ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਤੇ ਬਦਚਲਣ ਔਰਤ ਨਾ ਹੋਵੇ ਤੇ ਮੈਨੂੰ ਆਪਣੀ ਵਿੱਥਿਆ ਸੁਣਾ ਕੇ ਫਸਾਉਂਦੀ ਹੋਵੇ? ਮੇਰੇ ਮਨ ਵਿੱਚ ਇੱਕ ਵਾਰੀ ਤਾਂ ਡਰ ਸਿਖ਼ਰ 'ਤੇ ਪਹੁੰਚ ਗਿਆ, ਜਦੋਂ ਮੈਨੂੰ ਖ਼ਿਆਲ ਆਇਆ ਕਿ ਜੇ ਹੁਣ ਠੇਕੇਦਾਰ ਆ ਜਾਏ ਤਾਂ ਕੀ ਆਖੇ ਇਹ ਨੂੰ? ਕਹੇ, "ਇਹ ਧਗੜਾ ਕੌਣ ਵਾੜ ਰੱਖਿਐ ਅੰਦਰ?' ਪਰ ਮੈਂ ਦੜ ਹੀ ਵੱਟ ਛੱਡੀ। ਫਸ ਗਈ ਤਾਂ ਹੁਣ ਫਟਕਣ ਕੀ?

ਇਸ ਤਰ੍ਹਾਂ ਸੋਚਦੇ ਸੋਚਦੇ ਨੂੰ ਮੈਨੂੰ ਨੀਂਦ ਆ ਗਈ। ਮੁੰਡਾ ਮੇਰੇ ਨਾਲ ਹੀ ਪਿਆ ਰਿਹਾ। ਇਕਦਮ ਮੈਨੂੰ ਜਾਗ ਪਈ। ਕੀ ਦੇਖਦਾ ਹਾਂ ਕਿ ਬਿਜਲੀ ਬੱਤੀ ਜਗ ਰਹੀ ਹੈ। ਉਹ ਔਰਤ ਓਸੇ ਕਮਰੇ ਵਿੱਚ ਮੰਜੀ ਡਾਹੀਂ ਬਿਸਤਰ ਵਿੱਚ ਪਈ ਮੇਰੇ ਵੱਲ ਗੁਟਰ ਗੁਟਰ ਝਾਕ ਰਹੀ ਹੈ। ਮੈਂ ਉਸ ਨੂੰ ਓਥੇ ਦੇਖ ਕੇ ਅੱਖਾਂ ਬੰਦ ਕਰ ਲਈਆਂ, ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਹੈ। ਉਹ ਉੱਠੀ ਤੇ ਇਕਦਮ ਬਿਜਲੀ ਬੱਤੀ ਉਸ ਨੇ ਬੁਝਾ ਦਿੱਤੀ। ਮੈਂ ਮਹਿਸੂਸ ਕੀਤਾ, ਜਿਵੇਂ ਕੋਈ ਪਰਛਾਵਾਂ ਜਿਹਾ ਮੇਰੇ ਪਲੰਘ ਦੇ ਨੇੜੇ ਨੇੜੇ ਆ ਰਿਹਾ ਹੈ, ਮੈਂ ਸਹਿਮ ਜਿਹਾ ਗਿਆ ਤੇ ਵਾਹਿਗੁਰੂ ਵਾਹਿਗੁਰੂ ਕਰਕੇ ਖੰਘਿਆ ਤੇ ਬੋਲਿਆ-'ਤੁਸੀਂ ਆਹ ਕਾਕੇ ਨੂੰ ਤਾਂ ਚੱਕ ਲੈਂਦੇ, ਬੀਬੀ ਜੀ?' ਇੱਕ ਮਿੰਟ ਤਾਈਂ ਉਹ ਬੋਲੀ ਨਾ ਤੇ ਬਿਜਲੀ ਬੱਤੀ ਫਿਰ ਜਗਾ ਦਿੱਤੀ। ਉਹ ਮੁੰਡੇ ਨੂੰ ਮੇਰੇ ਨਾਲੋਂ ਚੁੱਕ ਕੇ ਲੈ ਗਈ ਤੇ ਆਪਣੇ ਬਿਸਤਰੇ ਵਿੱਚ ਪਾ ਲਿਆ। ਮੈਂ ਗੁਰਬਾਣੀ ਪੜ੍ਹਨ ਲੱਗ ਪਿਆ, ਬਿਜਲੀ ਬੱਤੀ ਉਸ ਨੇ ਬਿਸਤਰੇ ਵਿਚੋਂ ਉੱਠ ਕੇ ਬੁਝਾ ਦਿੱਤੀ। ਮੈਂ ਹੌਲੀ ਹੌਲੀ ਚੁੱਪ ਕਰ ਗਿਆ, ਹੋਲੀ ਹੋਲੀ ਅੱਖਾਂ ਮੀਚ ਲਈਆਂ ਤੇ ਹੌਲੀ ਹੌਲੀ ਸੌਂ ਗਿਆ।

ਇੱਕ ਘੰਟੇ ਬਾਅਦ ਇਕਦਮ ਬਿਜਲੀ ਦਾ ਸਵਿੱਚ ਫੇਰ ਖੜਕਿਆ। ਮੈਂ ਮੂੰਹ ’ਤੋਂ ਰਜਾਈ ਵਗਾਹ ਕੇ ਮਾਰੀ। ਦੇਖਿਆ, ਬਿਜਲੀ ਜਗ ਰਹੀ ਸੀ ਤੇ ਉਹ ਔਰਤ ਖੜ੍ਹੀ ਮੇਰੇ ਵੱਲ ਇਉਂ ਝਾਕ ਰਹੀ ਸੀ, ਜਿਵੇਂ ਮੈਥੋਂ ਕੁਝ ਪੁੱਛਣਾ ਚਾਹੁੰਦੀ ਹੋਵੇ। ਮੈਂ ਆਪ ਹੀ ਉਸ ਨੂੰ ਪੁੱਛਿਆ-'ਕਿਉਂ ਜੀ, ਕੀ ਗੱਲ ਹੈ?' ਉਸ ਨੇ ਕਿਹਾ-'ਮੈਂ ਤੁਹਾਡੇ ਸਰ੍ਹਾਣੇ ਪਾਣੀ ਰੱਖ ਦਿੱਤਾ ਸੀ?' ਰਾਤ ਨੂੰ ਪਾਣੀ ਦੀ ਮੈਨੂੰ ਕੋਈ ਲੋੜ ਨੀ ਪੈਂਦੀ, ਮੈਂ ਥੋੜ੍ਹਾ ਜਿਹਾ ਰੁੱਖਾ ਹੋ ਕੇ ਕਹਿ ਦਿੱਤਾ। ਉਸ ਤੋਂ ਬਾਅਦ ਤੜਕੇ ਤੀਕ ਅੱਧ ਸੁੱਤਾ ਜਿਹਾ ਮੈਂ ਛਾਪਲਿਆ ਪਿਆ ਰਿਹਾ। ਸੁਪਨੇ ਵਾਂਗ ਮੈਨੂੰ ਮਹਿਸੂਸ ਹੁੰਦਾ ਰਿਹਾ, ਜਿਵੇਂ ਕੋਈ ਛਾਂ ਜਿਹੀ ਦੋ ਵਾਰੀ ਮੇਰੇ ਸਰ੍ਹਾਣੇ 'ਤੇ ਝੁਕ ਕੇ ਮੁੜ ਗਈ ਸੀ, ਪਰ ਮੈਨੂੰ ਬੁਲਾਇਆ ਨਹੀਂ ਸੀ।

ਸਵੇਰ ਜਦ ਮੈਂ ਉੱਠਿਆ, ਮੰਗੂ ਚਾਹ ਲਈ ਖੜ੍ਹਾ ਸੀ। ਉਹ ਔਰਤ ਘਰ ਵਿੱਚ ਹੀ ਪਤਾ ਨਹੀਂ ਕਿੱਥੇ ਚਲੀ ਗਈ ਸੀ। ਮੰਗੂ ਚਾਹ ਪਿਆ ਕੇ ਮੈਨੂੰ ਕਹਿੰਦਾ-'ਸਰਦਾਰ ਜੀ, ਅੱਜ ਨੀ ਸਰਦਾਰ ਸਾਹਬ ਔਂਦੇ। ਤੁਸੀਂ ਜਾਓ।'♦

38

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ