮੀਨ ਥੋੜ੍ਹੀ ਸੀ। ਬੱਸ ਟੱਬਰ ਮਸ੍ਹਾਂ ਪਲਦਾ। ਵੱਡੀ ਕੁੜੀ ਦੇ ਵਿਆਹ ਵੇਲੇ ਲਿਆ ਵਿਆਜੂ ਰੁਪਈਆ ਓਵੇਂ ਦੀ ਓਵੇਂ ਸਿਰ ਖੜ੍ਹਾ ਸੀ। ਪੂਰਾ ਵੀਹ ਹਜ਼ਾਰ। ਇਹ ਵੀਹ ਹਜ਼ਾਰ ਬੱਗੂ ਦੀ ਬਹੀ ਵਿੱਚ ਲਿਖਿਆ ਹੋਇਆ ਸੀ। ਤਿੰਨ ਸਾਲ ਹੋ ਚੁੱਕੇ ਸਨ। ਇੱਕ ਕੌਡੀ ਵੀ ਵਾਪਸ ਨਹੀਂ ਹੋ ਸਕੀ। ਬੱਗੂ ਹਰ ਵਰ੍ਹੇ ਨਾਮਾ ਕਰਦਾ। ਵਿਆਜ ਲੱਗ ਕੇ ਨਵੀਂ ਰਕਮ ਖੜ੍ਹੀ ਹੋ ਜਾਂਦੀ। ਵੀਹ ਹਜ਼ਾਰ ਤੋਂ ਵਧ ਕੇ ਹੁਣ ਪਤਾ ਨਹੀਂ ਕਿੰਨੀ ਰਕਮ ਬਣ ਚੁੱਕੀ ਹੋਵੇਗੀ। ਨਰੈਣੇ ਨੂੰ ਕੋਈ ਹਿਸਾਬ ਨਹੀਂ ਸੀ। ਉਹ ਤਾਂ ਬੱਸ ਬਹੀ 'ਤੇ ਗੂਠਾ ਲਾਉਣ ਜਾਣਦਾ ਸੀ।

ਲੈਣ ਵੇਲੇ ਤਾਂ ਸੋਚਿਆ ਸੀ ਕਿ ਉਹ ਕਮਾਈ ਕਰਕੇ ਦੋ ਸਾਲਾਂ ਵਿੱਚ ਹੀ ਵਿਆਜੂ ਪੈਸਾ ਸਾਰਾ ਉਤਾਰ ਦੇਵੇਗਾ, ਪਰ ਖੇਤੀ ਤਾਂ ਕੁਦਰਤ ਦੇ ਵੱਸ ਹੈ। ਕਦੇ ਗੜੇ ਪੈ ਗਏ। ਕਦੇ ਬਹੁਤਾਂ ਮੀਂਹ ਪੈ ਗਿਆ ਜਾਂ ਕਿਸੇ ਸਾਲ ਬਿਲਕੁੱਲ ਹੀ ਨਾ ਪਿਆ। ਫ਼ਸਲ ਨੂੰ ਕੋਈ ਕੀੜਾ ਲੱਗ ਗਿਆ। ਤਿੰਨੇ ਸਾਲ ਉਹ ਦੀ ਫ਼ਸਲ ਚੰਗੀ ਨਹੀਂ ਹੋਈ ਸੀ।

ਬੱਗੂ ਹਰ ਸਾਲ ਆਖਦਾ, ਹਰ ਸਾਲ ਕੀ ਹਾੜ੍ਹੀ ਸੌਣੀ ਆਖਦਾ-"ਚੱਲ ਵਿਆਜ ਈ ਮੋੜ। ਫੇਰ 'ਕੱਠਾ ਭਾਰ ਚੁੱਕ ਕੇ ਔਖਾ ਹੋਏਂਗਾ। ਦੇਵਤਾ, ਤੇਰੀ ਮਰਜ਼ੀ ਐ।"

ਇਸ ਸਾਲ ਤਾਂ ਉਹ ਦੋ ਵਾਰ ਆਖ ਚੁੱਕਿਆ ਸੀ-"ਰਕਮ ਬਹੁਤੀ ਹੋ 'ਗੀ, ਦੇਵਤਾ। ਐਤਕੀ ਕਣਕ ਕੱਢ ਕੇ ਸਾਰਾ ਮੋੜ ਦੇ। ਕਿਵੇਂ ਕਰ, ਤੂੰ ਜਾਣ ਤੂੰ ਜਾਣ।"

ਨਰੈਣਾ ਸੋਚਦਾ-"ਕਣਕ ਦੀ ਫ਼ਸਲ ਸਾਰੀ ਵੇਚ ਕੇ ਬੱਗੂ ਤਾਂ ਨਿਬੜਜੂ, ਪਰ ਘਰ ਕਿਵੇਂ ਚੱਲੂ? ਠੂਠਾ ਫੜਨਾ ਪਊ। ਹੋਰ ਗਰਜ਼ਾਂ ਕਿੰਨੀਆਂ ਨੇ।" ਫੇਰ ਉਹ ਫ਼ਿਕਰ ਕਰਦਾ-"ਕੀ ਪਤਾ ਫ਼ਸਲ ਕਿੰਨੀ ਕੁ ਹੋਊਗੀ? ਰੱਬ ਦੇ ਘਰ ਦਾ ਕੀ ਵਸਾਹ, ਕਿਹੜੀ ਆਫ਼ਤ ਆ ਡਿੱਗੇ?"

ਸਿਰ ਚੜ੍ਹੇ ਪੈਸਿਆਂ ਦਾ ਖ਼ਿਆਲ ਦਿਮਾਗ਼ ਵਿੱਚ ਲਿਆ ਕੇ ਉਹ ਨੂੰ ਹੁਣ ਛੋਟੀ ਕੁੜੀ ਵਿਉਹ ਲਗਦੀ। ਉਹ ਝੁਰਦਾ ਇਹ ਵੀ ਕੌੜੀ ਵੇਲ ਵਾਂਗੂੰ ਵਧੀ ਜਾਂਦੀ ਹੈ। ਨਿੱਤ ਗਿੱਠ ਵਾਰ ਆਉਂਦੈ। ਕਿੱਥੋਂ ਬਤਾਰੂ ਜੰਮ ਲਿਆ।

ਚਾਹ ਪੀ ਕੇ ਬੱਗੂ ਆਪਣਾ ਜੂਠਾ ਗਿਲਾਸ ਆਪ ਮਾਂਜਣ ਲੱਗਿਆ। ਨਰੈਣਾ ਕਹਿ ਰਿਹਾ ਸੀ-"ਬੱਗਾ ਸਿਆਂ ਰਹਿਣ ਦੇ, ਆਪੇ ਮਾਂਜ ਲੂਗੀ ਤੇਰੀ ਪਰ੍ਹੋਤਣੀ।"

ਉਹ ਕਹਿੰਦਾ-"ਪਾਪ ਚੜ੍ਹੌਣੈ। ਮੇਰਾ ਜੂਠਾ ਗਿਲਾਸ ਪਰ੍ਹੋਤਣੀ ਮਾਂਜੇ, ਐਡਾ ਭਾਰ। ਤੀਰਥ ਐ ਪਰੋਹਣੀ ਤਾਂ-ਹਾਅ।"

ਧਰਮਾਤਮਾ

31