ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜਾ ਹੱਥੂਧਾਰ, ਉਦੋਂ,ਉਹੋ? ਤੇ ਸੌ ਮਾਸੀ ਤੋਂ ਅਜੇ ਤਾਂ ਪਿਛਲੇ ਮਹੀਨੇ ਈ ਲਿਆਂਦੈ। ਤੇਰੀ ਬਿਮਾਰੀ ’ਤੇ ਲੱਗਿਆ ਜਿਹੜਾ ਸੌ ਦਾ ਸੌ।"
ਉਹ ਰਸੋਈ ਵਿੱਚ ਹੋਰ ਫੁਲਕਾ ਲੈਣ ਚਲੀ ਗਈ ਹੈ।
ਬਲਵੰਤ ਸੋਚਦਾ ਹੈ ਕਿ ਸਾਰੀ ਦੀ ਸਾਰੀ ਤਨਖ਼ਾਹ ਲਿਆ ਕੇ ਘਰ ਫੜਾਉਣ ਵਾਲੀ ਗੱਲ ਤਾਂ ਠੀਕ ਹੈ। ਮਾਸਟਰ ਦੇਵੀ ਦਿਆਲ ਦੱਸਦਾ ਹੁੰਦਾ ਹੈ ਕਿ ਉਹ ਸਾਰੀ ਦੀ ਸਾਰੀ ਤਨਖ਼ਾਹ ਪੋਟਲੀ ਬੰਨ੍ਹ ਕੇ ਘਰ ਲਿਜਾਂਦਾ ਹੈ ਤੇ ਦੁਰਗਾ ਦੀ ਜੋਤ ਵਾਲੇ ਆਲੇ ਵਿੱਚ ਰੱਖ ਦਿੰਦਾ ਹੈ। ਦੂਜੇ ਦਿਨ ਉੱਥੋਂ ਫਿਰ ਉਸ ਦੀ ਘਰਵਾਲੀ ਪੋਟਲੀ ਨੂੰ ਚੁੱਕਦੀ ਹੈ ਤੇ ਆਪ ਹੀ ਸਾਰਾ ਲੈਣ ਦੇਣ ਕਰਦੀ ਹੈ। ਬਲਵੰਤ ਸੋਚਦਾ ਹੈ ਕਿ ਦੇਵੀਂ ਦਿਆਲ ਨੇ ਵੀ ਕਿਹੜੀਆਂ ਧਜਾਂ ਜੋੜ ਲਈਆਂ। ਉਹੀ ਨੰਗ ਦਾ ਨੰਗ।
ਇੱਕ ਫੁਲਕਾ ਉਸ ਦੀ ਪਤਨੀ ਲੈ ਕੇ ਆਉਂਦੀ ਹੈ ਤੇ ਬਲਵੰਤ ਦੀ ਥਾਲੀ ਵਿੱਚ ਰੱਖ ਦਿੰਦੀ ਹੈ। ਉਹ ਚੁੱਪ ਬੈਠੀ ਹੈ। ਬਲਵੰਤ ਰੋਟੀ ਖਾ ਰਿਹਾ ਹੈ। ਚੁੱਪ ਹੈ। ਜਦੋਂ ਉਹ ਰੋਟੀ ਖਾ ਚੁੱਕਦਾ ਹੈ ਤੇ ਹੱਥ ਧੋਂਦਾ ਹੈ ਤਾਂ ਪਤਨੀ ਗੱਲ ਛੇੜਦੀ ਹੈ"
"ਸੱਚੀਂ, ਚਾਲ੍ਹੀ ਬਚੇ ਨੇ?"
"ਹੋਰ, ਮੈਂ ਝੂਠ ਬੋਲਦਾ?"
"ਐਥੇ ਫੇਰ ਜੀਹਦੇ ਦੇਣੇ ਨੇ?"
"ਬੱਸ ਏਹੀ ਚਾਲ੍ਹੀ ਨੇ। ਦੇ ਦੇ ਜੀਹਨੂੰ ਦੇਣੇ ਨੇ।"
"ਦੱਸੋ ਵੀ ਫੇਰ, ਕਿੱਥੇ ਗਈ ਤਨਖ਼ਾਹ ਸਾਰੀ?"
"ਦੋ ਸੌ ‘ਭਾਰਤ ਕਲਾਥ ਹਾਊਸ’ ਵਾਲਿਆਂ ਨੂੰ, ਸੌ ਓਵਰਸੀਅਰ ਨੂੰ ਤੇ ਪੰਜਾਹ ਰੁਪਈਆਂ ਦਾ ਇਹ ਸੌਦਾ, ਬਾਕੀ, ਚਾਲੀ।"
ਆਪਣੀ ਸੱਜੀ ਗੱਲ਼ ਵਿੱਚ ਉਂਗਲ ਖੁਭੋਅ ਕੇ ਤੇ ਖੱਬੇ ਹੱਥ ਦੀ ਹਥੇਲੀ ਬਲਵੰਤ ਦੇ ਗੋਡੇ 'ਤੇ ਰੱਖ ਕੇ ਉਹ ਅੱਖਾਂ ਵਿੱਚ ਚਮਕ ਲਿਆਉਂਦੀ ਹੈ। ਆਸ ਭਰਪੂਰ ਚਮਕ! ਪੁੱਛਦੀ ਹੈ- "ਮੇਰੀ ਸਲਵਾਰ?"
ਬਲਵੰਤ ਬੁੱਲ੍ਹਾਂ 'ਤੇ ਖੁਸ਼ਕ ਮੁਸਕਾਨ ਲੈ ਆਉਂਦਾ ਹੈ। ਪਤਨੀ ਦੀਆਂ ਅੱਖਾਂ ਵਿਚਲੀ ਚਮਕ ਨਾਲ ਦੀ ਨਾਲ ਉਦਾਸੀ ਵਿੱਚ ਘੁਲ ਜਾਂਦੀ ਹੈ। ਬਲਵੰਤ ਦੇ ਗੋਡੇ ਉੱਤੋਂ ਉਹ ਆਪਣਾ ਹੱਥ ਪਰੇ ਹਟਾਉਂਦੀ ਹੈ ਤੇ ਹਉਕਾ ਲੈ ਕੇ ਖੜ੍ਹੀ ਹੋ ਜਾਂਦੀ ਹੈ। ਸਬ੍ਹਾਤ ਵਿਚੋਂ ਬਾਹਰ ਜਾਂਦੀ ਹੈ। ਬਲਵੰਤ ਦਾ ਹਉਕਾ ਸੰਘੋਂ ਥੱਲੇ ਹੀ ਭਸਮ ਹੋ ਜਾਂਦਾ ਹੈ।
ਬਲਵੰਤ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਹੈ। ਸਾਈਕਲ 'ਤੇ ਨਿੱਤ ਉਹ ਇੱਕ ਵੱਡੇ ਪਿੰਡ ਜਾਂਦਾ ਹੈ, ਪੰਜ ਮੀਲ ਦੂਰ। ਉੱਥੇ ਉਹ ਇੱਕ ਸਰਕਾਰੀ ਮੁਲਾਜ਼ਮ ਹੈ। ਵੱਡੇ ਪਿੰਡ ਤੋਂ ਅਗਾਂਹ ਸੱਤ ਮੀਲ ਸ਼ਹਿਰ ਹੈ। ਜਦ ਕਦੇ ਉਸ ਨੂੰ ਕਿਸੇ ਅਜਿਹੀ ਚੀਜ਼ ਵਸਤ ਦੀ ਲੋੜ ਹੁੰਦੀ ਹੈ, ਜਿਹੜੀ ਕਿ ਦੋਵੇਂ ਪਿੰਡਾਂ ਦੀਆਂ ਦੁਕਾਨਾਂ ਤੋਂ ਨਹੀਂ ਮਿਲਦੀ, ਉਹ ਸ਼ਹਿਰ ਜਾਂਦਾ ਹੈ। ਜਿਸ ਦਿਨ ਤਨਖ਼ਾਹ ਮਿਲਦੀ ਹੈ, ਉਸ ਦਿਨ ਤਾਂ ਉਹ ਜ਼ਰੂਰ ਹੀ ਸ਼ਹਿਰ ਜਾਂਦਾ ਹੈ। ਕਬੀਲਦਾਰੀ ਦਾ ਸਾਰਾ ਸੌਦਾ ਪੱਤਾ ਲੈ ਕੇ ਆਉਂਦਾ ਹੈ। ਆਪਣੇ ਜਵਾਕਾਂ ਦੀਆਂ ਤੇ ਪਤਨੀ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਉਨ੍ਹਾਂ ਦੇ ਚਾਅ ਪੂਰੇ ਕਰਦਾ ਹੈ।

48

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ