ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/42

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਫਿਰ ਪਾਕਿਸਤਾਨ ਬਣਿਆ। ਸਾਈਂ ਦਾ ਡੇਰਾ ਉੱਜੜ ਗਿਆ। ਵੱਡਾ ਸਾਈਂ ਛੋਟਾ ਸਾਈਂ, ਦੋਵੇਂ ਫ਼ਸਾਦਾਂ ਵਿੱਚ ਮਾਰੇ ਗਏ ਸਨ। ਦੋ ਤਿੰਨ ਪੱਕੇ ਕਮਰੇ ਜੋ ਡੇਰੇ ਵਿੱਚ ਬਣੇ ਹੋਏ ਸਨ, ਉਨ੍ਹਾਂ ਨੂੰ ਢਾਹ ਕੇ ਕੋਈ ਇੱਕ ਲੈ ਗਿਆ ਸੀ, ਕੋਈ ਮਲਬਾ। ਹੋਰ ਤਾਂ ਹੋਰ, ਨੂਰ ਸ਼ਾਹ ਗਾਜ਼ੀ ਦੀ ਕਬਰ ਵੀ ਪਤਾ ਨਹੀਂ ਕਿੱਧਰ ਗਈ। ਦਰਖ਼ਤ ਸਾਰੇ ਵੱਢ ਲਏ ਗਏ। ਹੁਣ ਨਹੀਂ ਸੀ ਲੱਗਦਾ ਕਿ ਇੱਥੇ ਕੋਈ ਡੇਰਾ ਹੁੰਦਾ ਸੀ ਜਾਂ ਨਹੀਂ। ਕੇਵਲ ਇੱਕ ਨਿਸ਼ਾਨੀ ਸੀ-ਵੱਡਾ ਪਿੱਪਲ। ਪਿੱਪਲ ਵੀ ਹੁਣ ਤਾਂ ਸੁੰਨਾ ਦਿੱਸਦਾ। ਪੱਤਿਆਂ ’ਤੇ ਘੋਗੜਾਂ, ਕਾਵਾਂ ਤੇ ਗਿਰਝਾ ਦੀਆਂ ਵਿੱਠਾਂ।
ਕੱਵਾਲੀਆਂ ਦੇ ਬੋਲ ਲੋਕ ਭੁੱਲ ਚੁੱਕੇ ਸਨ। ਨੂਰ ਸ਼ਾਹ ਗਾਜ਼ੀ ਦੀ ਕਬਰ ਨੂੰ ਲੋਕ ਭੁੱਲ ਚੁੱਕੇ ਸਨ। ਪਿੰਡ ਵਿਚੋਂ ਮੁਸਲਮਾਨਾਂ ਦੀ ਹੋਂਦ ਖ਼ਤਮ ਹੋ ਚੁੱਕੀ ਸੀ। ਕਦੇ ਵੇਲਾ ਸੀ ਜਦੋਂ ਇਸ ਪਿੰਡ ਵਿੱਚ ਮਰਾਸੀ, ਘੁਮਿਆਰ, ਜੁਲਾਹੇ, ਤੇਲੀ ਤੇ ਕਾਜ਼ੀਆਂ ਦੇ ਪੂਰੇ ਸੱਤਰ ਘਰ ਸਨ। ਹੁਣ ਤਿੰਨ ਘਰ ਜੋ ਰਹਿੰਦੇ ਸਨ, ਉਹ ਵੀ ਮੁਸਲਮਾਨ ਨਹੀਂ ਸਨ ਲੱਗਦੇ। ਇੱਕ ਸੀ ਅਲੀ-ਉਸ ਦਾ ਹੁਣ ਵਾਲਾ ਨਾਉਂ ਹਰਦੇਵ ਸੀ। ਇੱਕ ਸੀ ਬਰਕਤ ਉਸ ਦਾ ਨਾਉਂ ਬਖ਼ਸ਼ੀਸ਼ ਸਿੰਘ ਤੇ ਬਦਰਦੀਨ ਦਾ ਨਾਉਂ ਸਰਦਾਰਾ ਸਿੰਘ। ਅੱਗੇ ਉਨ੍ਹਾਂ ਦੀ ਔਲਾਦ ਦੇ ਨਾਉਂ ਵੀ ਇਸੇ ਤਰ੍ਹਾਂ ਦੇ ਸਨ।
ਮੇਰੀ ਉਮਰ ਚਾਲੀਆਂ ਤੋਂ ਟੱਪਣ ਵਾਲੀ ਹੈ। ਪੁੱਤ ਹਨ, ਧੀਆਂ ਹਨ, ਬੀਵੀ ਹੈ-ਪੱਟ ਦਾ ਲੱਛਾ। ਇਸ਼ਕ? ਇਸ਼ਕ ਕਰਨ ਦਾ ਜ਼ਮਾਨਾ ਹੈ ਤੇ ਨਾ ਉਮਰ, ਪਰ ਪਤਾ ਨਹੀਂ ਕਿਉਂ ਜਦ ਮੈਂ ਠੇਕੇ ਮੂਹਰਦੀ ਲੰਘਦਾ ਹਾਂ ਤਾਂ ਨਸੀਮ ਦਾ ਖ਼ਿਆਲ ਮੇਰੇ ਦਿਮਾਗ਼ ਵਿੱਚ ਇੱਟ ਵਾਂਗ ਆ ਵੱਜਦਾ ਹੈ।
ਪਿਛਲੇ ਵਰ੍ਹੇ ਮੈਂ ਸਰਹੱਦ ਦੇ ਨੇੜੇ ਇੱਕ ਪਿੰਡ ਆਪਣੇ ਦੋਸਤ ਨੂੰ ਮਿਲਣ ਗਿਆ ਸਾਂ। ਰਾਤ ਨੂੰ ਕੋਠੇ ਤੇ ਪਿਆਂ ਨੂੰ ਲਾਹੌਰ ਦੀ ਰੌਸ਼ਨੀ ਸਾਨੂੰ ਸਾਫ਼ ਦਿੱਸਦੀ ਸੀ। ਕਿੰਨਾ ਹੀ ਚਿਰ ਮੈਂ ਉਸ ਰੋਸ਼ਨੀ ਵੱਲ ਦੇਖਦਾ ਰਿਹਾ ਸਾਂ। ਤੇ ਫਿਰ ਉਹ ਰੋਸ਼ਨੀ ਸਿਮਟ ਕੇ ਇੱਕ ਮਨੁੱਖ ਦਾ ਰੂਪ ਬਣ ਗਈ। ਮੈਨੂੰ ਲੱਗੀ ਸੀ। ਮੈਨੂੰ ਲੱਗਿਆ ਸੀ ਕਿ ਉਹ ਰੋਸ਼ਨੀ ਤਾਂ ਜਿਵੇਂ ਨਸੀਮ ਹੋਵੇ। ਮੇਰਾ ਦਿਲ ਕਹਿੰਦਾ ਸੀ ਕਿ ਜੇ ਸਰਹੱਦ ਪਾਰ ਕਰ ਲਵਾਂ ਤਾਂ ਕਿਤੇ ਨਾ ਕਿਤੇ ਨਸੀਮ ਮੈਨੂੰ ਜ਼ਰੂਰ ਮਿਲ ਜਾਵੇਗੀ। ਮੈਂ ਉਸ ਨੂੰ ਸਿਰਫ਼ ਐਨਾ ਹੀ ਕਹਿ ਸਕਾਂਗਾ- 'ਸੀਮਾ, 'ਔਹ ਦਿੱਸੇ ਵੇ, ਕੁੱਲੀ ਯਾਰ ਦੀ' ਸੁਣਾ ਦੇ ਬੱਸ।’ ਤੇ ਫਿਰ ਮੇਰੇ ਮਨ ਵਿੱਚ ਖ਼ਿਆਲ ਆਇਆ ਸੀ ਕਿ ਨਹੀਂ, ਉਹ ਗਾਵੇਗੀ ਨਹੀਂ। ਉਸ ਦੀਆਂ ਅੱਖਾਂ ਵਿਚੋਂ ਤਾਂ ਛਮ ਛਮ ਅੱਥਰੂ ਕਿਰਨਗੇ। ਮੈਂ ਵੀ ਸ਼ਾਇਦ ਗਾਉਣ ਲਈ ਉਸ ਨੂੰ ਨਾ ਕਹਾਂ। ਅੱਥਰੂ ਦੇ ਕੇ ਹੀ ਮੁੜ ਆਵਾਂ।
ਦੋ ਸਾਲ ਹੋਏ, ਸਾਡੇ ਪਿੰਡ ਇੱਕ ਮੁਸਲਮਾਨ ਫ਼ਕੀਰ ਆਇਆ। ਸਾਈਂ ਦੇ ਡੇਰੇ ਵਾਲੀ ਥਾਂ ਉਸ ਨੇ ਨੂਰ ਸ਼ਾਹ ਗਾਜ਼ੀ ਦੀ ਕਬਰ ਵਜੋਂ ਇੱਟਾਂ ਦਾ ਇੱਕ ਥੜਾ ਜਿਹਾ ਬਣਾਇਆ। ਉਸ ਦੇ ਕੋਲ ਹੀ ਸਰਕੜਿਆ ਦੀ ਇੱਕ ਕੁੱਲੀ ਬਣਾ ਕੇ ਰਹਿਣ ਲੱਗ ਪਿਆ। ਕਬਰ ਨੂੰ ਉਸੇ ਤਰ੍ਹਾਂ ਪਿੰਡ ‘ਮੰਨਣ ਲੱਗ ਪਿਆ। 'ਸੁੱਖਾਂ’ ਚੜ੍ਹਨ ਲੱਗੀਆਂ। ਡੇਰੇ ਦੇ ਚਾਰ ਚੁਫੇਰੇ ਅੱਗੇ ਵਾਂਗ ਹੀ ਭੜੀਂਅ ਉੱਸਰ ਖੜੀ ਤੇ ਉਸ 'ਤੇ ਕੰਡਿਆਂ ਦੀ ਵਾੜ ਵੀ। ਗੇਂਦੇ ਦੇ ਫੁੱਲ ਟਹਿਕ ਪਏ। ਪਹਿਲੇ ਦਿਨ ਫ਼ਕੀਰ ਨੇ ਜਦੋਂ ਬਾਂਗ ਦਿੱਤੀ ਤਾਂ ਸਾਰੇ

42
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ