ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/45

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਾਹਨੂੰ, ਉਸ ਕੋਲ ਪੈਸੇ ਹੀ ਨਹੀਂ ਸਨ ਬਚੇ। ਲਓ, ਅੱਜ ਫੇਰ ਸਿਆਪਾ ਪਾ ਕੇ ਬੈਠ ਜਾਵੇਗੀ। ਆਖੇਗੀ-ਅੱਗ ਲੱਗੇ ਥੋਡੀ ਘਰ ਬੱਥਰੀ ਨੂੰ। ਕੀ ਦੋ ਮੀਟਰ ਸਲਵਾਰ ਦਾ ਕੱਪੜਾ? ਮੈਂ ਵੀ ਘਰ ਦਾ ਜੀਅ ਆਂ। ਕੋਈ ਜਲਾਹੀ ਤੇਲਣ ਤਾਂ ਨੀ ਕਿਤੋਂ ਲਿਆਂਦੀ ਹੋਈ?

ਝਾੜੀ ਕੋਲੋਂ ਡਾਲਡੇ ਦਾ ਡੱਬਾ ਚੁੱਕ ਕੇ ਉਹ ਕੈਰੀਅਰ ਵਿੱਚ ਅੜੁੰਗਦਾ ਹੈ ਤੇ ਸਾਈਕਲ ਨੂੰ ਸੜਕ 'ਤੇ ਲੈ ਆਉਂਦਾ ਹੈ।

ਦਿਨ ਡੁੱਬ ਰਿਹਾ ਹੈ। ਕਾਂ, ਕਬੂਤਰ, ਤੋਤੇ, ਕਾਲ ਚਿੜੀਆਂ ਤੇ ਹੋਰ ਪਰਿੰਦੇ ਲਹਿੰਦੇ ਵੱਲ ਵਾਹੋ ਦਾਹੀ ਉੱਡੇ ਜਾ ਰਹੇ ਹਨ। ਸ਼ਾਇਦ ਸੂਰਜ ਨੂੰ ਰੋਕ ਕੇ ਕਹਿਣਾ ਚਾਹੁੰਦੇ ਹਨ-ਅਜੇ ਨਾ ਜਾਹ। ਉਹ ਤੇਜ਼ ਤੇਜ਼ ਸਾਈਕਲ ਚਲਾ ਰਿਹਾ ਹੈ। ਚਾਹੁੰਦਾ ਹੈ, ਛੇਤੀ ਹੀ ਘਰ ਪਹੁੰਚ ਜਾਵੇ। ਅਜੇ ਤਾਂ ਉਸ ਦਾ ਪਿੰਡ ਤਿੰਨ ਮੀਲ ਦੂਰ ਪਿਆ ਹੈ। ਕੋਈ ਗੱਲ ਨਹੀਂ, ਰੋਟੀ ਪੱਕਦੀ ਕਰਦੀ ਨੂੰ ਉਹ ਪਹੁੰਚ ਹੀ ਜਾਵੇਗਾ।

ਪਿੰਡ ਦੇ ਅੱਡੇ 'ਤੇ ਜਦੋਂ ਉਹ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਚਾਰ ਪੰਜ ਸਵਾਰੀਆਂ ਆਖ਼ਰੀ ਬੱਸ ਦੀ ਉਡੀਕ ਵਿੱਚ ਬੈਠੀਆਂ ਹਨ। ਉਨ੍ਹਾਂ ਤੋਂ ਥੋੜਾ ਹਟ ਕੇ ਤਿੰਨ ਬੰਦੇ ਸ਼ਰਾਬ ਪੀ ਰਹੇ ਹਨ। ਇੱਕ ਬੰਦਾ ਖੜਾ ਹੁੰਦਾ ਹੈ ਤੇ ਉੱਚੀ ਦੇ ਕੇ ਹਾਕ ਮਾਰਦਾ ਹੈ- 'ਬੰਤ, ਆ ਜਾ ਹੁਣ ਤਾਂ। ਫੇਰ ਨਾ ਆਖੀਂ।' ਪਰ ਬਲਵੰਤ ਨਾਂਹ ਵਿੱਚ ਬਾਂਹ ਖੜ੍ਹੀ ਕਰਦਾ ਹੈ ਤੇ ਛੇਤੀ ਛੇਤੀ ਪੈਡਲ ਮਾਰਦਾ ਹੈ। ਸ਼ਰਾਬੀ ਦੀ ਅਵਾਜ਼ ਉਸ ਦੇ ਇੱਕ ਕੰਨ ਵਿੱਚ ਪੈਂਦੀ ਹੈ ਤੇ ਜਿਵੇਂ ਦੂਜੇ ਕੰਨ ਰਾਹੀਂ ਬਾਹਰ ਨਿਕਲ ਜਾਂਦੀ ਹੈ।

ਘਰ ਪਹੁੰਚਦਾ ਹੈ। ਦਰਵਾਜ਼ੇ ਵਿੱਚ ਹਨੇਰਾ ਘੁੱਪ ਹੈ। ਸਾਈਕਲ ਦਾ ਖੜਾਕ ਹੁੰਦਾ ਹੈ। ਉਸ ਦਾ ਛੋਟਾ ਮੁੰਡਾ ਚੁੱਲ੍ਹੇ ਮੂਹਰੇ ਬੈਠਾ ਹੀ ਉੱਚੀ ਦੇ ਕੇ ਚਾਂਭੜ ਪਾਉਂਦਾ ਹੈ-"ਬਾਪੂ ਜੀ, ਆਹਾ, ਬਾਪੂ ਜੀ ਆ'ਗੇ।" ਚੁੱਲ੍ਹੇ ਮੂਹਰਿਓਂ ਉੱਠ ਕੇ ਉਹ ਵਿਹੜੇ ਵਿੱਚ ਭੱਜਦਾ ਹੈ ਤੇ ਦਰਵਾਜ਼ੇ ਵਿੱਚ ਆ ਕੇ ਬਲਵੰਤ ਦੀਆਂ ਲੱਤਾਂ ਨੂੰ ਚਿੰਬੜ ਜਾਂਦਾ ਹੈ। ਉਹ ਹੈਂਡਲ ਨਾਲੋਂ ਇੱਕ ਝੋਲਾ ਲਾਹੁੰਦਾ ਹੈ ਤੇ ਮੁੰਡੇ ਦੇ ਹੱਥ ਫੜਾ ਕੇ ਕਹਿੰਦਾ ਹੈ-"ਚੱਲ, ਲੈ ਚੱਲ ਬਈ, ਅੰਦਰ ਸਬ੍ਹਾਤ 'ਚ।" ਦੂਜਾ ਝੋਲਾ ਲਾਹ ਕੇ ਵੱਡੇ ਮੁੰਡੇ ਨੂੰ ਹਾਕ ਮਾਰਦਾ ਹੈ। ਵੱਡਾ ਮੁੰਡਾ ਬੋਲਦਾ ਨਹੀਂ। ਸ਼ਾਇਦ ਬਾਹਰ ਖੇਡਣ ਗਿਆ ਹੋਇਆ ਅਜੇ ਵਾਪਸ ਨਹੀਂ ਆਇਆ। ਕੁੜੀ ਆਉਂਦੀ ਹੈ ਤੇ ਝੋਲਾ ਫੜ ਕੇ ਲੈ ਜਾਂਦੀ ਹੈ। ਬਲਵੰਤ ਆਪ ਡਾਲਡੇ ਦਾ ਡੱਬਾ ਲਈਂ ਸਬ੍ਹਾਤ ਵਿੱਚ ਵੜਦਾ ਹੈ। ਵਿਹੜੇ ਵਿੱਚ ਦੀ ਲੰਘਦਾ ਉਹ, ਕਣੱਖਾ, ਰਸੋਈ ਵਿੱਚ ਝਾਕ ਆਇਆ ਹੈ-ਉਸ ਦੀ ਪਤਨੀ ਰੋਟੀ ਪਕਾ ਰਹੀ ਹੈ।

ਸਬਾਤ ਵਿਚੋਂ ਹੀ ਉਹ ਪਤਨੀ ਨੂੰ ਹਾਕ ਮਾਰਦਾ ਹੈ। ਉਹ ਬੋਲਦੀ ਨਹੀਂ। ਸ਼ਾਇਦ ਉਸ ਨੂੰ ਪਤਾ ਹੈ ਕਿ ਅੱਜ ਤਨਖ਼ਾਹ ਮਿਲੀ ਹੈ। ਜਿਸ ਦਿਨ ਤਨਖ਼ਾਹ ਮਿਲਦੀ ਹੈ, ਉਸ ਦਿਨ ਉਹ ਘਰ ਦਾ ਸਾਰਾ ਨਿੱਕ ਸੁੱਕ ਖਰੀਦਣ ਸ਼ਹਿਰ ਜ਼ਰੂਰ ਜਾਂਦਾ ਹੈ। ਸ਼ਹਿਰ ਜਾਂਦਾ ਹੈ ਤਾਂ ਹਨੇਰੇ ਹੋਏ ਘਰ ਮੁੜਦਾ ਹੈ। ਉਸ ਦਿਨ ਉਸ ਦੀ ਪਤਨੀ ਵਿਸ਼ੇਸ਼ ਚੁੱਪ ਧਾਰ ਲੈਂਦੀ ਹੈ। ਇਹ ਪਤਾ ਨਹੀਂ ਕਿਉਂ? ਮਹੀਨੇ ਦੀ ਹਰ ਪਹਿਲੀ ਤਰੀਕ ਨੂੰ ਏਵੇਂ ਜਿਵੇਂ ਹੁੰਦਾ ਹੈ।

ਸਬ੍ਹਾਤ ਵਿਚੋਂ ਚੱਲ ਕੇ ਉਹ ਰਸੋਈ ਵਿੱਚ ਆਉਂਦਾ ਹੈ ਤੇ ਆਪਣੀ ਪਤਨੀ ਨੂੰ ਕਹਿੰਦਾ ਹੈ-"ਔਹ ਝੋਲਿਆਂ 'ਚੋਂ ਕੱਢ ਕੇ ਲੱਲੜ ਪੱਲੜ ਜ੍ਹਾ ਸਾਂਭ ਦਿੰਦੀ, ਨਹੀਂ ਗੋਗੀ ਨੇ ਕਾਂ ਖਰੋਲੀ ਪਾ ਦੇਣੀ ਐ।"

ਤੰਗ ਮੂਹਰੀ ਦੀ ਸਲਵਾਰ

45