ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੀ? ਉਸ ਦਿਨ ਤਾਂ ਠੇਕੇਦਾਰ ਵੀ ਘਰ ਨਹੀਂ ਸੀ। ਉਹ ਜਨਾਨੀ ਮੇਰੇ ਐਨੇ ਨੇੜੇ ਕਿਉਂ ਹੋ ਰਹੀ ਸੀ? ਉਹ ਮੈਨੂੰ ਪਹਿਲਾਂ ਬਿਲਕੁੱਲ ਨਹੀਂ ਸੀ ਜਾਣਦੀ। ਉਹ ਦਾ ਰਤੀ ਭਰ ਜਵਾਕ ਮੇਰੇ ਇਉਂ ਗਲ ਨੂੰ ਚਿੰਬੜ ਗਿਆ ਸੀ, ਜਿਵੇਂ ਮੈਨੂੰ ਕਦੋਂ ਦਾ ਜਾਣਦਾ ਹੋਵੇ। ਮੰਗੂ ਨੇ ਮੇਰਾ ਸਾਈਕਲ ਅੰਦਰ ਕਮਰੇ ਵਿੱਚ ਇਉਂ ਰੱਖ ਦਿੱਤਾ ਸੀ, ਜਿਵੇਂ ਮੈਂ ਉਸ ਦੇ ਘਰ ਵਿੱਚ ਕਦੋਂ ਦਾ ਆਉਂਦਾ ਜਾਂਦਾ ਹੋਵਾਂ। ਮੈਨੂੰ ਉਹ ਘਰ ਉਸ ਦਿਨ ਇਉਂ ਲੱਗ ਰਿਹਾ ਸੀ, ਜਿਵੇਂ ਮੈਂ ਓਥੋਂ ਕਦੋਂ ਦਾ ਆਉਂਦਾ ਜਾਂਦਾ ਹੋਵਾਂ। ਉਹ ਔਰਤ ਮੈਨੂੰ ਇਉਂ ਲੱਗ ਰਹੀ ਸੀ ਜਿਵੇਂ ਕਦੋਂ ਦੀ ਉਹ ਮੈਨੂੰ ਜਾਣਦੀ ਹੈ ਤੇ ਮੈਂ ਉਸ ਨੂੰ ਜਾਣਦਾ ਹਾਂ। ਉਹ ਇਕਦਮ ਹੀ ਮੇਰੇ ਨਾਲ ਖੁੱਲ੍ਹ ਗਈ ਸੀ-

'ਹੁਣ ਤਾਂ, ਭਰਾ ਜੀ ਜ਼ਿੰਦਗੀ ਕੀਹ ਐ-ਇੱਕ ਹਉਕਾ ਜਾ ਐ। ਸਰਦਾਰ ਜੀ ਦੀ ਏਸ ਦੌਲਤ ਨੇ ਮੈਨੂੰ ਪੱਟਿਆ। ਓਦੋਂ ਇਨ੍ਹਾਂ ਦੀ ਇਹ ਦੌਲਤ ਨਹੀਂ ਸੀ ਦਿੱਸਦੀ, ਇਨ੍ਹਾਂ ਦੀ ਅੰਨ੍ਹੀ ਮੁਹੱਬਤ ਈ ਸਭ ਕੁਝ ਲੱਗਦੀ ਸੀ। ਹੁਣ ਬੱਸ ਦੌਲਤ ਈ ਦੌਲਤ ਪੱਲੇ ਰਹਿਗੀ।' ਉਸ ਦੀਆਂ ਅੱਖਾਂ ਵਿੱਚ ਸੰਸਾਰ ਭਰ ਦੀ ਉਦਾਸੀ ਉਤਰ ਆਈ ਸੀ। ਹੇਠਲਾ ਬੁੱਲ੍ਹ ਆਪਣੇ ਮੂੰਹ ਵਿੱਚ ਚੂਸਕੇ ਫਿਰ ਉਸ ਨੇ ਦੱਸਿਆ-

'ਹੁਣ ਸਰਦਾਰ ਜੀ ਕਦੇ ਦਸਵੇਂ ਦਿਨ ਘਰੇ ਰਾਤ ਕੱਟਦੇ ਨੇ,ਕਦੇ ਪੰਦਰਵੇਂ ਦਿਨ। ਆਹ ਜਵਾਕ ਪਤਾ ਨਹੀਂ ਕਿਵੇਂ ਰੱਬ ਨੇ ਦੇ ਦਿੱਤਾ। ਘਰ ਬਾਰ, ਦੌਲਤ, ਆਰਾਮ ਸਭ ਕੁਛ ਐ, ਔਲਾਦ ਐਗੀ ਐ, ਆਦਮੀ ਐ, ਪਰ ਆਦਮੀ ਆਦਮੀਆਂ ਵਰਗਾ ਆਦਮੀ ਨਹੀਂ। ਜਦੋਂ ਔਂਦੇ ਨੇ ਤਾਂ ਪਿਆਰ ਬਥੇਰਾ ਕਰਦੇ ਨੇ, ਪਰ ਅੰਦਰ, ਭਰਾ ਜੀ, ਪਤਾ ਨੀ ਕਾਹਦੀ ਅੱਗ ਜੀ ਮਚਦੀ ਰਹਿੰਦੀਐ। ਕਦੇ ਕਦੇ ਤਾਂ ਮੇਰੀ ਸੁੱਧ ਬੁੱਧ ਜੀ ਮਾਰੀ ਜਾਂਦੀ ਐ। ਅੱਖਾਂ ਮੂਹਰੇ ਨ੍ਹੇਰਾ ਜਾ ਆ ਜਾਂਦੈ। ਓਦੋਂ ਤਾਂ ਐ ਜੀਅ ਕਰਦੈ ਬਈ ਏਸ ਜਵਾਕ ਸਣੇ ਕੋਈ ਖੂਹ ਟੋਭਾ ਗੰਦਾ ਕਰ ਦਿਆਂ।' ਅੱਖਾਂ ਦਾ ਕਜਲਈ ਪਾਣੀ ਆਪਣੀ ਚੁੰਨੀ ਨਾਲ ਪੂੰਝਕੇ ਫਿਰ ਉਸ ਨੇ ਦੱਸਿਆ-'ਪਹਿਲੀ ਤੀਵੀਂ ਦੇ ਉੱਤੋਂ ਦੀ ਵਿਆਹਿਆ ਸੀ ਮੈਨੂੰ।'

'ਉਹ ਕਿੱਥੇ ਰਹਿੰਦੀ ਐ ਹੁਣ?' ਮੈਂ ਪ੍ਰਸ਼ਨ ਕੀਤਾ। ਉਹ ਕਹਿੰਦੀ-'ਉਹ ਪੇਕੀਂ ਛੱਡ ਰੱਖੀ ਐ। ਆਪਣੇ ਜਵਾਕਾਂ ਨੂੰ ਪਾਲਦੀ ਐ। ਦੋ ਸੌ ਰੁਪਿਆ ਮਹੀਨਾ ਸਰਦਾਰ ਜੀ ਤੋਂ ਖ਼ਰਚਾ ਲੈਂਦੀ ਐ, ਅੜ ਕੇ।'

ਮੇਰੇ ਕੋਲੋਂ ਉੱਠ ਕੇ ਉਸ ਨੇ ਓਸੇ ਕਮਰੇ ਵਿੱਚ ਪਏ ਪਲੰਘ 'ਤੇ ਬਿਸਤਰ ਵਿਛਾ ਦਿੱਤਾ। ਮੈਂ ਰਜਾਈ ਵਿੱਚ ਮੁਟਕੀ ਮਾਰ ਕੇ ਬੈਠ ਗਿਆ। ਮੁੰਡਾ ਸੌ ਚੁੱਕਿਆ ਸੀ। ਉਹ ਉਸ ਨੂੰ ਮੇਰੇ ਨਾਲ ਪਾ ਗਈ। ਰਜਾਈ ਦੇ ਨਿਘਾਸ ਵਿੱਚ ਉਹ ਨਿੱਕੇ ਨਿੱਕੇ ਘੁਰਾੜੇ ਮਾਰਨ ਲੱਗ ਪਿਆ। ਰੋਟੀ ਲਿਆਂਦੀ ਗਈ ਤੇ ਮੈਂ ਖ਼ਿਆਲਾਂ ਖ਼ਿਆਲਾਂ ਵਿੱਚ ਹੀ ਰੋਟੀ ਪਤਾ ਨਹੀਂ ਕਦੋਂ ਖਾ ਲਈ। ਰੋਟੀ ਮੈਨੂੰ ਮੰਗੂ ਨੇ ਖਵਾਈ ਸੀ, ਪਰ ਦੁੱਧ ਉਹ ਆਪ ਲੈ ਕੇ ਆਈ। ਮੇਰੇ ਪੈਂਦੀ ਬੈਠੀ ਕਾਫ਼ੀ ਚਿਰ ਉਹ ਗੱਲਾਂ ਕਰਦੀ ਰਹੀ।

ਮੇਰੇ ਮਨ ਵਿੱਚ ਇੱਕੋ ਅਹਿਸਾਸ ਕਿ ਇਸ ਵਿਚਾਰੀ ਔਰਤ ਨਾਲ ਬੇਇਨਸਾਫ਼ੀ ਹੋਈ ਹੈ। ਮੇਰੇ ਮਨ ਵਿੱਚ ਫਿਰ ਖ਼ਿਆਲ ਆਉਂਦਾ ਕਿ ਮੈਂ ਇਸ ਦਾ ਕੀ ਲੱਗਦਾ ਹਾਂ? ਇਹ ਮੇਰੇ ਕੋਲ ਕਿਉਂ ਐਨਾ ਖੁੱਲ੍ਹ ਗਈ ਹੈ? ਮੈਂ ਕੀ ਇਹ ਦਾ ਮਾਮੇ ਦਾ ਪੁੱਤ ਲੱਗਦਾ ਹਾਂ? ਜੋ ਇਹ ਮੇਰੇ ਕੋਲ ਆਪਣੀ ਗੰਢੜੀ ਖੋਲ੍ਹ ਬੈਠੀ ਹੈ? ਮੇਰੇ ਮਨ ਵਿੱਚ ਡਰ ਪੈਦਾ ਹੋਇਆ।

ਇੱਕ ਔਰਤ

37