ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਪਿੰਡ ਵਿੱਚ ਖ਼ੁਸ਼ੀ ਦੀ ਇੱਕ ਗੁੱਝੀ ਲਹਿਰ ਦੌੜ ਗਈ। ਪੁਰਾਣੇ ਲੋਕਾਂ ਨੂੰ ਆਸ ਬੱਝੀ, ਸਾਈਂ ਦਾ ਡੇਰਾ ਫਿਰ ਆਬਾਦ ਹੋਵੇਗਾ।
ਡੇਰੇ ਵਾਲੇ ਪਿੱਪਲ ਦੀ ਛਾਂ ਫਿਰ ਗੰਭੀਰ ਹੋ ਗਈ। ਪਿੱਪਲ ਭਰਵਾਂ ਭਰਵਾਂ ਸੰਘਣਾ ਸੰਘਣਾ ਦਿੱਸਣ ਲੱਗਿਆ, ਪੱਤੇ ਹਰੇ ਕਰੂਰ।
ਅੱਧੀ ਤੋਂ ਅੱਧੀ ਸਦੀ ਬਾਅਦ ਸਾਵਣ ਦਾ ਮਹੀਨਾ।
ਫ਼ਕੀਰ ਨੇ ਮੇਲਾ ਲਾਇਆ। ਤਿੰਨ ਦਿਨ ਦਾ ਮੇਲਾ। ਮਾਲੇਰਕੋਟਲਾ ਵਾਲੇ ਕੱਵਾਲ ਆਏ।
ਹਰਦੇਵ ਫਿਰ ਅਲੀ। ਬਖ਼ਸ਼ੀਸ਼ ਬਰਕਤ ਤੇ ਸਰਦਾਰਾ ਫਿਰ ਬਦਰਦੀਨ।
ਸਾਵਣ ਦਾ ਇੱਕ ਸੁਹਣਾ ਦਿਨ।
ਮੀਂਹ ਪੈ ਕੇ ਹਟਿਆ। ਬੱਦਲ ਚਾਲ ਅਜੇ ਵੀ ਸੀ। ਪਾਣੀ ਭਿੱਜੀ ਹਵਾ ਚੱਲ ਰਹੀ ਸੀ। ਪੱਤੇ ਤਾੜੀਆਂ ਵਜਾ ਰਹੇ ਸਨ। ਸਾਈਂ ਦੇ ਡੇਰੇ ਵਿੱਚ ਗਹਿਮਾ ਗਹਿਮੀ ਸੀ। ਮਿੱਠੇ ਚੌਲਾਂ ਦਾ ਕੜਾਹਾ ਉੱਬਲ ਰਿਹਾ ਸੀ। ਡੇਰੇ ਵਿਚੋਂ ਧੂੰਆਂ ਉੱਠ ਰਿਹਾ ਸੀ। ਵੱਡੇ ਪਿੱਪਲ ਥੱਲੇ ਦੋ ਤਖ਼ਤਪੋਸ਼ ’ਤੇ ਕੱਵਾਲ ਜਚੇ ਬੈਠੇ ਸਨ। ਕੱਵਾਲੀ ਹੋ ਰਹੀ ਸੀ। ਕਈ ਸਰੋਤੇ ਤਾਂ ਪੱਬਾਂ ਭਾਰ ਹੋਏ ਬੈਠੇ ਸਨ। ਮੈਂ ਜਿਉਂ ਹੀ ਡੇਰੇ ਵਿੱਚ ਗਿਆ, ਕੱਵਾਲੀ ਦਾ ਬੋਲ ਉੱਚਾ ਹੋਇਆ-ਔਹ ਦਿੱਸੇ ਵੇ, ਕੁੱਲੀ ਯਾਰ ਦੀ ਘੜਿਆ। ਔਹ ਦਿੱਸੇ ਵੇ।'
ਮੇਰਾ ਸਿਰ ਚਕਰਾ ਗਿਆ। ਮੇਰਾ ਦਿਲ ਡੁੱਬਣ ਲੱਗਿਆ। ਕੱਵਾਲੀ ਮੈਥੋਂ ਸੁਣੀ ਨਹੀਂ ਗਈ। ਮੈਂ ਡੇਰੇ ਵਿਚੋਂ ਬਾਹਰ ਜਾਣ ਲੱਗਿਆ, ਪਰ ਮੇਰੇ ਇੱਕ ਮਿੱਤਰ ਨੇ ਮੇਰੀ ਬਾਂਹ ਫੜੀ ਤੇ ਇੱਕ ਖੂੰਜੇ ਜਾ ਕੇ ਮੈਨੂੰ ਬਿਠਾ ਲਿਆ।
‘ਯਾਰ, ਕੋਈ ਐਹੋ ਜਾ ਵਕਤ ਵੀ ਆਊ, ਜਦੋਂ ਪਾਕਿਸਤਾਨ ਦੇ ਪੰਜਾਬੀ ਤੇ ਅਸੀਂ ਪਹਿਲਾਂ ਵਾਗੂੰ ਈ, ਇੱਕ ਹੋ ਜਾਂ ’ਗੇ?' ਮੇਰੇ ਮੂੰਹੋਂ ਪ੍ਰਸ਼ਨ ਨਹੀਂ ਫ਼ਰਿਆਦ ਨਿਕਲੀ। ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਸਿਰ ਖੁਰਕਣ ਲੱਗਿਆ। ਮੈਂ ਨਿਰਾਸ਼ ਹੋ ਗਿਆ। ਉਹ ਉੱਠ ਕੇ ਘਰ ਨੂੰ ਤੁਰ ਗਿਆ ਤੇ ਮੈਂ ਸਰੋਤਿਆਂ ਵਿੱਚ ਕੱਵਾਲਾਂ ਦੇ ਸਾਹਮਣੇ ਜਾ ਬੈਠਾ। ਉੱਠ ਕੇ ਫ਼ਰਮਾਇਸ਼ ਕੀਤੀ।‘ਫੇਰ ਸੁਣਾਓ, "ਔਹ ਦਿੱਸੇ ਵੇ ਕੁੱਲੀ....।'
ਨਸੀਮ ਦਾ ਪਤਾ ਨਹੀਂ, ਕਿੱਥੇ ਹੈ। ਜਿਉਂਦੀ ਹੈ ਜਾ ਮਰ ਗਈ ਹੈ, ਕੋਈ ਪਤਾ ਨਹੀਂ। ਮਰ ਗਈ?
ਪਰ ਉਸ ਦੀ ਯਾਦ ਮੇਰੇ ਦਿਲ ਵਿੱਚ ਸਦਾ ਜਿਉਂਦੀ ਹੈ।
ਸ਼ਾਇਦ ਜਿਉਂਦੀ ਹੋਵੇ।
ਪਰ ਉਸ ਦੇ ਨਾ ਮਿਲਣ ਦਾ ਝੋਰਾ ਮੇਰੇ ਅੰਗ ਅੰਗ ਵਿੱਚ ਕਬਰ ਬਣਾਈ ਬੈਠਾ ਹੈ।
ਮੇਰੀ ਉਂਗਲ ’ਤੇ ਉਸ ਦਿਨ ਉਸ ਨੇ ਜੋ ਦੰਦੀ ਵੱਢੀ ਸੀ, ਉਸ ਨੂੰ ਤਾਂ ਮੈਂ ਮੂੰਹ ਨਾਲ ਚੂਸ ਕੇ ਥੁੱਕ ਦਿੱਤਾ ਸੀ, ਪਰ ਹੁਣ ਉਸ ਦਾ ਮੂੰਹ ਦੇਖਣ ਨੂੰ ਤਰਸੀਂਦਾ ਹੈ- ਇਸ ਪੀੜ ਨੂੰ ਕੌਣ ਚੂਸੇਗਾ?
ਸਾਡੇ ਪਿੰਡ, ਸਾਡੇ ਘਰ ਦੇ ਗਵਾਂਢ ਵਿੱਚ ਜੋ ਸ਼ਰਾਬ ਦਾ ਠੇਕਾ ਹੈ, ਚਾਹੁੰਦਾ ਹਾਂ ਕਿ ਮੈਂ ਉਸ ਨੂੰ ਤੋੜ ਦਿਆਂ ਤੇ ਉਹ ਮੁੜ ਕੇ ਇੱਕ ਘਰ ਬਣ ਜਾਵੇ-ਨਸੀਮ ਦਾ ਘਰ।♦

ਨਸੀਮ ਦਾ ਘਰ

43