ਪੋਹ ਮਾਘ ਦੀ ਰੁੱਤ ਸੀ। ਅੰਤਾਂ ਦੀ ਠੰਡ। ਅੱਖ ਝਮਕੇ ਤੋਂ ਦਿਨ ਨਿਕਲ ਜਾਂਦਾ।
ਪੰਦਰਵੇਂ ਵੀਹਵੇਂ ਦਿਨ ਹੀ ਮੈਨੂੰ ਸ਼ਹਿਰ ਜਾਣਾ ਪੈਂਦਾ। ਇੱਕ ਐਸੇ ਹੀ ਮੁਕੱਦਮੇ ਵਿੱਚ ਮੈਂ ਅੜ ਗਿਆ ਸਾਂ, ਜਿਸ ਵਿੱਚ ਨਾ ਤਾਂ ਸਰਕਾਰ ਮੇਰਾ ਖਹਿੜਾ ਛੱਡਦੀ ਸੀ ਤੇ ਨਾ ਹੀ ਉਸ ਦੀ ਪੈਰਵੀਂ ਛੱਡ ਕੇ ਮੈਨੂੰ ਤਸੱਲੀ ਹੁੰਦੀ ਸੀ। ਪਾਣੀ ਵਾਂਗੂੰ ਪੈਸਾ ਵਹਿ ਰਿਹਾ ਸੀ। ਛੇਤੀ ਫ਼ੈਸਲਾ ਨਾ ਹੁੰਦਾ ਦੇਖ ਕੇ, ਵਕੀਲ ਜ਼ਹਿਰ ਵਰਗਾ ਲੱਗਦਾ ਸੀ। ਅਫ਼ਸਰ ਜਿਸ ਕੋਲ ਮੁਕੱਦਮਾ ਸੀ, ਜੀਅ ਕਰਦਾ ਸੀ ਉਸ ਦੇ ਸਿਰ ਵਿੱਚ ਡਬਲ ਇੱਟ ਚੁੱਕ ਕੇ ਮਾਰਾਂ -ਉਸ ਦਾ ਦਿਮਾਗ਼ ਫਟ ਕੇ ਖੁੱਲ੍ਹ ਜਾਵੇ ਤੇ ਫਿਰ ਸ਼ਾਇਦ ਉਸ ਨੂੰ ਮੇਰੇ ਮੁਕੱਦਮੇ ਦੀ ਸਮਝ ਆਵੇ।
ਕਾਨੂੰਨ ਕੀ ਕਰਨਗੇ? ਕੋਈ ਉਲਟਾ ਹਥਿਆਰ ਵਰਤਾਂ। ਇੱਕ ਦਿਨ ਮੇਰੇ ਦਿਮਾਗ਼ ਵਿੱਚ ਆਈ।
ਉਸ ਸ਼ਹਿਰ ਇੱਕ ਬੰਦਾ ਸੀ, ਸੱਜਣ ਸਿੰਘ। ਉਹ ਸੜਕਾਂ ਦੇ ਪੁਲ ਬਣਾਉਣ ਦੀ ਠੇਕੇਦਾਰੀ ਕਰਦਾ ਹੁੰਦਾ। ਸ਼ਰਾਬ ਉਹ ਬੜੀ ਪੀਂਦਾ ਸੀ। ਕਹਿੰਦੇ, ਉਸ ਅਫ਼ਸਰ ਨਾਲ ਉਸ ਠੇਕੇਦਾਰ ਦਾ ਖਾਣ ਪੀਣ ਸਾਂਝਾ ਸੀ।
ਕਈ ਸਾਲਾਂ ਦੀ ਗੱਲ ਹੈ, ਸਾਡੇ ਪਿੰਡ ਕੋਲ ਦੀ ਲੰਘਦੀ ਸੜਕ ਦੇ ਇੱਕ ਪੁਲ ਦਾ ਠੇਕਾ ਉਸ ਸੱਜਣ ਸਿੰਘ ਨੇ ਹੀ ਲਿਆ ਹੋਇਆ ਸੀ। ਉਦੋਂ ਉਸ ਨਾਲ ਮੇਰੀ ਮੁਲਾਕਾਤ ਅਕਸਰ ਹੁੰਦੀ ਰਹਿੰਦੀ ਸੀ। ਉਹ ਮੇਰਾ ਕਾਫ਼ੀ ਸਿਆਣੂ ਹੋ ਗਿਆ ਸੀ। ਮੈਂ ਸੋਚਿਆ, ਓਦੋਂ ਤਾਂ ਉਹ ਕਾਫ਼ੀ ਖੁੱਲ੍ਹੀਆਂ ਗੱਲਾਂ ਕਰ ਲੈਂਦਾ ਸੀ। ਜੋ ਉਸ ਕੋਲ ਉਸ ਅਫ਼ਸਰ ਦੀ ਗੱਲ ਤੋਰਾਂ ਤਾਂ ਸ਼ਾਇਦ ਕੰਮ ਬਣ ਹੀ ਜਾਵੇ।
ਨਿੱਤ ਦੀ ਹਿੱਬੜ ਹਿੱਬੜ ਨਾਲੋਂ ਪੰਜ ਚਾਰ ਸੌ ਝੋਕ ਦੇਣਾ ਹੀ ਮੈਂ ਠੀਕ ਸਮਝਿਆ।
ਸੱਜਣ ਸਿੰਘ ਠੇਕੇਦਾਰ ਨੂੰ ਪੁੱਛਦਾ ਪੁਛਾਉਂਦਾ ਦੂਜੇ ਦਿਨ ਹੀ ਘਸਮੈਲੀ ਜਿਹੀ ਆਥਣ ਹੋਈ ਤੋਂ ਮੈਂ ਉਸ ਦੇ ਘਰ ਮੂਹਰੇ ਜਾ ਖੜ੍ਹਾ।
ਹਵੇਲੀ ਜਿੱਡਾ ਵੱਡਾ ਮਕਾਨ। ਮੈਂ ਅੰਦਰ ਚਲਿਆ ਗਿਆ। ਦੋ ਕਮਰੇ ਸਮਾਨ ਨਾਲ ਬੂਥੇ ਹੋਏ। ਰਸੋਈ, ਗੁਸਲਖ਼ਾਨਾ ਤੇ ਬੈਠਣ ਉੱਠਣ ਵਾਲਾ ਕਮਰਾ-ਵਧੀਆ। ਦੋ ਹੋਰ ਕਮਰੇ ਪੈਣ ਸੌਣ ਵਾਲੇ। ਵਿਹੜੇ ਵਿੱਚ ਟਹਿ ਟਹਿ ਕਰਦੀ ਇਸ਼ਕ ਪੇਚੇ ਦੀ ਵੇਲ, ਇੱਕ ਸਿਰੇ ਤੀਕ ਇੱਕ ਤਾਰ 'ਤੇ ਚੜੀ ਹੋਈ, ਜਿਸ ਨੇ ਇੱਕ ਤਰੀਕੇ ਨਾਲ ਵਿਹੜੇ ਨੂੰ ਦੋ ਹਿੱਸਿਆਂ ਵਿੱਚ ਵੰਡਿਆਂ ਹੋਇਆ ਸੀ। ਮਕਾਨ ਦੇ ਉੱਤੇ ਵੀ ਦੋ ਚੁਬਾਰੇ ਬੰਗਲਿਆਂ ਵਰਗੇ।
34
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ